ਭੁੱਲਰ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ’ਤੇ ਸ਼੍ਰੋਮਣੀ ਕਮੇਟੀ ਪਾਵੇਗੀ ਰੀਵਿਊ ਪਟੀਸ਼ਨ : ਭਾਈ ਲੌਂਗੋਵਾਲ

12/19/2019 5:33:21 PM

ਫ਼ਤਿਹਗਡ਼੍ਹ ਸਾਹਿਬ (ਜਗਦੇਵ,ਵਿਪਨ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫ਼ੀ ’ਤੇ ਸੁਪਰੀਮ ਕੋਰਟ ਵੱਲੋਂ ਰੋਕ ਲਗਾਉਣ ਦੇ ਫੈਸਲੇ ਸਬੰਧੀ ਰੀਵਿਊ ਪਟੀਸ਼ਨ ਪਾਉਣ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਨਵੀਂ ਚੁਣੀ ਗਈ ਅੰਤ੍ਰਿੰਗ ਕਮੇਟੀ ਦੀ ਇਥੇ ਗੁਰਦੁਆਰਾ ਸ੍ਰੀ ਫ਼ਤਿਹਗਡ਼੍ਹ ਸਾਹਿਬ ਵਿਖੇ ਹੋਈ ਪਲੇਠੀ ਇਕੱਤਰਤਾ ਦੌਰਾਨ ਇਹ ਫੈਸਲਾ ਲਿਆ ਗਿਆ। ਇਕੱਤਰਤਾ ਦੌਰਾਨ ਵਿਸ਼ੇਸ਼ ਚਾਰਟਰ ਜਹਾਜ਼ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕੈਨੇਡਾ ਭੇਜਣ ਦੇ ਨਾਲ-ਨਾਲ ਹੋਰ ਕਈ ਫੈਸਲਿਆਂ ’ਤੇ ਵੀ ਮੋਹਰ ਲਾਈ ਗਈ।

ਇਕੱਤਰਤਾ ਮਗਰੋਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਦੇ ਕੇਂਦਰ ਸਰਕਾਰ ਵੱਲੋਂ ਲਏ ਗਏ ਫੈਸਲੇ ’ਤੇ ਉੱਚ ਅਦਾਲਤ ਵੱਲੋਂ ਲਾਈ ਗਈ ਰੋਕ ਅਫਸੋਸਨਾਕ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਵਕੀਲਾਂ ਦੀਆਂ ਫ਼ੀਸਾਂ ਸਮੇਤ ਸਾਰਾ ਖ਼ਰਚਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ’ਚ ਵੀ ਸ਼੍ਰੋਮਣੀ ਕਮੇਟੀ ਕੇਂਦਰ ਸਰਕਾਰ ਤੱਕ ਪਹੁੰਚ ਕਰੇਗੀ। ਜਲਦ ਹੀ ਸ਼੍ਰੋਮਣੀ ਕਮੇਟੀ ਦਾ ਇਕ ਵਫ਼ਦ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰੇਗਾ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬਾਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਲਗਾਤਾਰ ਵਧ ਰਹੀ ਮੰਗ ਕਾਰਣ ਸ਼੍ਰੋਮਣੀ ਕਮੇਟੀ ਵੱਲੋਂ ਚਾਰਟਰ ਜਹਾਜ਼ ਰਾਹੀਂ ਪਾਵਨ ਸਰੂਪ ਕੈਨੇਡਾ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਕੈਨੇਡਾ ਤੇ ਅਮਰੀਕਾ ਦੀਆਂ ਸੰਗਤਾਂ ਕੈਨੇਡਾ ਤੋਂ ਹੀ ਪਾਵਨ ਸਰੂਪ ਪ੍ਰਾਪਤ ਕਰ ਸਕਣਗੀਆਂ। ਇਸ ਕਾਰਜ ਲਈ ਸਤਿਨਾਮ ਟਰੱਸਟ ਕੈਨੇਡਾ ਦਾ ਸਹਿਯੋਗ ਲਿਆ ਜਾਵੇਗਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਮਰਿਆਦਾ ਅਨੁਸਾਰ ਹੀ ਕੈਨੇਡਾ ਭੇਜੇ ਜਾਣਗੇ।

ਭਾਈ ਲੌਂਗੋਵਾਲ ਨੇ ਅੱਗੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਵਿਚ ਯੋਗਦਾਨ ਪਾਉਣ ਵਾਲੇ ਗਦਰੀ ਬਾਬਿਆਂ ਦੀਆਂ ਤਸਵੀਰਾਂ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ’ਚ ਲਾਈਆਂ ਜਾਣਗੀਆਂ। ਇਨ੍ਹਾਂ ਗਦਰੀ ਯੋਧਿਆਂ ਦੀ ਯਾਦ ’ਚ ਅੰਮ੍ਰਿਤਸਰ ਵਿਖੇ 11 ਜਨਵਰੀ ਨੂੰ ਇਕ ਉਚੇਚਾ ਸਮਾਗਮ ਵੀ ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਿਤ ਕਿਲਾ ਲੋਹਗਡ਼੍ਹ ਸਾਹਿਬ ਹਰਿਆਣਾ ਵਿਖੇ ਬਣ ਰਹੀ ਯਾਦਗਾਰ ਲਈ ਹੋਰ ਜ਼ਮੀਨ ਖਰੀਦਣ ਦਾ ਵੀ ਫੈਸਲਾ ਕੀਤਾ ਗਿਆ ਹੈ। ਭਾਈ ਲੌਂਗੋਵਾਲ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਕਾਰਜਾਂ ਲਈ ਪਹਿਲਾਂ ਬਣੀਆ ਸਬ-ਕਮੇਟੀਆਂ ਦੀ ਥਾਂ ਨਵੀਆਂ ਕਮੇਟੀਆਂ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੰਤ੍ਰਿੰਗ ਕਮੇਟੀ ਦੇ ਫੈਸਲੇ ਅਨੁਸਾਰ ਲੰਮਾ ਸਮਾਂ ਜੇਲ ’ਚ ਨਜ਼ਰਬੰਦ ਰਹਿਣ ਮਗਰੋਂ ਰਿਹਾਅ ਹੋਏ ਸਿੱਖ ਕੈਦੀ ਭਾਈ ਵਰਿਆਮ ਸਿੰਘ ਨੂੰ 1 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਮਤ ਨਾਨਕਸ਼ਾਹੀ 552 ਦਾ ਕੈਲੰਡਰ 30 ਦਸੰਬਰ ਨੂੰ ਜਾਰੀ ਕੀਤਾ ਜਾਵੇਗਾ।

ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਅੰਮ੍ਰਿਤਸਰ ਤੋਂ ਚਲੇਗੀ ਬੱਸ

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਲਈ ਇਕ ਵਿਸ਼ੇਸ਼ ਬੱਸ ਚਲਾਉਣ ਦਾ ਵੀ ਫੈਸਲਾ ਕੀਤਾ ਗਿਆ। ਭਾਈ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਲਈ 30 ਤੋਂ ਵੱਧ ਗੁਰੂ ਘਰਾਂ ਅੰਦਰ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਟਰਮੀਨਲ ਤੱਕ ਬੱਸ ਦੀ ਸਹੂਲਤ ਵੀ ਪਹਿਲਾਂ ਤੋਂ ਹੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹੁਣ ਸ੍ਰੀ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਤੱਕ ਵੀ ਬੱਸ ਚਲਾਈ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਭਾਈ ਲੌਂਗੋਵਾਲ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਹਰਿਆਵਲ ਪੈਦਾ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਬੂਟੇ ਅਤੇ ਵੇਲਾਂ ਲਗਾਈਆਂ ਜਾਣਗੀਆਂ। ਇਸ ਕਾਰਜ ਲਈ ਡਾ. ਨਵਤੇਜ ਸਿੰਘ ਦੀਆਂ ਸਲਾਹਕਾਰ ਵਜੋਂ ਸੇਵਾਵਾਂ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਹੋਰਨਾਂ ਗੁਰਦੁਆਰਾ ਸਾਹਿਬਾਨ ਅੰਦਰ ਵੀ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ, ਤਾਂ ਜੋ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰਹੇ।

ਤਖ਼ਤ ਸ੍ਰੀ ਕੇਸਗਡ਼੍ਹ ਸਾਹਿਬ ਦਾ ਬਣੇਗਾ ਨਵਾਂ ਦਫ਼ਤਰ

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਖ਼ਾਲਸੇ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗਡ਼੍ਹ ਸਾਹਿਬ ਦਾ ਨਵਾਂ ਦਫ਼ਤਰ ਬਣਾਉਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਵਿਖੇ ਸੰਗਤਾਂ ਲਈ ਨਵਾਂ ਜੋਡ਼ਾ ਘਰ ਵੀ ਤਿਆਰ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਰਾਜਸਥਾਨ ਅੰਦਰ ਸਿੱਖੀ ਦੇ ਪ੍ਰਚਾਰ ਲਈ ਸਿੱਖ ਮਿਸ਼ਨ ਗੰਗਾਨਗਰ ਨੂੰ ਇਕ ਗੱਡੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਪ੍ਰਚਾਰਕ ਜਥੇ ਸੰਗਤਾਂ ਤੱਕ ਸੁਖਾਲੀ ਪਹੁੰਚ ਬਣਾ ਸਕਣ।

ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਭਾਈ ਲੌਂਗੋਵਾਲ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਭੁਪਿੰਦਰ ਸਿੰਘ ਅਸੰਧ, ਜਗਸੀਰ ਸਿੰਘ ਮਾਂਗੇਆਣਾ, ਗੁਰਪਾਲ ਸਿੰਘ ਗੋਰਾ, ਸ਼ੇਰ ਸਿੰਘ ਮੰਡਵਾਲਾ, ਜਸਮੇਰ ਸਿੰਘ ਲਾਛਡ਼ੂ, ਮੰਗਵਿੰਦਰ ਸਿੰਘ ਖਾਪਡ਼ਖੇਡ਼ੀ, ਅਮਰਜੀਤ ਸਿੰਘ ਭਲਾਈਪੁਰ, ਸੁਰਜੀਤ ਸਿੰਘ ਕੰਗ, ਇੰਦਰਮੋਹਨ ਸਿੰਘ ਲਖਮੀਰਵਾਲਾ, ਬੀਬੀ ਕੁਲਦੀਪ ਕੌਰ ਟੌਹਡ਼ਾ, ਬੀਬੀ ਪਰਮਜੀਤ ਕੌਰ ਲਹਿਰਾ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ, ਅਵਤਾਰ ਸਿੰਘ ਸੈਂਪਲਾ, ਮਹਿੰਦਰ ਸਿੰਘ ਆਹਲੀ, ਸੁਖਦੇਵ ਸਿੰਘ ਭੂਰਾਕੋਹਨਾ, ਪ੍ਰਤਾਪ ਸਿੰਘ, ਪਰਮਜੀਤ ਸਿੰਘ ਸਰੋਆ, ਸੁਖਮਿੰਦਰ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਸੁਲੱਖਣ ਸਿੰਘ ਭੰਗਾਲੀ, ਦਰਸ਼ਨ ਸਿੰਘ ਪੀ. ਏ., ਮੈਨੇਜਰ ਨੱਥਾ ਸਿੰਘ ਆਦਿ ਮੌਜੂਦ ਸਨ।


Shyna

Content Editor

Related News