ਕੈਪਟਨ ਨੇ ਕਣਕ ਦੀ ਖਰੀਦ ਦੇ ਮਾਪਦੰਡਾਂ ''ਚ ਢਿੱਲ ਦਿੱਤੇ ਜਾਣ ਦੀ ਕੇਂਦਰ ਸਰਕਾਰ ਤੋਂ ਕੀਤੀ ਮੰਗ

04/22/2019 11:56:32 PM

ਚੰਡੀਗੜ੍ਹ,(ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਮੌਸਮੀ ਮੀਂਹ ਕਾਰਨ ਫਸਲ ਦੇ ਹੋਏ ਨੁਕਸਾਨ ਦੇ ਮੱਦੇਨਜ਼ਰ ਮੌਜੂਦਾ ਖਰੀਦ ਸੀਜ਼ਨ ਦੌਰਾਨ ਕਣਕ ਦੀ ਖਰੀਦ ਲਈ ਤੈਅ ਮਾਪਦੰਡਾਂ 'ਚ ਢਿੱਲ ਦਿੱਤੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਮੁੱਖ ਮੰਤਰੀ ਨੇ ਮੀਂਹ ਦੇ ਕਾਰਨ ਕਣਕ ਦੀ ਗੁਣਵੱਤਾ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਮਾਹਿਰਾਂ ਦੀ ਇੱਕ ਟੀਮ ਨੂੰ ਪੰਜਾਬ ਦੌਰੇ 'ਤੇ ਭੇਜਣ ਲਈ ਕੇਂਦਰੀ ਖਪਤਕਾਰ ਮਾਮਲੇ ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਨੂੰ ਨਿਰਦੇਸ਼ ਦੇਣ ਲਈ ਵੀ ਪ੍ਰਧਾਨ ਮੰਤਰੀ ਨੂੰ ਆਖਿਆ ਹੈ ਤਾਂ ਜੋ ਇਸ ਸਬੰਧ 'ਚ ਸੋਧੇ ਹੋਏ ਢੁੱਕਵੇਂ ਮਾਪਦੰਡ ਤਿਆਰ ਕੀਤੇ ਜਾ ਸਕਣ। ਮੁੱਖ ਮੰਤਰੀ ਨੇ ਕੀਮਤ 'ਚ ਬਿਨਾ ਕਿਸੇ ਕਟੌਤੀ ਤੋਂ ਖਰੀਦ ਮਾਪਦੰਡਾਂ 'ਚ ਢੁਕਵੀਂ ਢਿੱਲ ਦੇਣ ਲਈ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ। ਸੂਬੇ 'ਚ 16 ਅਪ੍ਰੈਲ ਤੋਂ 18 ਅਪ੍ਰੈਲ 2019 ਤੱਕ ਪਏ ਮੀਂਹ ਤੇ ਤੇਜ਼ ਹਵਾਵਾਂ ਕਾਰਨ ਫਸਲਾਂ ਦੇ ਹੋਏ ਭਾਰੀ ਨੁਕਸਾਨ ਕਾਰਨ ਕਿਸਾਨਾਂ ਨੂੰ ਮੀਂਹ ਤੇ ਤੇਜ਼ ਹਵਾਵਾਂ ਕਾਰਨ ਫਸਲਾਂ ਦੇ ਹੋਏ ਭਾਰੀ ਨੁਕਸਾਨ ਕਾਰਨ ਕਿਸਾਨਾਂ ਨੂੰ ਢਾਹ ਲੱਗੀ ਹੈ। ਇਹ ਕਿਸਾਨ ਪਹਿਲਾਂ ਹੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜਿਸ ਕਰਕੇ ਖਰੀਦ ਮਾਪਦੰਡਾਂ 'ਚ ਢਿੱਲ ਦਿੱਤੇ ਜਾਣ ਦੀ ਜ਼ਰੂਰਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੱਕਣ 'ਤੇ ਆਈ ਖੜ੍ਹੀ ਫਸਲ ਨੂੰ ਮੀਂਹ ਤੇ ਹਵਾਵਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਕਣਕ ਦੀ ਗੁਣਵੱਤਾ 'ਤੇ ਫਰਕ ਪਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਮੀਂਹ ਦੇ ਕਾਰਨ ਮਾਰਚ ਮਹੀਨੇ ਦੌਰਾਨ ਸੂਬੇ 'ਚ ਤਾਪਮਾਨ ਪਹਿਲਾਂ ਹੀ ਘੱਟ ਰਿਹਾ, ਜਿਸ ਕਾਰਨ ਕਣਕ ਦੀ ਕਟਾਈ 'ਚ ਦੇਰੀ ਹੋਈ। ਇਸ ਦੇ ਨਤੀਜੇ ਵਜੋਂ ਮੰਡੀਆਂ 'ਚ ਵੀ ਕਣਕ ਦੇਰੀ ਨਾਲ ਪਹੁੰਚਣੀ ਸ਼ੁਰੂ ਹੋਈ ਤੇ ਇਸ ਦੀ ਖਰੀਦ 11 ਅਪ੍ਰੈਲ ਤੋਂ ਸ਼ੁਰੂ ਹੋਈ। ਮੰਡੀਆਂ  'ਚ ਤਕਰੀਬਨ 3 ਲੱਖ ਮੀਟਰਕ ਟਨ ਕਣਕ ਪਹੁੰਚ ਚੁੱਕੀ ਹੈ, ਜੋ ਕਿ ਪਿਛਲੇ ਸਮੇਂ ਤੋਂ ਕਾਫੀ ਘੱਟ ਹੈ। ਮੁੱਖ ਮੰਤਰੀ ਨੇ ਅੱਗੇ ਲਿਖਿਆ ਹੈ ਕਿ ਆਉਂਦੇ ਦਿਨਾਂ 'ਚ ਮੰਡੀਆਂ 'ਚ ਕਣਕ ਦੀ ਆਮਦ ਵਧਣ ਦੀ ਸੰਭਾਵਨਾ ਹੈ ਪਰ ਸੂਬੇ ਦੀਆਂ ਮੰਡੀਆਂ 'ਚ ਆ ਰਹੀ ਕਣਕ ਦੀ ਗੁਣਵੱਤਾ ਐਫ. ਏ. ਕਿਊ. (ਫੇਅਰ ਐਵਰੇਜ਼ ਕੁਆਲਟੀ) ਦੇ ਮਾਪਦੰਡਾਂ ਦੇ ਅਨੁਕੂਲ ਨਹੀਂ ਹੈ। ਕਣਕ ਦੇ ਰੰਗ ਵਿੱਚ ਤਬਦੀਲੀ ਹੋਣ, ਦਾਣਾ ਟੁੱਟਣ ਅਤੇ ਨਮੀ ਦੀ ਸਮੱਸਿਆ ਹੈ। ਮੁੱਖ ਮੰਤਰੀ ਨੇ ਕਿਸਾਨੀ ਭਾਈਚਾਰੇ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਨਾਉਣ ਲਈ ਇਹ ਮੁੱਦਾ ਤੁਰੰਤ ਹੱਲ ਕਰਨ ਲਈ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ।


Related News