ਨੀਲੇ ਕਾਰਡ ਰੱਦ ਕਰਨ ਖਿਲਾਫ ''ਆਪ'' ਦੀ ਅਗਵਾਈ ''ਚ ਲੋਕਾਂ ਵਲੋਂ ਪ੍ਰਦਰਸ਼ਨ

06/02/2020 12:28:23 PM

ਭਵਾਨੀਗੜ੍ਹ (ਵਿਕਾਸ, ਸੰਜੀਵ): ਬਲਾਕ 'ਚ ਸੈਂਕੜੇ ਲੋੜਵੰਦ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਜਾਣ ਦੇ ਵਿਰੋਧ 'ਚ ਅੱਜ ਆਮ ਆਦਮੀ ਪਾਰਟੀ ਵਲੋਂ ਸੂਬਾ ਆਗੂ ਦਿਨੇਸ਼ ਬਾਂਸਲ ਦੀ ਅਗਵਾਈ ਹੇਠ ਸਥਾਨਕ ਫੂਡ ਸਪਾਲਾਈ ਦਫਤਰ ਵਿਖੇ ਗਰੀਬ ਲੋਕਾਂ ਦੇ ਹੱਕ 'ਚ ਧਰਨਾ ਦਿੱਤਾ ਗਿਆ। ਇਸ ਮੌਕੇ ਹਾਜ਼ਰ ਆਪ
ਆਗੂਆਂ ਸਮੇਤ ਵੱਡੀ ਗਿਣਤੀ 'ਚ ਪਿੰਡਾਂ ਦੇ ਲੋਕਾਂ ਨੇ ਰਾਸ਼ਨ ਕਾਰਡ ਰੱਦ ਕਰਨ 'ਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਇਸ ਮੌਕੇ ਤਿੰਨ ਨੀਲੇ ਕਾਰਡ ਧਾਰਕਾਂ ਵੱਲੋਂ ਅਗਲੇ 24 ਘੰਟਿਆਂ ਲਈ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ ਕੀਤਾ। 'ਆਪ' ਆਗੂ ਦਿਨੇਸ਼ ਬਾਂਸਲ ਨੇ ਦੋਸ਼ ਲਗਾਇਆ ਕਿ ਰਾਜਨੀਤਿਕ ਵਿਤਕਰੇਬਾਜ਼ੀ ਦੇ ਚੱਲਦਿਆਂ ਬਲਾਕ ਭਵਾਨੀਗੜ੍ਹ 'ਚ 150 ਤੋਂ ਵੱਧ ਲੋੜਵੰਦ ਲੋਕਾਂ ਦੇ ਨੀਲੇ ਕਾਰਡ ਸਰਕਾਰ ਵਲੋਂ ਰੱਦ ਕਰ ਦਿੱਤੇ ਗਏ, ਜਿਸ ਸਬੰਧੀ ਉਹ ਦੋ ਮਹੀਨੇ ਪਹਿਲਾਂ ਵੀ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੇ ਸਨ ਪਰੰਤੂ ਕੋਈ ਵੀ ਸੁਣਵਾਈ ਨਹੀਂ ਹੋਈ ਤੇ ਅੱਜ ਮਜਬੂਰੀਵਸ਼ ਲੋਕਾਂ ਨੂੰ ਪ੍ਰਦਰਸ਼ਨ ਕਰਨਾ ਪਿਆ।

ਬਾਂਸਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ ਸੂਬੇ ਦੇ ਗਰੀਬ ਵਰਗ ਨੂੰ ਕੋਈ ਵਿਸ਼ੇਸ ਰਾਹਤ ਤਾਂ ਕੀ ਦੇਣੀ ਸੀ ਬਲਕਿ ਪਹਿਲਾ ਤੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਵੀ ਖੋਹ ਕੇ ਗਰੀਬ ਵਿਰੋਧੀ ਹੋਣ ਦਾ ਸਬੂਤ ਦਿੱਤਾ। ਅੱਜ ਸੈੱਕੜੇ ਪਰਿਵਾਰ ਸਰਕਾਰ ਦੀ ਇਸ ਵਿਤਕਰੇਬਾਜੀ ਦਾ ਸ਼ਿਕਾਰ ਹੋ ਕੇ ਅਪਣੇ ਹੱਕਾਂ ਦੀ ਪੂਰਤੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਦੂਰ ਹੋ ਰਹੇ ਹਨ। ਆਗੂ ਨੇ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਕੇੰਦਰ ਵੱਲੋਂ ਭੇਜੇ ਜਾ ਰਹੇ ਰਾਸ਼ਨ ਦਾ ਹੱਕਦਾਰ ਹਰੇਕ ਕਾਰਡ ਧਾਰਕ ਹੈ ਪਰੰਤੂ ਹੇਠਲੇ ਪੱਧਰ 'ਤੇ ਘਟੀਆ ਰਾਜਨੀਤੀ ਦਾ ਸਬੂਤ ਦੇ ਕੇ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਸੈੱਕੜੇ ਲੋਕਾਂ ਦੇ ਨਾਮ ਲਿਸਟਾਂ 'ਚੋਂ ਕੱਟਵਾ ਦਿੱਤੇ। ਬਾਂਸਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਨੀਲੇ ਕਾਰਡ ਧਾਰਕਾਂ ਦੇ ਨਾਂ ਦੁਬਾਰਾ ਲਿਸਟਾਂ 'ਚ ਸ਼ਾਮਲ ਨਾ ਕੀਤੇ ਤਾਂ ਪਾਰਟੀ ਵੱਲੋਂ ਇਸ ਤੋਂ ਵੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਭੁੱਖ ਹੜਤਾਲ 'ਤੇ ਬੈਠਣ ਵਾਲੇ ਗੁਰਪ੍ਰੀਤ ਸਿੰਘ ਬਲਿਆਲ, ਗੁਲਾਬ ਖਾਨ ਫੱਗੂਵਾਲਾ, ਬਲਕਾਰ ਸਿੰਘ ਬਲਿਆਲ ਤੋਂ ਇਲਾਵਾ ਹਰਭਜਨ ਸਿੰਘ ਹੈਪੀ, ਰਜਿੰਦਰ ਗੋਗੀ, ਹਰਮਨ ਸਿੰਘ, ਕਰਨੈਲ ਬੀੰਬੜ, ਹਰਮੇਲ ਸਿੰਘ ਬਟੜਿਆਨਾ, ਰਣਜੀਤ ਸਿੰਘ ਜੌਲੀਆ, ਬਲਜਿੰਦਰ ਬਾਲਦ, ਭੁਪਿੰਦਰ ਆਲੋਅਰਖ, ਗੁਰਪ੍ਰੀਤ ਆਲੋਅਰਖ, ਕੁਲਵੰਤ ਸਿੰਘ ਬਖੋਪੀਰ ਆਦਿ ਹਾਜ਼ਰ ਸਨ।


Shyna

Content Editor

Related News