ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਵੱਡਾ ਝਟਕਾ, 5 ਸੀਨੀਅਰ ਆਗੂਆਂ ਨੇ ਦਿੱਤਾ ਅਸਤੀਫ਼ਾ

Saturday, Jan 01, 2022 - 06:14 PM (IST)

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਵੱਡਾ ਝਟਕਾ, 5 ਸੀਨੀਅਰ ਆਗੂਆਂ ਨੇ ਦਿੱਤਾ ਅਸਤੀਫ਼ਾ

ਮੋਹਾਲੀ(ਪਰਦੀਪ): ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਜ਼ਬਰਦਸਤ ਝਟਕਾ ਲੱਗਿਆ ਹੈ। ਦਰਅਸਲ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਕੰਵਲਜੀਤ ਸਿੰਘ ਬਿੱਟਾ, ਕੌਮੀ ਸਕੱਤਰ ਅਮਰਜੀਤ ਸਿੰਘ ਸੰਧੂ ਮੁਕਤਸਰ, ਕੌਮੀ ਜਥੇਬੰਦਕ ਸੁਖਵਿੰਦਰ ਸਿੰਘ ਦੀਨਾਨਗਰ, ਵਰਕਿੰਗ ਕਮੇਟੀ ਮੈਂਬਰ ਗਗਨਦੀਪ ਸਿੰਘ ਰਿਆੜ ਅਤੇ ਵਰਕਿੰਗ ਕਮੇਟੀ ਮੈਂਬਰ ਰਵਿੰਦਰਪਾਲ ਸਿੰਘ ਢਿੱਲੋਂ (ਮੁਕਤਸਰ) ਨੇ ਆਪਣੇ-ਆਪਣੇ ਅਹੁਦੇ ਤੋਂ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਅਸਤੀਫ਼ਾ ਸੌਂਪ ਦਿੱਤਾ।

ਇਹ ਵੀ ਪੜ੍ਹੋ :  ਪੰਜਾਬੀ ਮਾਂ ਬੋਲੀ 'ਤੇ ਇਕ ਹੋਰ ਹਮਲਾ, ਹੁਣ ਆਰਮੀ ਪਬਲਿਕ ਸਕੂਲਾਂ ’ਚ ਮਾਂ ਬੋਲੀ ਦੀ ‘ਬਲੀ’

ਅਸਤੀਫ਼ਾ ਦਿੰਦਿਆਂ ਉਕਤ ਆਗੂਆਂ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਨਾਲ ਚੋਣ ਗਠਜੋੜ ਪਾਰਟੀ ਦੇ ਬਹੁਗਿਣਤੀ ਵਿਰੋਧ ਦੇ ਬਾਵਜੂਦ ਕੀਤਾ ਹੈ ਕਿਉਂਕਿ ਪਾਰਟੀ ਦੇ ਅਨੇਕਾਂ ਸੀਨੀਅਰ ਆਗੂ, ਜਿਨ੍ਹਾਂ ਵਿਚ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਆਦਿ ਸ਼ਾਮਲ ਹਨ, ਪਹਿਲਾਂ ਹੀ ਪਾਰਟੀ ਛੱਡ ਗਏ ਹਨ। ਅਜਿਹੇ ਹਾਲਾਤ ਵਿਚ ਸਾਨੂੰ ਇਹ ਸਮਝੌਤਾ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਿਆਸੀ ਭਵਿੱਖ ਦਾ ਫ਼ੈਸਲਾ ਜਨਵਰੀ ਦੇ ਪਹਿਲੇ ਹਫ਼ਤੇ ਲੈਣਗੇ। ਉਨ੍ਹਾਂ ਕਿਹਾ ਕਿ ਉਹ ਜੋ ਵੀ ਫ਼ੈਸਲਾ ਲੈਣਗੇ, ਉਹ ਖ਼ਾਲਸਾ ਪੰਥ ਅਤੇ ਪੰਜਾਬ ਦੇ ਹਿੱਤ ਵਿਚ ਹੋਵੇਗਾ।

ਇਹ ਵੀ ਪੜ੍ਹੋ : PM ਮੋਦੀ ਦੀ ਰੈਲੀ ਲਈ ਪੱਬਾਂ ਭਾਰ ਭਾਜਪਾ ਲੀਡਰਸ਼ਿਪ, 3200 ਤੋਂ ਵਧੇਰੇ ਬੱਸਾਂ ਦੀ ਹੋਈ ਰਜਿਸਟ੍ਰੇਸ਼ਨ

ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਭਾਜਪਾ ਨਾਲ ਗਠਜੋੜ ਕਰਕੇ ਵਿਧਾਨ ਸਭਾ ਚੋਣਾਂ ਲੜਨ ਜਾ ਰਹੇ ਹਨ। ਹੁਣ ਤਿੰਨਾਂ ਧਿਰਾਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਚੱਲ ਰਹੀ ਹੈ।ਮੰਨਿਆ ਜਾ ਰਿਹਾ ਹੈ ਕਿ ਸ਼ਹਿਰੀ ਸੀਟਾਂ 'ਤੇ ਭਾਜਪਾ ਅਤੇ ਪੇਂਡੂ ਖੇਤਰ ਦੀਆਂ ਵਿਧਾਨ ਸਭਾ ਸੀਟਾਂ 'ਤੇ ਪੰਜਾਬ ਲੋਕ ਕਾਂਗਰਸ ਅਤੇ   ਸ਼੍ਰੋਮਣੀ ਅਕਾਲੀ ਦਲ ਸੰਯੁਕਤ ਆਪਣੇ ਉਮੀਦਵਾਰ ਉਤਾਰੇਗੀ।ਫ਼ਿਲਹਾਲ ਇਹ ਸਪੱਸ਼ਟ ਨਹੀਂ ਹੋ ਪਾਇਆ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇਗੀ।

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ਕੁਮੈਂਟ ਕਰਕੇ ਦੱਸੋ


author

Harnek Seechewal

Content Editor

Related News