ਗੁਰਦੁਆਰਾ ਮਜਨੂੰ ਕਾ ਟਿੱਲਾ ''ਤੇ ਐੱਫ. ਆਈ. ਆਰ. ਦਰਜ ਕਰਨ ਨਾਲ ਕੇਜਰੀਵਾਲ ਸਰਕਾਰ ਦਾ ਸਬੰਧ ਨਹੀਂ : ਭਗਵੰਤ ਮਾਨ

04/06/2020 10:59:52 AM

ਚੰਡੀਗੜ੍ਹ (ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ ਦੇ ਗੁਰਦੁਆਰਾ ਸ੍ਰੀ ਮਜਨੂੰ ਕਾ ਟਿੱਲਾ ਦੀ ਪ੍ਰਬੰਧਕੀ ਕਮੇਟੀ 'ਤੇ ਦਿੱਲੀ ਪੁਲਸ ਵਲੋਂ ਕੀਤੀ ਗਈ ਐੱਫ. ਆਈ. ਆਰ. ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਕੇਜਰੀਵਾਲ ਸਰਕਾਰ 'ਤੇ ਲਗਾਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਮਨਘੜਤ, ਝੂਠੇ ਅਤੇ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਸਿਰੇ ਤੋਂ ਖਾਰਜ ਕਰ ਦਿੱਤਾ ਹੈ। 'ਆਪ' ਹੈਡਕੁਆਟਰ ਤੋਂ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਗੁਰਦੁਆਰਾ ਸ੍ਰੀ ਮਜਨੂੰ ਕਾ ਟਿੱਲਾ 'ਚ ਕਾਫੀ ਲੋਕਾਂ ਨੂੰ ਠਹਿਰਾਉਣ ਨੂੰ ਲੈ ਕੇ ਪ੍ਰਬੰਧਕੀ ਕਮੇਟੀ 'ਤੇ ਦਰਜ ਕੀਤੇ ਮੁਕੱਦਮੇ ਨਾਲ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਕੋਈ ਵਾਸਤਾ ਨਹੀਂ ਹੈ, ਕਿਉਂਕਿ ਦਿੱਲੀ ਪੁਲਸ ਸਿੱਧਾ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਆਉਂਦੀ ਹੈ, ਜਿਸ ਦੇ ਮੰਤਰੀ ਅਮਿਤ ਸ਼ਾਹ ਹਨ।

ਭਗਵੰਤ ਮਾਨ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਕਿ ਉਹ ਨਹੀਂ ਚਾਹੁੰਦੇ ਸਨ ਕਿ ਅਜਿਹੇ ਮੌਕੇ ਕੋਈ ਸਿਆਸੀ ਬਿਆਨ, ਆਲੋਚਨਾ ਜਾਂ ਕਿਸੇ ਦੀ ਨਿੰਦਿਆ ਕੀਤੀ ਜਾਵੇ, ਕਿਉਂਕਿ ਪੂਰੀ ਮਨੁੱਖਤਾ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਜੂਝ ਰਹੀ ਹੈ ਪਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ 'ਤੇ ਜੋ ਝੂਠੇ ਅਤੇ ਮਨਘੜਤ ਇਲਜ਼ਾਮ ਲਗਾਏ ਜਾ ਰਹੇ ਹਨ, ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਸ ਦਾ ਮੋੜਵਾਂ ਜਵਾਬ ਜ਼ਰੂਰੀ ਸੀ।

ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਸਰਕਾਰ ਦੇ ਕਹਿਣ 'ਤੇ ਦਿੱਲੀ ਪੁਲਸ ਐੱਫ. ਆਈ. ਆਰ. ਦਰਜ ਕਰਦੀ ਹੁੰਦੀ ਤਾਂ ਦਿੱਲੀ ਦੇ ਸਾਰੇ ਭ੍ਰਿਸ਼ਟ ਅਫ਼ਸਰਾਂ 'ਤੇ ਮਾਮਲੇ ਦਰਜ ਹੁੰਦੇ। ਉਨ੍ਹਾਂ ਨੇ ਸਿਰਸਾ ਨੂੰ ਸਲਾਹ ਦਿੱਤੀ ਕਿ ਇਧਰ-ਉਧਰ ਇਲਜ਼ਾਮਬਾਜ਼ੀ ਕਰਨ ਦੀ ਥਾਂ ਸਿੱਧਾ ਆਪਣੇ ਆਕਾ ਅਮਿਤ ਸ਼ਾਹ ਕੋਲੋਂ ਜਵਾਬ ਮੰਗਣਾ ਚਾਹੀਦਾ ਹੈ ਕਿ ਉਨ੍ਹਾਂ (ਭਾਜਪਾ) ਨੇ ਸ੍ਰੀ ਮਜਨੂੰ ਕਾ ਟਿੱਲਾ 'ਤੇ ਐੱਫ. ਆਈ. ਆਰ. ਕਿਵੇਂ ਦਰਜ ਕਰਵਾ ਦਿੱਤੀ।


shivani attri

Content Editor

Related News