ਜਨਮ ਦਿਨ ''ਤੇ ਵਿਸ਼ੇਸ਼: ਲੋਕ ਲਹਿਰ ਦਾ ਮਘਦਾ ਸੂਰਜ ਸੰਤ ਰਾਮ ਉਦਾਸੀ

04/20/2021 11:52:24 AM

ਗ਼ਰੀਬ ਦਲਿਤ ਪਰਿਵਾਰ 'ਚ ਜਨਮਿਆ ਸੰਤ ਰਾਮ ਉਦਾਸੀ ਕਿਰਤੀਆਂ ਦੀ ਤ੍ਰਾਸਦੀ ਨੂੰ ਅੱਖਰਾਂ 'ਚ ਪਰੋਣ ਵਾਲਾ ਲੋਕ ਲਹਿਰ ਦਾ ਮਘਦਾ ਸੂਰਜ ਬਣ ਬਾਅਦ ਦੁਪਹਿਰ ਹੀ ਅਸਤ ਹੋ ਗਿਆ ਸੀ।ਅੱਤ ਦੀ ਗ਼ਰੀਬੀ ਦੇ ਬਾਵਜੂਦ ਵੀ ਅੱਖਰੀ ਗਿਆਨ ਹਾਸਲ ਕਰਨ ਦੇ ਤਹੱਈਏ ਨੂੰ ਪੁਗਾਉਣ ਵਾਲਾ ਇਹ ਸ਼ਾਇਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ 'ਚ ਬਚਪਨਾ ਗੁਜ਼ਾਰ, ਪੰਜਾਬ ,ਦੇਸ਼-ਵਿਦੇਸ਼ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਪਰਖਣ ਲੱਗਾ। ਜਾਤ-ਪਾਤ ਅਤੇ ਸਮਾਜਿਕ -ਆਰਥਿਕ ਮਸਲਿਆਂ ਦੀਆਂ ਪੇਚੀਦਗੀਆਂ ਨੂੰ ਉਸਨੇ ਅੰਤਲੇ ਸਾਹਾਂ ਤੀਕਰ ਆਪਣੇ ਪਿੰਡੇ 'ਤੇ ਹੰਢਾਇਆ। ਸੰਤ ਰਾਮ ਉਦਾਸੀ ਨੇ ਮਾਰਕਸ, ਏਂਗਲਜ਼, ਲੈਨਿਨ, ਗੋਰਕੀ, ਲੂਸ਼ਨ, ਜੂਲੀਅਸ ਫਿਊਚਕ, ਸੋਲੋਖੋਵ, ਤੁਰਗਨੇਵ ਅਤੇ ਤਾਲਸਤਾਏ ਆਦਿ ਮਾਰਕਸਵਾਦੀ ਲੇਖਕਾਂ ਦੀਆਂ ਰਚਨਾਵਾਂ ਨੂੰ ਵਿਗਿਆਨਕ ਨਜ਼ਰੀਏ ਤੋਂ ਘੋਖਿਆ।

1967 ਨੂੰ ਪੱਛਮੀ ਬੰਗਾਲ ਦੇ ਇੱਕ ਪਿੰਡ 'ਚ ਕਿਸਾਨਾਂ ਨੇ ਜ਼ਿਮੀਂਦਾਰਾਂ ਤੋਂ, ਜਿਸ ਤੇ ਕਿਸਾਨਾਂ ਦਾ ਕਾਨੂੰਨੀ ਹੱਕ ਸੀ, ਜ਼ਮੀਨ ਨੂੰ ਜਬਰਦਸਤੀ ਖੋਹਣ ਦਾ ਯਤਨ ਕੀਤਾ।  ਕਿਸਾਨਾਂ ਤੇ ਪੁਲਸ ਵਿਚਕਾਰ ਹਿੰਸਕ ਤਕਰਾਰ ਹੋਇਆ। ਇਸੇ ਬਗ਼ਾਵਤ ਤੋਂ ਨਕਸਲਬਾੜੀ ਲਹਿਰ ਦਾ ਜਨਮ ਹੋਇਆ।ਨਕਸਲਬਾੜੀ ਲਹਿਰ ਨੇ ਉਦਾਸੀ ਨੂੰ  ਨਵੇਂ ਸੁਫ਼ਨੇ ਸੰਜੋਣ ਦੀ ਦਿਸ਼ਾ ਦਿੱਤੀ।

1971 'ਚ ਨਕੋਦਰ ਵਿਖੇ ਹੋਏ ਕਵੀ ਦਰਬਾਰ ਵਿਚ ਉਦਾਸੀ ਪੰਜਾਬ ਦਾ ਹਮਦਰਦ ਕਵੀ ਬਣ ਉੱਭਰਿਆ।ਉਦਾਸੀ ਨੇ ਜਲਦ ਹੀ ਇਹ ਸਮਝ ਲਿਆ ਸੀ ਕਿ ਪੰਜਾਬ ਲਈ ਕੰਮ ਕਰ ਰਹੀਆਂ ਅਖੌਤੀ ਕਮਿਊਨਿਸਟ ਪਾਰਟੀਆਂ ਸਮਾਜਿਕ ਤਬਦੀਲੀ ਲਈ ਸਿਰਫ਼ ਵਿਖਾਵਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਕਵਿਤਾ ਖਿੜਕੀ: ਕਿਸਾਨ-ਮਜ਼ਦੂਰ ਦੀ ਸਾਂਝੀ ਤ੍ਰਾਸਦੀ ਦੇ ਨਾਂ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ

 ਮਾਂ-ਪਿਓ ਨਾਮਧਾਰੀ ਹੋਣ ਕਾਰਨ ਬਚਪਨ ਤੋਂ ਹੀ ਉਦਾਸੀ ਧਾਰਮਿਕ ਕਵਿਤਾਵਾਂ ਗਾਉਣ ਲੱਗ ਪਿਆ ਸੀ। ਸਿੱਖ ਧਰਮ ਦੇ ਅਕੀਦਿਆਂ ਨੂੰ ਪਿਆਰਣ ਵਾਲਾ ਇਹ ਕਵੀ ਅਖੌਤੀ ਮਾਰਕਸਵਾਦੀ ਵਿਚਾਰਧਾਰਾ ਨੂੰ ਪਛਾਣਨ ਤੋਂ ਬਾਅਦ ਪੰਜਾਬ ਦੀ ਧਰਤੀ ‘ਚੋਂ ਜਨਮੀ ਇਨਕਲਾਬੀ ਸਿੱਖ ਵਿਚਾਰਧਾਰਾ ਦੇ ਮਾਰਗ ਦਰਸ਼ਨ ਅਨੁਸਾਰ ਮਾਰਕਸੀ ਵਿਚਾਰਧਾਰਾ ਦਾ ਧਾਰਨੀ ਬਣਿਆ। ਉਦਾਸੀ ਨੇ ਆਪਣੇ ਗੀਤਾਂ ਤੇ ਨਜ਼ਮਾਂ ਵਿਚ ਇਨਕਲਾਬੀ ਸਿੱਖ ਵਿਰਾਸਤ ਨੂੰ ਰੂਹਦਾਰੀ ਨਾਲ ਵਰਤਿਆ। ਉਹ ਗੁਰੂ ਨਾਨਕ ਦੇਵ ਨੂੰ ਸਿਜਦਾ ਕਰਦਾ ਤੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ‘ਤੇ ਕ੍ਰਾਂਤੀਕਾਰੀ ਗੀਤ ਗਾਉਂਦਾ।

ਪੰਜਾਬ 'ਚ ਸੰਤ ਰਾਮ ਉਦਾਸੀ ਦੇ ਨਾਂ ਹੇਠ ਮਾਰਕਸਵਾਦੀ ਲਹਿਰ ਲੋਕਾਂ ਦੇ ਸਿਰ ਚੜ੍ਹ ਬੋਲਣ ਲੱਗੀ।ਇਸਦਾ ਵੱਡਾ ਕਾਰਨ ਉਸਨੇ ਸਿੱਖ ਧਰਮ ਦੇ ਇਤਿਹਾਸ ਤੇ ਇਨਕਲਾਬੀ ਵਿਰਸੇ ਨੂੰ ਸਮਾਜਿਕ ਤਬਦੀਲੀ ਲਈ ਆਪਣੀਆਂ ਰਚਨਾਵਾਂ 'ਚ ਪੂਰੇ ਸਤਿਕਾਰ ਸਹਿਤ ਵਰਤਿਆ ਸੀ।ਉਹ ਨਕਸਲਬਾੜੀਆਂ ਨੂੰ ਗੁਰੂ ਦੇ ਸਿੰਘ ਕਹਿੰਦਾ ਸੀ।1984  ਦੇ ਕਤਲੇਆਮ ਅਤੇ ਪਿੱਛੋਂ ਹੋਏ ਝੂਠੇ ਮੁਕਾਬਲਿਆਂ ਦਾ ਵਿਰੋਧ ਕਰਨ ਵਾਲਾ ਉਹ ਪੰਜਾਬ ਦਰਦੀ ਮਾਰਕਸਵਾਦੀ  ਸੀ।  ਕਿਰਤੀਆਂ ਤੇ ਦਲਿਤਾਂ 'ਤੇ ਹੋ ਰਹੇ ਸ਼ੋਸ਼ਣ ਨੂੰ ਠੱਲ੍ਹਣ ਦਾ ਰਾਹ ਉਹ ਸਿੱਖ ਧਰਮ ਦੇ ਇਤਿਹਾਸ 'ਚੋਂ ਵੇਖਦਾ ਸੀ।  ਇਸੇ ਅਕੀਦਿਆਂ ਨੂੰ ਪ੍ਰਣਾਏ ਉਦਾਸੀ ਨੇ ਸਟੇਟ ਨੂੰ ਵੰਗਾਰਿਆ।

ਹਰਨੇਕ ਸਿੰਘ ਸੀਚੇਵਾਲ

ਨੋਟ:ਕਿਰਤੀਆਂ ਦੇ ਕਵੀ ਸੰਤ ਰਾਮ ਉਦਾਸੀ ਦੀ ਲਿਖਤ ਸਬੰਧੀ ਤੁਹਾਡੇ ਕੀ ਵਿਚਾਰ ਹਨ, ਕੁਮੈਂਟ ਕਰਕੇ ਦਿਓ ਆਪਣੀ ਰਾਏ

 


Harnek Seechewal

Content Editor

Related News