ਪਿੰਡ ਆਲਮਪੁਰ ਮੰਦਰਾਂ ਦੇ ਸਰਕਾਰੀ ਸਕੂਲ ਵਿਖੇ ਕਰਵਾਇਆ ਗਿਆ ਸੈਮੀਨਾਰ

10/20/2019 5:55:52 PM

ਬੋਹਾ (ਮਨਜੀਤ) - ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਅਤੇ ਐੱਸ.ਐੱਮ.ਓ ਬੁਢਲਾਡਾ ਡਾ.ਹਰਦੀਪ ਸ਼ਰਮਾ ਦੀ ਅਗਵਾਈ 'ਚ ਪਿੰਡ ਆਲਮਪੁਰ ਮੰਦਰਾਂ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ। ਪਿੰਡ ਦੀ ਸਮਾਜਸੇਵੀ ਸੰਸਥਾ ਬੇਗਮਪੁਰਾ ਵੈਲਫੇਅਰ ਸੁਸਾਇਟੀ (ਰਜਿ:) ਦੇ ਸਹਿਯੋਗ ਨਾਲ ਇਹ ਸੈਮੀਨਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਜ਼ਿਲਾ ਮਾਨਸਾ ਦੀ ਟੀਮ ਵਲੋਂ ਸਮਾਜਿਕ ਬੁਰਾਈਆਂ ਤੇ ਮੌਸਮੀ ਬਿਮਾਰੀ ਦੇ ਸਬੰਧੀ ਸਿਹਤ ਜਾਗਰੂਕਤਾ ਲਈ ਲਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਸੁਸਾਇਟੀ ਦੇ ਪ੍ਰਧਾਨ ਅਤੇ ਕੁਆਡੀਨੇਟਰ ਤਰਸੇਮ ਸਿੰਘ ਜਨਾਗਲ ਦੇ ਸ਼ਵਾਗਤੀ ਸ਼ਬਦਾਂ ਨਾਲ ਹੋਈ।ਇਸ ਮੌਕੇ ਪਹੁੰਚੇ ਡਾ.ਰਾਮ ਕਮਾਰ ਸ਼ਰਮਾ ਆਰ.ਬੀ.ਐੱਸ.ਕੇ. ਬੁਢਲਾਡਾ ਨੇ ਵਿਦਿਆਰਥੀਆਂ ਨੂੰ ਅਨੀਮੀਆ (ਖੁਨ ਦੀ ਘਾਟ) ਕਾਰਨ, ਲੱਛਣ ਅਤੇ ਉਸਦੇ ਬਚਾਅ ਲਈ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਕਿਹਾ ਕਿ ਚੰਗੀ ਸਿਹਤ ਵਾਲਾ ਵਿਦਿਆਰਥੀ ਹਰ ਕਾਰਜ 'ਚ ਅੱਗੇ ਵਧਦਾ ਹੈ। ਬਾਜ਼ਾਰੂ ਵਸਤਾਂ, ਕੁਰਕੁਰੇ ਅਤੇ ਜੰਕਫੂਡ ਸਿਹਤ ਦੇ ਦੁਸ਼ਮਣ ਹਨ। ਮੌਸਮੀ ਸਬਜ਼ੀਆਂ, ਹਰੀਆ ਅਤੇ ਪੱਤੇਦਾਰ ਸਬਜ਼ੀਆਂ, ਫਲ, ਦੁੱਧ, ਦਹੀਂ, ਲੱਸੀ ਅਤੇ ਸ਼ਾਕਾਹਾਰੀ ਪੌਸ਼ਟਿਕ ਖੁਰਾਕ ਸਿਹਤ ਲਈ ਫਾਇਦੇਮੰਦ ਹਨ। ਸਿਹਤ ਸੁਪਰਵਾਈਜ਼ਰ ਭੋਲਾ ਸਿੰਘ ਵਿਰਕ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਮਾਨਸਿਕ ਤਣਾਅ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਾਂ ਕਰਨ ਵਾਲੇ ਲੋਕ ਮਾਨਸਿਕ ਰੋਗੀ ਹੁੰਦੇ ਹਨ। ਕਾਲੇ ਪੀਲੀਏ ਤੋਂ ਬਚਣ ਲਈ ਬਹੁਤ ਸਾਰੀਆਂ ਸਾਵਧਾਨੀਆਂ ਵਰਤਨ ਦੀ ਲੋੜ ਹੈ। ਕਾਲੇ ਪੀਲੀਏ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਮੁਫਤ ਹੁੰਦਾ ਹੈ। ਦਰਸ਼ਨ ਸਿੰਘ ਭੰਮੇ ਏ.ਐੱੈਮ.ਓ.ਮਾਨਸਾ ਨੇ ਵਿਦਿਆਰਥੀਆਂ ਨੂੰ ਡੇਗੂੰ, ਮਲੇਰੀਆ, ਪ੍ਰਦੂਸ਼ਣ ਦੇ ਨੁਕਸਾਨ ਅਤੇ ਪਾਣੀ ਦੀ ਬੱਚਤ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ 3 ਸੈਂਟਰਾਂ ਖਿਆਲਾ, ਸਰਦੂਲਗੜ੍ਹ ਅਤੇ ਬੁਢਲਾਡਾ 'ਚ 246 ਮਲੇਰੀਆ ਦੇ ਪੀੜਤ ਮਰੀਜ਼ ਪਾਏ ਗਏ ਹਨ, ਜਿੰਨਾਂ ਦਾ ਇਲਾਜ ਚੱਲ ਰਿਹਾ ਹੈ। 

ਸੈਮੀਨਾਰ ਦਾ ਮੰਚ ਸੰਚਾਲਨ ਲਾਲ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਜਿਥੇ ਕੁਆਡੀਨੇਟਰ ਕਮ ਪ੍ਰਧਾਨ ਤਰਸੇਮ ਸਿੰਘ ਜਨਾਗਲ ਦਾ ਸਨਮਾਨ ਕੀਤਾ, ਉੱਥੇ ਹੀ ਸਕੂਲ ਸਟਾਫ ਨੇ ਸਿਹਤ ਵਿਭਾਗ ਦਾ ਵੀ ਸਨਮਾਨ ਕੀਤਾ। ਇਸ ਮੌਕੇ ਪ੍ਰਿੰਸੀਪਲ ਨਿਰਮਲ ਕੌਰ, ਸਿਨੀਅਰ ਅਧਿਆਪਕ ਪਰਮਜੀਤ ਸਿੰਘ, ਮਾ.ਗੁਰਦੀਪ ਸਿੰਘ, ਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਮੈਡਮ ਰਜਿੰਦਰ ਕੌਰ, ਸੰਦੀਪ ਕੌਰ, ਪੂਜਾ ਕੌਰ, ਮਾ.ਜਸਵਿੰਦਰ ਸਿੰਘ, ਜਗਸੀਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਅਤੇ ਵਿਦਿਆਰਥੀ ਹਾਜ਼ਰ ਸਨ।


rajwinder kaur

Content Editor

Related News