ਬੀਜੇਪੀ ਨਾਲੋਂ ਨਾਤਾ ਤੋੜਣਾ ਸਮੇਂ ਨਜਾਕਤ ਨਾਲ ਅਕਾਲੀ ਦਲ ਦੀ ਚਾਲ: ਸੰਧੂ,ਜੈਮਲਵਾਲਾ
Sunday, Sep 27, 2020 - 06:05 PM (IST)

ਜਲਾਲਾਬਾਦ (ਸੇਤੀਆ,ਸੁਮਿਤ): ਕੇਂਦਰੀ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਸੂਬੇ 'ਚ ਲਗਾਤਾਰ ਵਿਰੋਧ ਦਾ ਅਸਰ ਝੱਲ ਰਹੀ ਅਕਾਲੀ ਦਲ ਦਾ ਬੀਜੇਪੀ ਨਾਲੋਂ ਨਾਤਾ ਤੋੜਣਾ ਸਿਰਫ ਇਕ ਸਮੇਂ ਨਜਾਕਤ ਨਾਲ ਅਕਾਲੀ ਦਲ ਵਲੋਂ ਖੇਡੀ ਗਈ ਚਾਲ ਹੈ ਅਤੇ ਕੁੱਝ ਮਹੀਨਿਆਂ ਬਾਅਦ ਇਹੀ ਪਾਰਟੀਆਂ ਇਕੱਠੀਆਂ ਹੋ ਜਾਣਗੀਆਂ।
ਇਹ ਵਿਚਾਰ ਜੱਟ ਮਹਾਂ ਸਭਾ ਦੇ ਆਗੂ ਗੁਰਪਾਲ ਸੰਧੂ ਤੇ ਕਾਂਗਰਸੀ ਆਗੂ ਰਘੁਬੀਰ ਸਿੰਘ ਜੈਮਲਵਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਨ੍ਹਾਂ ਕਿਹਾ ਕਿ ਜਦੋਂ ਇਹ ਬਿੱਲ ਕੈਬਿਨੇਟ 'ਚ ਲਿਆਂਦਾ ਗਿਆ ਤਾਂ ਉਦੋਂ ਕੈਬਿਨੇਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਇਸ ਬਿੱਲ ਨੂੰ ਕਿਸਾਨ ਪੱਖੀ ਦੱਸ ਰਹੀ ਸੀ ਅਤੇ ਮੀਡੀਆ 'ਚ ਵੀ ਮੋਦੀ ਸਰਕਾਰ ਦੇ ਫੈਸਲੇ ਦੇ ਕਸੀਦੇ ਕੱਢੇ ਪਰ ਹੁਣ ਜਦ ਚਹੂੰ ਪਾਸੇ ਕਿਸਾਨਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦਾ ਬਿੱਲ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਡਰਦੇ ਮਾਰੇ ਬਾਦਲ ਪਰਿਵਾਰ ਨੂੰ ਮਜਬੂਰੀ 'ਚ ਬੈਕਫੁੱਟ ਤੇ ਆਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਦਾ ਕੈਬਿਨੇਟ ਮੰਤਰੀ ਅਹੁੱਦੇ ਤੋਂ ਅਸਤੀਫਾ ਦੇਣਾ ਮਹਿਜ ਇਕ ਡਰਾਮੇਬਾਜੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਨਾਤਾ ਤੋੜਣਾ ਇਕ ਸਮੇਂ ਨਜਾਕਤ ਨਾਲ ਲਿਆ ਗਿਆ ਫੈਸਲਾ ਹੈ ਕਿ ਜੋ ਕਿਸਾਨ ਹਿੱਤਾਂ ਲਈ ਨਹੀਂ ਬਲਕਿ ਕਿਸਾਨਾਂ ਨੂੰ ਗੂੰਮਰਾਹ ਕਰਨ ਦੀ ਚਾਲ ਹੈ ਜਦਕਿ ਸੂਬੇ ਦੇ ਕਿਸਾਨਾਂ ਦੇ ਦਿਲਾਂ 'ਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਿਆਸੀ ਜ਼ਮੀਨ ਖੋਹ ਚੁੱਕਿਆ ਹੈ।