ਭੇਦਭਰੇ ਹਾਲਾਤਾਂ 'ਚ ਸੜ੍ਹਿਆ ਕਿੰਨਰ, ਕਿਸਨੇ ਲਗਾਈ ਅੱਗ? (ਵੀਡੀਓ)
Monday, Dec 10, 2018 - 11:45 AM (IST)
ਭਵਾਨੀਗੜ੍ਹ (ਕਾਂਸਲ/ਵਿਕਾਸ)— ਸ਼ਹਿਰ 'ਚ ਕਿੰਨਰ ਨੂੰ ਬੀਤੀ ਦੇਰ ਰਾਤ ਭੇਤਭਰੀ ਹਾਲਤ 'ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿੰਨਰ ਨੂੰ ਗੰਭੀਰ ਹਾਲਤ 'ਚ ਪਹਿਲਾਂ ਸੰਗਰੂਰ ਬਾਅਦ 'ਚ ਇਲਾਜ ਲਈ ਲੁਧਿਆਣਾ ਰੈਫਰ ਕਰ ਦਿੱਤਾ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਕਾਰਵਾਈ ਆਰੰਭ ਕਰ ਦਿੱਤੀ ਹੈ, ਉੱਥੇ ਹੀ ਕਿੰਨਰ ਸਮਾਜ ਦੇ ਲੋਕਾਂ ਨੇ ਘਟਨਾ ਦੀ ਨਿੰਦਾ ਕੀਤੀ ਹੈ। ਜਾਣਕਾਰੀ ਦਿੰਦਿਆਂ ਹਨੂਮਾਨ ਬਸਤੀ ਵਿਚ ਰਹਿੰਦੀ ਇਕ ਚਸ਼ਮਦੀਦ ਔਰਤ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਸਿਲਾਈ ਦਾ ਕੰਮ ਕਰ ਰਹੀ ਸੀ ਤਾਂ ਕਰੀਬ 12 ਕੁ ਵਜੇ ਮੁਹੱਲੇ 'ਚ ਰੌਲਾ ਸੁਣ ਕੇ ਉਹ ਆਪਣੇ ਪਤੀ ਨੂੰ ਨਾਲ ਲੈ ਕੇ ਬਾਹਰ ਨਿਕਲੀ ਤਾਂ ਉਨ੍ਹਾਂ ਦੇਖਿਆ ਕਿ ਮੁਹੱਲੇ 'ਚ ਰਹਿੰਦੇ ਕਿੰਨਰ ਭੋਲੀ ਬੂਰੀ ਤਰ੍ਹਾਂ ਨਾਲ ਅੱਗ ਦੀ ਲਪਟਾਂ ਵਿਚ ਘਿਰੀ 'ਮਾਰ ਦਿੱਤਾ ਬਚਾਓ ਬਚਾਓ' ਦੀ ਆਵਾਜ਼ਾਂ ਲਾਉਂਦੀ ਦੌੜ ਰਹੀ ਸੀ। ਚਸ਼ਮਦੀਦ ਔਰਤ ਤੇ ਉਸ ਦੇ ਪਤੀ ਨੇ ਦੱਸਿਆ ਕਿ ਭੋਲੀ ਦੇ ਕੱਪੜਿਆਂ 'ਚੋਂ ਤੇਲ ਦੀ ਬਦਬੂ ਆ ਰਹੀ ਸੀ ਜਦੋਂ ਤੱਕ ਉਹ ਅੱਗ 'ਤੇ ਕਾਬੂ ਪਾਉਂਦੀ ਉਦੋਂ ਤੱਕ ਭੋਲੀ ਬੂਰੀ ਤਰ੍ਹਾਂ ਨਾਲ ਝੁਲਸ ਚੁੱਕੀ ਸੀ।
ਓਧਰ ਘਟਨਾ ਨੂੰ ਲੈ ਕੇ ਸੀਨੀਅਰ ਕਿੰਨਰ ਮੀਨਾ ਨੇ ਆਪਣੇ ਸਾਥੀ ਨਾਲ ਵਾਪਰੀ ਘਟਨਾ 'ਤੇ ਡੂੰਘਾ ਦੁੱਖ ਜਤਾਉਂਦਿਆਂ ਕਿਹਾ ਕਿ ਭੋਲੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਤੇ ਉਸ ਦਾ ਸਰੀਰ 80 ਫੀਸਦੀ ਅੱਗ ਨਾਲ ਝੁਲਸ ਗਿਆ ਹੈ। ਉਨ੍ਹਾਂ ਦੱਸਿਆ ਕਿ ਭੋਲੀ ਕੱਲ ਦੁਪਹਿਰ ਤੋਂ ਹੀ ਘਰ ਨਹੀਂ ਆਈ ਸੀ ਤੇ ਦੇਰ ਰਾਤ ਉਸ ਨਾਲ ਇਹ ਦੁੱਖਦਾਈ ਹਾਦਸਾ ਵਾਪਰ ਗਿਆ ਹੈ। ਇਲਾਕੇ ਦੇ ਕਿੰਨਰਾਂ ਨੇ ਪੁਲਸ ਤੋਂ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦ ਕਾਬੂ ਕਰ ਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਘਟਨਾ ਸਬੰਧੀ ਭਵਾਨੀਗੜ੍ਹ ਥਾਣਾ ਮੁਖੀ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਹਾਦਸੇ ਬਾਰੇ ਹਾਲੇ ਕੁਝ ਸਾਫ ਨਹੀਂ ਹੋ ਸਕਿਆ ਹੈ ਕਿ ਇਹ ਘਟਨਾ ਕਿਵੇਂ ਵਾਪਰੀ ਪੁਲਸ ਪੀੜਤ ਦਾ ਬਿਆਨ ਦਰਜ ਕਰਨ ਲਈ ਲੁਧਿਆਣਾ ਲਈ ਰਵਾਨਾ ਹੋ ਚੁੱਕੀ ਹੈ ਤੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।