ਵੱਖ-ਵੱਖ ਮਾਮਲਿਆਂ ''ਚ ਔਰਤਾਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ

02/15/2020 12:25:29 PM

ਭਵਾਨੀਗੜ੍ਹ (ਵਿਕਾਸ) : ਜ਼ਿਲਾ ਪੁਲਸ ਮੁਖੀ ਡਾ. ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਸ ਵੱਲੋਂ ਵੱਖ-ਵੱਖ ਮਾਮਲਿਆਂ ਵਿਚ ਨਸ਼ੀਲੇ ਪਦਾਰਥ ਬਰਾਮਦ ਕਰ ਨਸ਼ੇ ਦੇ ਧੰਦੇ 'ਚ ਸ਼ਾਮਲ 4 ਔਰਤਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਐਂਟੀ ਨਾਰਕੋਟਿਕ ਸੈੱਲ ਸੰਗਰੂਰ ਵਿਖੇ ਤਾਇਨਾਤ ਏ.ਐਸ.ਆਈ. ਕਸ਼ਮੀਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਸਮੇਤ ਜਦੋਂ ਬਾਹੱਦ ਪਿੰਡ ਜੌਲੀਆਂ ਮੌਜੂਦ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਰਾਣੋ ਅਫੀਮ ਵੇਚਣ ਦੀ ਆਦੀ ਹੈ। ਸੂਚਨਾ ਦੇ ਅਧਾਰ 'ਤੇ ਥਾਣੇਦਾਰ ਕਰਮਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ 40 ਗ੍ਰਾਮ ਅਫੀਮ ਬਰਾਮਦ ਕਰਦਿਆਂ ਉਕਤ ਔਰਤ ਖਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰਵਾਇਆ।

ਦੂਜੇ ਮਾਮਲੇ 'ਚ ਥਾਣੇਦਾਰ ਲਖਵੀਰ ਸਿੰਘ ਸੀ.ਆਈ.ਏ. ਬਹਾਦਰ ਸਿੰਘ ਵਾਲਾ ਸਮੇਤ ਪੁਲਸ ਪਾਰਟੀ ਜਦੋਂ ਪਿੰਡ ਜੌਲੀਆਂ ਮੌਜੂਦ ਸਨ ਤਾਂ ਇਸ ਦੌਰਾਨ ਪੁਲਸ ਨੂੰ ਇਕ ਔਰਤ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ ਤੇ ਕਾਰਵਾਈ ਕਰਦਿਆਂ ਥਾਣੇਦਾਰ ਪਵਿੱਤਰ ਸਿੰਘ ਚੌਕੀ ਇੰਚਾਰਜ ਕਾਲਾਝਾੜ ਨੇ ਮੌਕੇ 'ਤੇ ਪੁੱਜ ਕੇ ਹੰਸ ਕੌਰ ਕੋਲੋਂ 2 ਗ੍ਰਾਮ ਸਮੈਕ ਬਰਾਮਦ ਕੀਤੀ ਅਤੇ ਉਸ ਖਿਲਾਫ਼ ਪਰਚਾ ਦਰਜ ਕੀਤਾ। ਇਸੇ ਤਰ੍ਹਾਂ ਤੀਸਰੇ ਮਾਮਲੇ 'ਚ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਰਕਾਸ਼ੋ ਨਾਮ ਦੀ ਔਰਤ ਨੂੰ 38 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਪੁਲਸ ਨੇ ਚੌਥੇ ਮਾਮਲੇ ਵਿਚ ਪਿੰਡ ਜੌਲੀਆਂ ਤੋਂ ਕ੍ਰਿਸ਼ਨਾ ਨਾਮ ਦੀ ਔਰਤ ਕੋਲੋਂ 4 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਦਿਆਂ ਉਸ ਖਿਲਾਫ਼ ਮੁਕੱਦਮਾ ਦਰਜ ਕੀਤਾ।


cherry

Content Editor

Related News