ਸੋਸ਼ਲ ਮੀਡੀਆ ''ਤੇ ਭਵਾਨੀਗੜ੍ਹ ਦੇ 12 ਮਰੀਜ਼ ਪਾਜ਼ੇਟਿਵ ਆਉਣ ਦੀ ਫੈਲੀ ਝੂਠੀ ਅਫ਼ਵਾਹ

06/05/2020 11:46:08 AM

ਭਵਾਨੀਗੜ੍ਹ (ਕਾਂਸਲ) : ਕੋਰੋਨਾ ਮਹਾਮਾਰੀ ਨੂੰ ਲੈ ਕੇ ਸੋਸ਼ਲ ਮੀਡੀਆਂ ਉਪਰ ਭਵਾਨੀਗੜ੍ਹ ਬਲਾਕ ਦੇ 12 ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀਆਂ ਅਫ਼ਵਾਹ ਦਾ ਬਜ਼ਾਰ ਗਰਮ ਹੋਣ ਕਾਰਨ ਪੂਰੇ ਇਲਾਕੇ 'ਚ ਡਰ ਅਤੇ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਸਿਹਤ ਵਿਭਾਗ ਵਲੋਂ ਬੀਤੇ ਦਿਨੀਂ ਬਲਾਕ ਦੇ ਤਿੰਨ ਪਿੰਡਾਂ 'ਚ ਕੋਰੋਨਾ ਪਾਜ਼ੇਟਿਵ ਆਈਆਂ 2 ਔਰਤਾਂ ਅਤੇ ਇਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਸਮੇਤ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਹੋਰ ਵਿਅਕਤੀਆਂ ਦੇ ਕੋਰੋਨਾ ਦੀ ਜਾਂਚ ਲਈ ਸੈਂਪਲ ਲਏ ਗਏ ਹਨ। ਇਸ ਦੀ ਲਿਸਟ ਕਿਸੇ ਢੰਗ ਨਾਲ ਲੀਕ ਹੋਣ ਹੋ ਜਾਣ ਕਾਰਨ ਲਿਸਟ ਦਾ ਹਵਾਲਾ ਦੇ ਕੇ ਕਿਸੇ ਵਿਅਕਤੀ ਵਲੋਂ ਸੋਸ਼ਲ ਮੀਡੀਆਂ ਦੀਆਂ ਵੱਖ-ਵੱਖ ਸਾਈਟਾਂ 'ਤੇ ਪੋਸਟ ਪਾ ਦਿੱਤੀ ਗਈ ਕਿ ਭਵਾਨੀਗੜ੍ਹ ਬਲਾਕ ਦੇ 12 ਮਰੀਜ਼ ਕੋਰੋਨਾ ਪਾਜ਼ੇਟਿਵ ਆਏ ਹਨ। ਇਸ ਦੀ ਕੋਈ ਪੜਤਾਲ ਕੀਤੇ ਬਿਨ੍ਹਾਂ ਅੱਗੇ ਹੋਰ ਵਿਅਕਤੀਆਂ ਵੱਲੋਂ ਇਸ ਪੋਸਟ ਨੂੰ ਸ਼ੇਅਰ ਕੀਤੇ ਜਾਣ ਕਾਰਨ ਇਹ ਅਫ਼ਵਾਹ ਦੇਖਦੇ ਹੀ ਦੇਖਦੇ ਜੰਗਲ ਦੀ ਅੱਗ ਵਾਂਗ ਪੂਰੇ ਇਲਾਕੇ 'ਚ ਫੈਲ ਗਈ। ਜਿਸ ਕਾਰਨ ਪੂਰੇ ਇਲਾਕੇ ਵਿਚ ਡਰ ਅਤੇ ਦਹਿਸ਼ਤ ਦਾ ਮਹੌਲ ਬਣ ਗਿਆ।

ਇਸ ਸੰਬੰਧੀ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਿਰਫ਼ ਅਫ਼ਵਾਹ ਹੈ ਅਤੇ ਤਿੰਨ ਮਰੀਜ਼ਾਂ ਤੋਂ ਬਾਅਦ ਕਿਸੇ ਵੀ ਹੋਰ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਨਹੀਂ ਆਈ ਹੈ। ਉਨ੍ਹਾਂ ਦੱਸਿਆ ਕਿ ਤਿੰਨੋਂ ਪਾਜ਼ੇਟਿਵ ਵਿਅਕਤੀਆਂ ਦੇ ਸਾਰੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਅਤੇ ਇਨ੍ਹਾਂ ਦੇ ਸੰਪਰਕ 'ਚ ਆਏ ਹੋਰ ਵਿਅਕਤੀਆਂ ਦੇ ਨਮੂਨੇ ਵੀ ਭੇਜੇ ਹੋਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਉਕਤ ਲਿਸਟ 'ਚ ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ ਦੇ ਸੰਪਰਕ ਵਿਚ ਆਏ ਲੋਕਾਂ ਦੇ ਜਾਂਚ ਲਈ ਨਮੂਨੇ ਲੈਣ ਦੀ ਸੂਚੀ ਦਰਸਾਈ ਗਈ ਹੈ। ਉਨ੍ਹਾਂ ਇਸ ਤਰ੍ਹਾਂ ਦੀਆਂ ਝੂਠੀਆਂ ਅਫ਼ਵਾਹਾਂ ਫਲਾਉਣ ਵਾਲਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੀਆਂ ਅਜਿਹੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਉਨ੍ਹਾਂ ਵਿਰੁੱਧ ਪ੍ਰਸ਼ਾਸਨ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।


Baljeet Kaur

Content Editor

Related News