ਭਗਵਾਂ ਸੋਚ ਨੂੰ ਬਾਲ ਮਨਾਂ ’ਤੇ ਥੋਪਣ ਲੱਗੀ ਮੋਦੀ ਸਰਕਾਰ : ਭਗਵੰਤ ਮਾਨ

07/11/2020 7:14:43 PM

ਚੰਡੀਗੜ੍ਹ, (ਰਮਨਜੀਤ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵਲੋਂ ਸੀ. ਬੀ. ਐੱਸ. ਈ. ਰਾਹੀਂ 9ਵੀਂ ਤੋਂ 12ਵੀਂ ਜਮਾਤਾਂ ਦੇ ਪਾਠਕ੍ਰਮ (ਸਿਲੇਬਸ) ਵਿਚੋਂ ਕਈ ਅਹਿਮ ਪਾਠ ਹਟਾਏ ਜਾਣ ਦਾ ਵਿਰੋਧ ਕਰਦੇ ਹੋਏ ਇਸ ਨੂੰ ਭਾਜਪਾ ਦੇ ਭਗਵੇਂਕਰਨ ਏਜੰਡੇ ਦਾ ਹਿੱਸਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਾਰੀਆਂ ਹੱਦਾਂ ਬੰਨੇ ਟੱਪ ਕੇ ਆਰ. ਐੱਸ. ਐੱਸ. ਦੀ ਭਗਵਾਂ ਸੋਚ ਨੂੰ ਬਾਲ ਮਨਾਂ ’ਤੇ ਥੋਪਣ ’ਤੇ ਆ ਗਈ ਹੈ। ਮਾਨ ਨੇ ਦੋਸ਼ ਲਾਇਆ ਕਿ ਭਾਜਪਾ ਆਪਣੇ ਭਗਵੇਂ ਏਜੰਡੇ ਨੂੰ ਪ੍ਰਤੱਖ ਤੌਰ ’ਤੇ ਲਾਗੂ ਕਰਨ ਲਈ ਉਤਾਰੂ ਹੋ ਚੁੱਕੀ ਹੈ, ਜੋ ਭਾਰਤੀ ਸੰਵਿਧਾਨ ਲਈ ਬੇਹੱਦ ਖਤਰਨਾਕ ਹੈ।

ਭਗਵੰਤ ਮਾਨ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੀ ਆੜ ‘ਚ ਸਕੂਲੀ ਸਿਲੇਬਸ ‘ਚ ਜੋ ਵਿਸ਼ੇ ਹਟਾਏ ਗਏ ਹਨ ਇਹ ਸ਼ੁਰੂ ਤੋਂ ਹੀ ਨਾਗਪੁਰ ਹੈੱਡਕੁਆਟਰ ਦੀਆਂ ਅੱਖਾਂ ‘ਚ ਰੜਕਦੇ ਰਹੇ ਹਨ। ਮਾਨ ਨੇ ਦੱਸਿਆ ਕਿ ਕੋਰੋਨਾ ਦੀ ਆੜ ‘ਚ 9ਵੀਂ ਤੋਂ 12ਵੀਂ ਤੱਕ ਦੇ ਪਾਠਕ੍ਰਮ ‘ਚ ਲਗਭਗ 30 ਫ਼ੀਸਦੀ ਕਟੌਤੀ ਉਨ੍ਹਾਂ ਮਹੱਤਵਪੂਰਨ ਪਾਠਾਂ ਦੀ ਕੀਤੀ ਗਈ ਹੈ ਜੋ ਵੰਨ-ਸੁਵੰਨਤਾ ਨਾਲ ਭਰਪੂਰ ਭਾਰਤ ਵਰਗੇ ਬਹੁ-ਭਾਸ਼ੀ ਅਤੇ ਬਹੁ-ਸਭਿਆਚਾਰੀ ਮੁਲਕ ‘ਚ ਵਿਦਿਆਰਥੀਆਂ ਨੂੰ ਆਪਸੀ ਸਦਭਾਵਨਾ ਅਤੇ ਪ੍ਰੇਮ-ਪਿਆਰ ਨਾਲ ਮਿਲਜੁਲ ਕੇ ਰਹਿਣਾ ਸਿਖਾਉਂਦੇ ਹਨ ਅਤੇ ਇਕ ਜ਼ਿੰਮੇਵਾਰ ਨਾਗਰਿਕ ਬਣਾਉਂਦੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਹੱਕ-ਹਕੂਕਾਂ ਦਾ ਹੋਕਾ, ਵੰਨ-ਸੁਵੰਨਤਾ, ਲੋਕਤੰਤਰ ਨੂੰ ਚੁਣੌਤੀਆਂ, ਧਰਮ ਨਿਰਪੱਖਤਾ ਅਤੇ ਗਿਆਨ ਵਿਗਿਆਨ ਆਦਿ ਵਰਗੇ ਮਹੱਤਵਪੂਰਨ ਮੁੱਦੇ ਕਦੇ ਵੀ ਭਾਜਪਾ ਦੇ ਗਲੇ ਨਹੀਂ ਉਤਰਦੇ ਸਨ, ਕਿਉਂਕਿ ਭਾਜਪਾ ਹਮੇਸ਼ਾ ਇਕ ਅਤੇ ਅੰਧ-ਵਿਸ਼ਵਾਸ ਦੀ ਪੁਜਾਰੀ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਫ਼ਿਰਕੂ ਸੋਚ ਦੇ ਆਧਾਰ ‘ਤੇ ਭਾਰਤ ਨੂੰ ਇਕ ਰਾਸ਼ਟਰ-ਇਕ ਰੰਗ (ਭਗਵਾ) ਤਹਿਤ ਨਵੇਂ ਸਿਰਿਓਂ ਘੜਨ ਦਾ ਜੋ ਘਾਤਕ ਰਾਹ ਅਪਣਾਇਆ ਹੋਇਆ ਹੈ, ਇਹ ਦੇਸ਼ ਨੂੰ ਆਰਥਿਕ, ਸਮਾਜਿਕ, ਧਾਰਮਿਕ ਅਤੇ ਸੰਵਿਧਾਨਕ ਤੌਰ ‘ਤੇ ਤੋੜ ਰਿਹਾ ਹੈ, ਵੰਡ ਰਿਹਾ ਹੈ ਅਤੇ ਕਮਜ਼ੋਰ ਕਰ ਰਿਹਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਆਰ.ਐੱਸ.ਐੱਸ. ਦੇ ਮਾਰਗ ਦਰਸ਼ਨ ‘ਤੇ ਚੱਲਦੀ ਹੋਈ ਮੋਦੀ ਸਰਕਾਰ ‘ਹਿਟਲਰ‘ ਦਾ ਰੂਪ ਧਾਰਦੀ ਜਾ ਰਹੀ ਹੈ। ਜਿਸ ‘ਚ ਨਾ ਸੰਘੀ ਢਾਂਚੇ ਅਤੇ ਨਾ ਹੀ ਧਰਮ ਨਿਰਪੱਖਤਾ ਲਈ ਕੋਈ ਜਗ੍ਹਾ ਹੈ। ਇਸ ਕਰਕੇ ਸਕੂਲੀ ਪਾਠਕ੍ਰਮ ‘ਚੋਂ ਸੰਘੀ ਢਾਂਚੇ ਨਾਲ ਸੰਬੰਧਿਤ ਸਥਾਨਕ ਸਰਕਾਰਾਂ ਦੀ ਜ਼ਰੂਰਤ, ਸਰਕਾਰਾਂ ਦੇ ਵਿਕਾਸ, ਨਾਗਰਿਕਤਾ, ਰਾਸ਼ਟਰ ਸੰਘ ਅਤੇ ਧਰਮ ਨਿਰਪੱਖਤਾ ਦੇ ਪਾਠ ਹਟਾ ਦਿੱਤੇ ਗਏ। ਇਸੇ ਤਰ੍ਹਾਂ ਲੋਕਤੰਤਰਿਕ ਅਧਿਕਾਰ, ਲੋਕਤੰਤਰ ਅਤੇ ਵਿਭਿੰਨਤਾ, ਧਰਮ ਅਤੇ ਜਾਤ, ਸੰਘਰਸ਼ ਅਤੇ ਅੰਦੋਲਨ, ਜੰਗਲ ਅਤੇ ਜੰਗਲੀ ਜਾਨਵਰ, ਕਿਸਾਨ, ਜ਼ਿਮੀਂਦਾਰ ਅਤੇ ਰਾਜ, ਬਟਵਾਰੇ ਤੇ ਦੇਸ਼ ਵਿਚ ਕਿਸਾਨਾਂ ਦੇ ਵਿਦਰੋਹਾਂ, ਲੇਖ, ਦਾ ਬੰਬੇ ਡੈਕਨ ਅਤੇ ਦਾ ਡੈਕਨ ਰਾਈਟਸ ਕਮਿਸ਼ਨ ਸਮੇਤ ਗੁਆਂਢੀ ਦੇਸ਼ਾਂ ਨਾਲ ਸਾਡੇ ਸੰਬੰਧਾਂ ਅਤੇ ਆਜ਼ਾਦੀ ਦੀ ਲੜਾਈ ਦੌਰਾਨ ਹੋਏ ਵੱਖ-ਵੱਖ ਅੰਦੋਲਨਾਂ ਨਾਲ ਸੰਬੰਧਿਤ ਪਾਠਾਂ ਨੂੰ ਵੀ ਛਾਂਗ ਦਿੱਤਾ ਗਿਆ ਹੈ।

ਭਗਵੰਤ ਮਾਨ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਲੋਂ ਸੱਚੀ-ਸੁੱਚੀ ਨੀਅਤ ਨਾਲ ਰਚਿਤ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਨੂੰ ਖ਼ਤਮ ਕਰਨ ‘ਤੇ ਤੁਲੀ ਭਾਜਪਾ ਨੂੰ ਇਕਜੁੱਟ ਹੋ ਕੇ ਰੋਕਣਾ ਬੇਹੱਦ ਜ਼ਰੂਰੀ ਹੈ। ਇਸ ਲਈ ਆਮ ਆਦਮੀ ਪਾਰਟੀ ਮੋਦੀ ਸਰਕਾਰ ਦੇ ਅਜਿਹੇ ਘਾਤਕ ਕਦਮਾਂ ਵਿਰੁਧ ਜਿਥੇ ਬੁੱਧੀਜੀਵੀ ਵਰਗ ਸਮੇਤ ਸਾਰੇ ਵਰਗਾਂ ਨੂੰ ਜਾਗਰੂਕ ਕਰੇਗੀ ਅਤੇ ਉਥੇ ਸੜਕ ਤੋਂ ਲੈਕੇ ਸੰਸਦ ਤੱਕ ਆਵਾਜ਼ ਬੁਲੰਦ ਕਰੇਗੀ।


Deepak Kumar

Content Editor

Related News