ਪ੍ਰਾਈਵੇਟ ਬੱਸ ਡਰਾਈਵਰ ਤੇ ਕੰਡਕਟਰ ਦੀ ਕੁੱਟ-ਮਾਰ, ਪੈਸੇ ਖੋਹੇ
Monday, Jan 21, 2019 - 04:38 AM (IST)

ਭਾਦਸੋਂ ,(ਅਵਤਾਰ)- ਬੀਤੀ ਰਾਤ ਚਹਿਲ ਵਿਖੇ ਇਕ ਪ੍ਰਾਈਵੇਟ ਬੱਸ ਨੂੰ ਗੱਡੀ ਵਾਲਿਆਂ ਵੱਲੋਂ ਘੇਰ ਕੇ ਉਸ ਦੇ ਡਰਾਈਵਰ ਤੇ ਕੰਡਕਟਰ ਦੀ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਾਬਾ ਦਿੱਤੂ ਜੀ ਹਾਈਵੇਜ਼ ਬੱਸ ਸਰਵਿਸ ਦੇ ਮਾਲਕ ਤੇਜਪਾਲ ਸਿੰਘ ਨੇ ਦੱਸਿਆ ਕਿ 19 ਜਨਵਰੀ ਉਸ ਦੀ ਕੰਪਨੀ ਦੀ ਇਕ ਬੱਸ ਜਿਸ ਦਾ ਨੰਬਰ ਪੀ ਬੀ 11 ਏ ਐੱਚ 5886 ਹੈ, ਨਾਭਾ ਤੋਂ ਖੰਨਾ ਲਈ ਸ਼ਾਮ 6.06 ਵਜੇ ਚੱਲੀ।
ਜਦੋਂ ਇਹ ਬੱਸ ਭਾਦਸੋਂ ਲੰਘ ਕੇ ਚਹਿਲ ਵਿਖੇ ਪੁੱਜੀ ਤਾਂ ਸਕਾਰਪੀਓ ਗੱਡੀ ’ਚ ਸਵਾਰ ਵਿਅਕਤੀਆਂ ਨੇ ਆ ਕੇ ਬੱਸ ਘੇਰ ਲਈ। ਉਨ੍ਹਾਂ ਬੱਸ ਡਰਾਈਵਰ ਮਲਕੀਤ ਸਿੰਘ ਅਤੇ ਕੰਡਕਟਰ ਸੁਰਾਜ ਖਾਨ ਨੂੰ ਬੱਸ ਤੋਂ ਉਤਾਰ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਮੁਲਾਜ਼ਮਾਂ ਦੀ ਕੁੱਟ-ਮਾਰ ਕਰਨ ਦੇ ਨਾਲ-ਨਾਲ 25 ਹਜ਼ਾਰ ਰੁਪਏ ਨਕਦ, ਏ. ਟੀ. ਐੈੱਮ. 2 ਮੋਬਾਇਲ, ਲਾਇਸੈਂਸ ਅਤੇ ਟਿਕਟਾਂ ਕੱਟਣ ਵਾਲੀ ਮਸ਼ੀਨ ਸਮੇਤ ਕੰਡਕਟਰ ਝੋਲਾ ਖੋਹ ਕੇ ਲੈ ਗਏ।
ਉਨ੍ਹਾਂ ਦੱਸਿਆ ਕਿ ਦੋਵੇਂ ਮੁਲਾਜਮਾਂ ਨੂੰ ਜ਼ਖਮੀ ਹਾਲਤ ਵਿਚ ਸਰਕਾਰੀ ਹਸਪਾਤਲ ਭਾਦਸੋਂ ਵਿਖੇ ਦਾਖਲ ਕਰਵਾਇਆ ਗਿਆ। ਬਾਅਦ ਵਿਚ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਮਾਮਲੇ ਦੀ ਪਡ਼ਤਾਲ ਕਰਨ ਵਾਲੇ ਜਾਂਚ ਅਧਿਕਾਰੀ ਨੇ ਗੱਲ ਕਰਨ ’ਤੇ ਕਿਹਾ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।