ਭਵਾਨੀਗੜ੍ਹ : ਹਜ਼ਾਰਾਂ ਬੀਬੀਆਂ ਸਮੇਤ ਕਿਸਾਨਾਂ ਦੇ ਕਾਫਿਲੇ ਟਿਕਰੀ ਬਾਰਡਰ ਦਿੱਲੀ ਲਈ ਰਵਾਨਾ

04/22/2021 5:41:19 PM

 ਭਵਾਨੀਗੜ੍ਹ (ਕਾਂਸਲ)-ਸਾਮਰਾਜ ਵਿਰੋਧੀ ਗ਼ਦਰ ਲਹਿਰ ਦੇ 107ਵੇਂ ਸਥਾਪਨਾ ਦਿਵਸ ਮੌਕੇ ਕੋਰੋਨਾ ਦੀ ਆੜ ਹੇਠ ਕੇਂਦਰ ਸਰਕਾਰ ਦੀਆਂ ‘ਆਪ੍ਰੇਸ਼ਨ ਕਲੀਨ’ ਵਰਗੀਆਂ ਜਾਬਰ ਧਮਕੀਆਂ ਦਾ ਸ਼ਾਂਤਮਈ ‘ਆਪ੍ਰੇਸ਼ਨ ਸ਼ਕਤੀ’ ਨਾਲ ਠੋਕਵਾਂ ਜੁਆਬ ਦੇਣ ਲਈ ਕਣਕ ਦੀ ਵਾਢੀ ਦੇ ਬੇਹੱਦ ਰੁਝੇਵਿਆਂ ਦੇ ਬਾਵਜੂਦ ਅੱਜ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਡੱਬਵਾਲੀ, ਖਨੌਰੀ ਅਤੇ ਸਰਦੂਲਗੜ੍ਹ ਨੇੜੇ ਹਰਿਆਣਾ ਬਾਰਡਰਾਂ ਤੋਂ ਕੁਲ ਮਿਲਾ ਕੇ ਸੈਂਕੜੇ ਛੋਟੇ-ਵੱਡੇ ਵ੍ਹੀਕਲਾਂ ’ਚ ਸਵਾਰ ਹਜ਼ਾਰਾਂ ਬੀਬੀਆਂ ਸਮੇਤ 15,000 ਤੋਂ ਵੱਧ ਕਿਸਾਨਾਂ ਦੇ ਕਾਫਿਲੇ ਟਿਕਰੀ ਬਾਰਡਰ ਦਿੱਲੀ ਲਈ ਰਵਾਨਾ ਕੀਤੇ ਗਏ, ਜਿਥੇ ਪਹਿਲਾਂ ਵੀ ਹਜ਼ਾਰਾਂ ਕਿਸਾਨ-ਮਜ਼ਦੂਰ ਲੱਗਭਗ ਛੇ ਮਹੀਨਿਆਂ ਤੋਂ ਪੱਕੇ ਮੋਰਚੇ ’ਚ ਡਟੇ ਹੋਏ ਹਨ।

PunjabKesari

ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਨ੍ਹਾਂ ਕਾਫਲਿਆਂ ਦੀ ਅਗਵਾਈ ਕਰਨ ਵਾਲੇ ਮੁੱਖ ਆਗੂਆਂ ’ਚ ਜੋਗਿੰਦਰ ਸਿੰਘ ਉਗਰਾਹਾਂ, ਰੂਪ ਸਿੰਘ ਛੰਨਾ, ਸ਼ਿੰਗਾਰਾ ਸਿੰਘ ਮਾਨ, ਰਾਮ ਸਿੰਘ ਭੈਣੀਬਾਘਾ, ਗੁਰਪਾਸ਼ ਸਿੰਘ ਸਿੰਘੇਵਾਲਾ ਤੇ ਸੱਤਪਾਲ ਭੋਡੀਪੁਰਾ ਸ਼ਾਮਲ ਸਨ ਅਤੇ ਰਵਾਨਾ ਕਰਨ ਵਾਲਿਆਂ ’ਚ ਖੁਦ ਕੋਕਰੀ ਕਲਾਂ ਤੋਂ ਇਲਾਵਾ ਝੰਡਾ ਸਿੰਘ ਜੇਠੂਕੇ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਆਦਿ ਸ਼ਾਮਲ ਸਨ।

PunjabKesari

ਇਸ ਮੌਕੇ ਅਡਾਨੀ-ਅੰਬਾਨੀ ਵਰਗੇ ਸਾਮਰਾਜੀਆਂ ਦੇ ਹੋਰ ਵਾਰੇ ਨਿਆਰੇ ਕਰਨ ’ਤੇ ਤੁਲੀ ਹੋਈ ਭਾਜਪਾ ਹਕੂਮਤ ਵੱਲੋਂ ਜਲ, ਜੰਗਲ, ਜ਼ਮੀਨਾਂ ਸਣੇ ਦੇਸ਼ ਦੇ ਸਾਰੇ ਪੈਦਾਵਾਰੀ ਸੋਮੇ ਉਨ੍ਹਾਂ ਹਵਾਲੇ ਕਰਨ ਲਈ ਬਣਾਏ ਕਾਨੂੰਨਾਂ ਵਿਰੁੱਧ ਰੋਸ ਪ੍ਰਗਟਾਉਂਦਿਆਂ ‘ਕਾਲੇ ਖੇਤੀ ਕਾਨੂੰਨ ਰੱਦ ਕਰਾ ਕੇ ਰਹਾਂਗੇ’, ‘ਭਾਜਪਾ-ਸਾਮਰਾਜ ਗੱਠਜੋੜ ਮੁਰਦਾਬਾਦ’ ਅਤੇ ‘ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ’ ਵਰਗੇ ਰੋਹ ਭਰਪੂਰ ਨਾਅਰਿਆਂ ਨਾਲ ਆਸਮਾਨ ਗੂੰਜ ਰਿਹਾ ਸੀ। ਖਾਸ ਕਰਕੇ ਨੌਜਵਾਨਾਂ ਅੰਦਰ ਉਤਸ਼ਾਹ ਅਤੇ ਜੋਸ਼ ਠਾਠਾਂ ਮਾਰ ਰਿਹਾ ਸੀ, ਜਿਹੜੇ ਰਾਜਸੱਤਾ ਦੀ ਹਰ ਫੁੱਟਪਾਊ, ਜਾਬਰ ਚਾਲ ਨੂੰ ਇਕਜੁੱਟ ਲੋਕ-ਤਾਕਤ ਦੇ ਪੈਰਾਂ ਥੱਲੇ ਕੁਚਲਣ ਲਈ ਤੱਤਪਰ ਸਨ। ਕਿਸਾਨ ਆਗੂ ਨੇ ਇਹ ਵੀ ਦੱਸਿਆ ਕਿ ਵਾਢੀ ਦੇ ਕੰਮਾਂ ’ਚ ਗਲ਼-ਗਲ਼ ਖੁੱਭੇ ਹੋਣ ਦੇ ਬਾਵਜੂਦ ਪੰਜਾਬ ਅੰਦਰ ਵੀ 40 ਥਾਵਾਂ ’ਤੇ ਦਿਨ-ਰਾਤ ਦੇ ਪੱਕੇ ਮੋਰਚੇ ਜਾਰੀ ਹਨ, ਜਿਨ੍ਹਾਂ ਦੀ ਕਮਾਂਡ ਬਹੁਤੇ ਥਾਈਂ ਔਰਤਾਂ ਨੇ ਸਾਂਭੀ ਹੋਈ ਹੈ।

ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਦੀਆਂ ਮੰਡੀਆਂ ’ਚ ਬਾਰਦਾਨੇ ਦੀ ਕਮੀ ਅਤੇ ਹੋਰ ਅੜਚਣਾਂ ਡਾਹੁਣ ਰਾਹੀਂ ਕਣਕ ਦੀ ਖਰੀਦ ਠੱਪ ਕਰਨ ਵਿਰੁੱਧ ਮਜਬੂਰੀਵੱਸ ਲਾਏ ਗਏ ਧਰਨਿਆਂ ’ਤੇ ਬੈਠੇ  ਹਜ਼ਾਰਾਂ ਕਿਸਾਨ ਨੌਜਵਾਨ, ਔਰਤਾਂ ਅਤੇ ਮਰਦ ਬਾਰਦਾਨੇ ਸਮੇਤ ਸਭ ਅੜਚਣਾਂ ਦੂਰ ਕਰ ਕੇ ਮਿੱਥੇ ਹੋਏ ਸਮਰਥਨ ਮੁੱਲ ’ਤੇ ਸਾਰੀ ਕਣਕ ਦੀ ਖਰੀਦ ਅਤੇ ਅਦਾਇਗੀ ਤੁਰੰਤ ਕਰਨ ਦੀ ਮੰਗ ਕਰ ਰਹੇ ਹਨ।


Manoj

Content Editor

Related News