ਪੰਜਾਬ ਵਿਧਾਨ ਸਭਾ ਬਜਟ ਸੈਸ਼ਨ : ਸਦਨ 'ਚ ਗੂੰਜਿਆ ਚਿੱਟੇ ਦਾ ਮੁੱਦਾ

02/21/2020 3:27:41 PM

ਚੰਡੀਗੜ੍ਹ/ਜਲੰਧਰ (ਰਮਨਜੀਤ, ਧਵਨ) : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਸਿਫ਼ਰ ਕਾਲ ਦੌਰਾਨ ਸ਼ੋਰ-ਸ਼ਰਾਬੇ ਵਿਚਕਾਰ ਕਾਫ਼ੀ ਅਹਿਮ ਮਾਮਲੇ ਰੱਖੇ ਗਏ ਅਤੇ ਖਾਸ ਗੱਲ ਰਹੀ ਕਿ ਮੁੱਖ ਮੰਤਰੀ ਵਲੋਂ ਇਕ ਮਾਮਲੇ 'ਤੇ ਜਵਾਬ ਵੀ ਦਿੱਤਾ ਗਿਆ। ਸਿਫਰ ਕਾਲ ਦੌਰਾਨ ਪੂਰਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੈੱਲ 'ਚ ਪਹੁੰਚ ਕੇ ਨਾਅਰੇਬਾਜ਼ੀ ਕਰਦੇ ਰਹੇ। ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਸਿਫ਼ਰ ਕਾਲ ਦਾ ਐਲਾਨ ਕੀਤੇ ਜਾਣ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਨੇ ਅਕਾਲੀ ਦਲ ਵਲੋਂ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਦਿੱਤੇ ਗਏ ਮਤੇ ਨੂੰ ਸਪੀਕਰ ਵਲੋਂ ਆਗਿਆ ਨਾ ਦਿੱਤੇ ਜਾਣ 'ਤੇ ਨਾਰਾਜ਼ਗੀ ਜਤਾਈ। ਇਸ ਦੌਰਾਨ ਸਪੀਕਰ ਵਲੋਂ 'ਆਪ' ਵਿਧਾਇਕ ਅਮਨ ਅਰੋੜਾ ਨੂੰ ਬੋਲਣ ਦਾ ਸਮਾਂ ਦੇ ਦਿੱਤਾ ਗਿਆ, ਜਿਸ 'ਤੇ ਅਕਾਲੀ ਦਲ ਦੇ ਵਿਧਾਇਕ ਹੋਰ ਭੜਕ ਗਏ ਅਤੇ ਨਾਅਰੇਬਾਜ਼ੀ ਕਰਦੇ ਹੋਏ ਸਪੀਕਰ ਦੇ ਆਸਣ ਦੇ ਠੀਕ ਸਾਹਮਣੇ ਵੈੱਲ 'ਚ ਪਹੁੰਚ ਗਏ ਅਤੇ ਉਥੇ ਲਗਾਤਾਰ ਨਾਅਰੇਬਾਜ਼ੀ ਕਰਦੇ ਰਹੇ।

ਚਿੱਟੇ ਦਾ ਮਾਮਲਾ ਜੋਰ-ਸ਼ੋਰ ਨਾਲ ਗੂੰਜਿਆ
ਇਸ ਦੌਰਾਨ ਵਿਧਾਨ ਸਭਾ 'ਚ ਚਿੱਟੇ ਦਾ ਮਾਮਲਾ ਵੀ ਜੋਰ-ਸ਼ੋਰ ਨਾਲ ਗੂੰਜਿਆ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਨਸ਼ਿਆਂ ਖਿਲਾਫ਼ ਕੰਮ ਕਰ ਰਹੀ ਐੱਸ. ਟੀ. ਐੱਫ. ਦੇ ਚੀਫ਼ ਹਰਪ੍ਰੀਤ ਸਿੰਘ ਸਿੱਧੂ ਦੇ ਅਹਿਸਾਨਮੰਦ ਹਨ ਕਿ ਅੰਮ੍ਰਿਤਸਰ 'ਚ ਨਸ਼ਾ ਫੈਕਟਰੀ ਨੂੰ ਫੜਿਆ ਗਿਆ। ਜ਼ੀਰਾ ਨੇ ਕਿਹਾ ਕਿ ਵੱਡੀ ਹੈਰੋਇਨ ਦੀ ਖੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਅਕਾਲੀ ਨੇਤਾ ਅਨਵਰ ਮਸੀਹ ਦੇ ਸਬੰਧ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨਾਲ ਸਨ। ਉਨ੍ਹਾਂ ਇਨ੍ਹਾਂ ਦੋਵਾਂ ਦੀਆਂ ਕੁੱਝ ਫੋਟੋਆਂ ਵੀ ਸਦਨ 'ਚ ਲਹਿਰਾਈਆਂ, ਜਿਸ ਤੋਂ ਬਾਅਦ ਉਨ੍ਹਾਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਉਹ ਸਦਨ ਨੂੰ ਦੱਸਣ ਕਿ ਕੀ ਉਹ ਉਕਤ ਨਸ਼ਾ ਸਮੱਗਲਰ ਅਤੇ ਰਾਜਨੇਤਾਵਾਂ, ਖਾਸਕਰ ਮਜੀਠੀਆ ਨਾਲ ਸਬੰਧਾਂ ਦੀ ਜਾਂਚ ਕਰਵਾਉਣਗੇ? ਨਾਅਰੇਬਾਜ਼ੀ ਦੇ ਰੌਲੇ ਕਾਰਣ ਮੁੱਖ ਮੰਤਰੀ ਉਨ੍ਹਾਂ ਦੀ ਇਹ ਗੱਲ ਸੁਣ ਨਹੀਂ ਸਕੇ, ਜਿਸ ਤੋਂ ਬਾਅਦ ਉਨ੍ਹਾਂ ਦੇ ਪਿੱਛੇ ਬੈਠੇ ਇਕ ਮੰਤਰੀ ਨੇ ਸੀ. ਐੱਮ. ਦਾ ਧਿਆਨ ਜ਼ੀਰਾ ਦੀ ਗੱਲ ਵੱਲ ਦਿਵਾਇਆ। ਇੰਨੀ ਹੀ ਦੇਰ 'ਚ ਸਪੀਕਰ ਵਲੋਂ ਸਮਾਂ ਦੇਣ 'ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਬੋਲਣ ਲਈ ਖੜ੍ਹੇ ਹੋਏ ਅਤੇ ਉਨ੍ਹਾਂ ਨੇ ਵੀ ਇਸ ਮਾਮਲੇ ਦਾ ਹਵਾਲਾ ਦਿੰਦਿਆਂ ਪੁੱਛਿਆ ਕਿ ਕੀ ਮੁੱਖ ਮੰਤਰੀ ਇਸ ਦਾ ਜਵਾਬ ਦੇਣਗੇ ਜਾਂ ਨਹੀਂ। ਉਧਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਇਸ ਮਾਮਲੇ 'ਤੇ ਸਦਨ 'ਚ ਜਵਾਬ ਦਿੰਦਿਆਂ ਕਿਹਾ ਕਿ ਨਸ਼ੇ ਨਾਲ ਜੁੜਿਆ ਹਰ ਮਾਮਲਾ ਗੰਭੀਰ ਹੈ ਅਤੇ ਸਰਕਾਰ ਇਸ ਦੀ ਜਾਂਚ ਜ਼ਰੂਰ ਕਰਵਾਏਗੀ। ਉਨ੍ਹਾਂ ਕਿਹਾ ਕਿ ਮਸੀਹ ਨਾਲ ਸੰਪਰਕ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੌਰਾਨ ਅਕਾਲੀ ਵਿਧਾਇਕਾਂ ਨੇ ਵੀ ਅਨਵਰ ਮਸੀਹ ਨਾਲ ਕਾਂਗਰਸੀ ਵਿਧਾਇਕਾਂ ਦੀਆਂ ਫੋਟੋਆਂ ਦਿਖਾਈਆਂ।


Anuradha

Content Editor

Related News