ਸ਼ਹਿਰ ਦੀ ਖਸਤਾ ਹਾਲਤ ਕਾਰਨ 3 ਅਗਸਤ ਨੂੰ ਅਣਮਿੱਥੇ ਸਮੇਂ ਲਈ ਕੀਤਾ ਜਾਵੇਗਾ ਚੱਕਾ ਜਾਮ
Thursday, Aug 02, 2018 - 11:59 AM (IST)

ਬੁਢਲਾਡਾ (ਬਾਂਸਲ)— ਸ਼ਹਿਰ ਦੀਆਂ ਸੜਕਾਂ ਦੀ ਮਾੜੀ ਹਾਲਤ, ਸੀਵਰੇਜ਼ ਦੀ ਵਿਵਸਥਾ ਆਦਿ ਸਮੱਸਿਆਵਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਅੱਕ ਚੁੱਕੇ ਲੋਕਾਂ ਦੇ ਸਬਰ ਦਾ ਬੰਨ੍ਹ ਅੱਜ ਟੁੱਟ ਚੁੱਕਾ ਹੈ। ਸ਼ਹਿਰ ਵਾਸੀ ਅਤੇ ਵੱਖ-ਵੱਖ ਸੰਸਥਾਵਾਂ ਸ਼ਹਿਰ ਦੀ ਬਦਤਰ ਹੋ ਚੁੱਕੀ ਹਾਲਤ ਦੇ ਸੁਧਾਰ ਲਈ ਇਕ ਮੰਚ ਨਗਰ ਸੁਧਾਰ ਸਭਾ ਹੇਠਾਂ ਇੱਕਠੇ ਹੋ ਚੁੱਕੇ ਹਨ। ਇਸ ਮੀਟਿੰਗ ਦਾ ਆਯੋਜਨ ਸਥਾਨਕ ਰਾਮਲੀਲਾ ਗਰਾਊਂਡ ਵਿਖੇ ਕੀਤਾ ਗਿਆ ਅਤੇ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਸ਼ਹਿਰ ਵਾਸੀਆਂ ਵਲੋਂ 3 ਅਗਸਤ ਦਿਨ ਸ਼ੁੱਕਰਵਾਰ ਨੂੰ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਕੇ ਧਰਨਾ ਲਾਇਆ ਜਾਵੇਗਾ। ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਫੀ ਸਮੇਂ ਤੋਂ ਸੜਕਾਂ ਅਤੇ ਸੀਵਰੇਜ਼ ਦੀ ਵਿਵਸਥਾ ਕਾਰਨ ਸ਼ਹਿਰ ਬਹੁਤ ਮਾੜੀ ਹਾਲਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿਚ ਸ਼ਹਿਰ ਦਾ ਹਰ ਹਿੱਸਾ ਨਹਿਰ ਦਾ ਰੂਪ ਧਾਰਨ ਕਰ ਲੈਂਦਾ ਹੈ। ਸ਼ਹਿਰ ਦੀ ਹਰ ਹਲਕੇ ਅਤੇ ਸੂਬੇ ਵਿਚ ਬਦਨਾਮੀ ਹੋ ਰਹੀ ਹੈ। ਸ਼ਹਿਰ ਅੰਦਰ ਕੋਈ ਵੀ ਬਾਹਰਲਾ ਵਿਅਕਤੀ ਆ ਕੇ ਖੁਸ਼ ਨਹੀਂ ਹੈ। ਆਏ ਦਿਨ ਬਿਮਾਰੀਆਂ ਦੀ ਭਰਮਾਰ ਹੋ ਰਹੀ ਹੈ। ਲੋਕਾਂ ਦਾ ਜਿਊਣਾ ਦੁੱਬਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਮੀਟਿੰਗ ਦੌਰਾਨ ਇਹ ਵੀ ਸ਼ਰਤ ਰੱਖੀ ਗਈ ਕਿ ਜਦੋਂ ਤੱਕ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪੀ. ਡਬਲਯੂ. ਡੀ. ਮੰਤਰੀ ਵਿਜੈਇੰਦਰ ਸਿੰਗਲਾ ਨਹੀਂ ਆਉਣਗੇ ਚੱਕਾ ਜਾਮ ਅਤੇ ਧਰਨਾ ਨਹੀਂ ਚੱਕਿਆ ਜਾਵੇਗਾ। ਇਸ ਮੌਕੇ ਰਾਕੇਸ਼ ਜੈਨ, ਰਾਕੇਸ਼ ਗੋਇਲ, ਹਰਦੇਵ ਕਮਲ ਆਦਿ ਹਾਜ਼ਰ ਸਨ।