ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਕੋਵਿਡ-19 ਨਾਲ ਨਜਿੱਠਣ ਲਈ ਦੇਵੇਗਾ 5.5 ਲੱਖ ਰੁਪਏ

5/23/2020 1:48:11 AM

ਸੰਗਰੂਰ,(ਸਿੰਗਲਾ) : ਜ਼ਿਲ੍ਹਾ ਸੰਗਰੂਰ ਦੇ ਨਿਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪ੍ਰਸ਼ਾਸਨਿਕ ਤਿਆਰੀਆਂ ਲਗਾਤਾਰ ਜਾਰੀ ਹਨ। ਹਾਲਾਂਕਿ ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਪਾਜ਼ੇਟਿਵ ਦਾ ਕੋਈ ਵੀ ਐਕਟਿਵ ਕੇਸ ਨਹੀਂ ਹੈ ਪਰ ਫਿਰ ਵੀ ਕਿਸੇ ਵੀ ਹਾਲਤ ਨਾਲ ਨਜਿੱਠਣ ਲਈ ਪ੍ਰਬੰਧਾਂ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਆਮ ਥੋਰੀ ਵੱਲੋਂ ਲਗਾਤਾਰ ਵੱਖ-ਵੱਖ ਸੰਸਥਾਵਾਂ, ਉਦਯੋਗਪਤੀਆਂ, ਦਾਨੀ ਸੱਜਣਾਂ ਨੂੰ ਮਨੁੱਖਤਾ ਦੀ ਸੇਵਾ ਲਈ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਮਦਦ ਦੇਣ ਲਈ ਆਪਣਾ ਹੱਥ ਅੱਗੇ ਵਧਾਉਂਦਿਆਂઠਅੱਜ ਸ਼ਾਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਉਚ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨਾਲ ਸੀ.ਐਸ.ਆਰ ਤਹਿਤ ਇੱਕ ਐਮ.ਓ.ਯੂ ਸਾਈਨ ਕੀਤਾ ਹੈ। ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਮੈਡੀਕਲ ਸਮਾਨ ਦੀ ਖਰੀਦ ਲਈ 5.5 ਲੱਖ ਰੁਪਏ ਦੇਣ ਦਾ ਸਮਝੌਤਾ ਸਹੀਬੱਧ ਕੀਤਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਕਾਰਪੋਰੇਸ਼ਨ ਦੇ ਖੇਤਰੀ ਮੈਨੇਜਰ ਰਾਜੇਸ਼ ਅਤੇ ਜ਼ਿਲ੍ਹਾ ਸੇਲ ਅਫ਼ਸਰ ਆਰਵਿਸ ਧਾਨਵਿਕ ਸਮੇਤ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ-19 ਦੀ ਬਿਮਾਰੀ ਨੂੰ ਅਜਿਹੇ ਸਮਾਜ ਸੇਵੀਆਂ ਨਾਲ ਮਿਲ ਕੇ ਛੇਤੀ ਹਰਾਇਆ ਜਾ ਸਕਦਾ ਹੈ। ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਰੋਨਾਵਾਇਰਸ ਖਿਲਾਫ਼ ਚੱਲ ਰਹੀ ਜੰਗ ਨੂੰ ਜਿੱਤਣ ਲਈ ਸਮਾਜ ਦੇ ਸਾਰੇ ਵਰਗਾਂ ਦੀ ਹਿੱਸੇਦਾਰੀ ਬਹੁਤ ਅਹਿਮ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਵੱਡੀ ਲੋੜ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ, ਜ਼ਿਲ੍ਹਾ ਮਾਲ ਅਫਸਰ ਗਗਨਦੀਪ ਸਿੰਘ ਵੀ ਹਾਜ਼ਰ ਸਨ।


 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Deepak Kumar

Content Editor Deepak Kumar