ਨਾਜਾਇਜ਼ ਕਬਜ਼ੇ ਤੋਂ ਭੜਕੇ ਲੋਕਾਂ ਨੇ ਕੀਤੀ ਪ੍ਰਾਪਰਟੀ ਡੀਲਰ ਖਿਲਾਫ਼ ਨਾਅਰੇਬਾਜ਼ੀ

02/24/2020 4:45:08 PM

ਭਵਾਨੀਗੜ੍ਹ (ਵਿਕਾਸ) : ਸ਼ਹਿਰ ਦੇ ਗਾਂਧੀ ਨਗਰ 'ਚ ਲੋਕਾਂ ਨੇ ਇਕ ਡੀਲਰ 'ਤੇ ਖਾਲ ਵਾਲੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਉਂਦੇ ਹੋਏ ਨਾਅਰੇਬਾਜ਼ੀ ਕੀਤੀ ਹੈ। ਇਸ ਸਬੰਧੀ ਇਕੱਠੇ ਹੋਏ ਸੰਗਤਸਰ ਨਗਰ, ਗਾਂਧੀ ਨਗਰ ਤੇ ਪ੍ਰੀਤ ਨਗਰ ਦੇ ਵਸਨੀਕਾਂ ਨੇ ਦੱਸਿਆ ਕਿ ਸੂਏ ਤੋਂ ਤਿੰਨ ਮੁਹੱਲਿਆਂ ਵਿਚ ਦੀ ਹੁੰਦਾ ਹੋਇਆ ਕਈ ਦਹਾਕਿਆਂ ਪੁਰਾਣਾ ਨਾਲਾ (ਖਾਲ) ਜੋ ਭਰਤ ਪੈਣ ਤੋਂ ਬਾਅਦ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਹੈ, ਨੂੰ ਕਈ ਮੁਹੱਲਿਆਂ ਦੇ ਲੋਕ ਰਸਤੇ ਵੱਜੋਂ ਵਰਤਦੇ ਹਨ। ਉਸ ਦੇ ਨਾਲ ਲੱਗਦੀ ਜ਼ਮੀਨ ਨੂੰ ਉਸ ਦੇ ਮਾਲਕ ਨੇ ਇਕ ਪ੍ਰਾਪਰਟੀ ਡੀਲਰ ਨੂੰ ਵੇਚ ਦਿੱਤਾ।

ਲੋਕਾਂ ਨੇ ਦੋਸ਼ ਲਗਾਇਆ ਕਿ ਹੁਣ ਉਕਤ ਪ੍ਰਾਪਰਟੀ ਡੀਲਰ ਖਰੀਦੀ ਜ਼ਮੀਨ 'ਤੇ ਕਲੋਨੀ ਕੱਟ ਕੇ ਕਲੋਨੀ ਦਾ ਗੇਟ ਖਾਲ ਵਾਲੀ ਜਗ੍ਹਾ 'ਤੇ ਕੰਧ ਕਰਕੇ ਨਾਜਾਇਜ਼ ਕਬਜ਼ਾ ਕਰਨ ਦੀ ਫਿਰਾਕ ਵਿਚ ਹੈ, ਜਿਸ ਨੂੰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਮੁਹੱਲੇ ਦੇ ਲੋਕਾਂ ਵੱਲੋਂ ਪੂਰਾ ਮਸਲਾ ਪ੍ਰਸਾਸ਼ਨ ਦੇ ਧਿਆਨ ਵਿਚ ਲਿਆਉਣਗੇ। ਉਧਰ ਦੂਜੇ ਪਾਸੇ ਜਦੋਂ ਸਬੰਧਤ ਪ੍ਰਾਪਰਟੀ ਡੀਲਰ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਸ ਵੱਲੋਂ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਕੀਤਾ ਜਾ ਰਿਹਾ। ਸਗੋਂ ਉਸ ਵੱਲੋਂ ਜੋ ਜ਼ਮੀਨ ਖਰੀਦੀ ਗਈ ਹੈ ਉਸ 'ਤੇ ਹੀ ਕਬਜ਼ਾ ਕੀਤਾ ਜਾ ਰਿਹਾ ਹੈ।


cherry

Content Editor

Related News