ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ ਚਲਾਉਣ ਦਾ ਤਜਰਬਾ ਨਹੀਂ : ਬਾਦਲ

Saturday, Jan 12, 2019 - 01:49 AM (IST)

ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ ਚਲਾਉਣ ਦਾ ਤਜਰਬਾ ਨਹੀਂ : ਬਾਦਲ

ਮੰਡੀ ਗੋਬਿੰਦਗੜ੍ਹ,(ਸੁਰੇਸ਼, ਜਗਦੇਵ)— ਲੋਕਾਂ ਨੂੰ ਭਰਮਾਉਣ ਲਈ ਚੋਣ ਮੈਨੀਫੈਸਟੋ 'ਚ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਵਾਲਿਆਂ 'ਤੇ ਮੁਕੰਮਲ ਰੂਪ 'ਚ ਲਾਗੂ ਕਰਵਾਉਣ ਲਈ ਐਕਟ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਵਾਲੀ ਪਾਰਟੀ ਦੇ ਆਗੂਆਂ 'ਤੇ ਕਾਨੂੰਨੀ ਕਾਰਵਾਈ ਹੋ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਥੇ ਦੇਵੀ ਦਿਆਲ ਪਰਾਸ਼ਰ ਦੇ ਗ੍ਰਹਿ ਵਿਖੇ ਪਹੁੰਚੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜਨਤਾ ਨਾਲ ਕਈ ਵਾਅਦੇ ਕੀਤੇ ਪਰ ਉਨ੍ਹਾਂ ਨੂੰ ਅਮਲ 'ਚ ਲਿਆਉਣ ਲਈ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸਰਕਾਰ ਚਲਾਉਣ ਦਾ ਤਜਰਬਾ ਹੀ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੀ ਜਨਤਾ ਨੂੰ ਕਈ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਤੇ ਅੱਜ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਇਨ੍ਹਾਂ ਸਹੂਲਤਾਂ ਨੂੰ ਬੰਦ ਕਰ ਦਿੱਤੇ ਜਾਣ ਕਾਰਨ ਪੰਜਾਬ ਨਿਵਾਸੀ ਅਕਾਲੀ ਸਰਕਾਰ ਨੂੰ ਹੀ ਯਾਦ ਕਰ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਕੇ ਜਾ ਰਹੇ ਟਕਸਾਲੀ ਅਕਾਲੀਆਂ ਦੇ ਸਬੰਧ 'ਚ ਬਾਦਲ ਨੇ ਕਿਹਾ ਕਿ ਪਾਰਟੀ ਲਈ ਕੋਈ ਵਿਅਕਤੀ ਅਹਿਮ ਨਹੀਂ ਹੁੰਦਾ ਤੇ ਇਹ ਲੋਕ ਪਸੰਦ ਕਰਦੇ ਹਨ ਕਿ ਕਿਸ ਪਾਰਟੀ ਨੂੰ ਤਰਜੀਹ ਦੇਣੀ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ 'ਤੇ ਵਰ੍ਹਦਿਆਂ ਕਿਹਾ ਕਿ ਜਦੋਂ ਤੱਕ ਕਿਸੇ ਮੁੱਖ ਮੰਤਰੀ ਦੀ ਰਾਜ ਪ੍ਰਤੀ ਕੋਈ ਦਿਲਚਸਪੀ ਨਹੀਂ ਹੁੰਦੀ, ਉਦੋਂ ਤੱਕ ਕੋਈ ਵੀ ਰਾਜ ਤਰੱਕੀ ਨਹੀਂ ਕਰ ਸਕਦਾ । ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨਿਵਾਸੀਆਂ ਨਾਲ ਬਹੁਤ ਗੱਲਾਂ ਕੀਤੀਆਂ ਤੇ ਉਨ੍ਹਾਂ ਵਿਚੋਂ ਕਿਹੜੀਆਂ-ਕਿਹੜੀਆਂ ਪੂਰੀਆਂ ਹੋਈਆਂ, ਸਭ ਦੇ ਸਾਹਮਣੇ ਹੀ ਹੈ। ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਦੀ ਸਰਕਾਰ ਵੇਲੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਤੇ ਹੁਣ ਸਰਕਾਰ ਨੂੰ ਕਿਉਂ ਘਾਟੇ ਪੈਣ ਲੱਗ ਪਏ। ਬਾਦਲ ਨੇ ਜਨਰਲ ਕੈਟਾਗਰੀ ਨੂੰ ਰਿਜ਼ਰਵੇਸ਼ਨ ਮਿਲਣ ਦਾ ਸਵਾਗਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਕੁਲਵਿੰਦਰ ਸਿੰਘ ਡੇਰਾ, ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ, ਡਾ. ਰਘੁਬੀਰ ਸ਼ੁਕਲਾ, ਜਥੇਦਾਰ ਜਰਨੈਲ ਸਿੰਘ ਮਾਜਰੀ, ਦੇਵੀ ਦਿਆਲ ਪ੍ਰਾਸ਼ਰ, ਲੱਖੀ ਔਜਲਾ, ਧਰਮਪਾਲ ਭੜੀ ਪੀ. ਏ. ਰਾਜੂ ਖੰਨਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


Related News