ਬਠਿੰਡਾ ਥਰਮਲ ਪਲਾਂਟ ਨੂੰ ਵੇਚਣ ਦੇ ਰੋਸ ਵਜੋਂ ਬਿਜਲੀ ਕਾਮਿਆਂ ਨੇ ਵਿੱਤ ਮੰਤਰੀ ਦਾ ਪੁਤਲਾ ਸਾੜ ਕੀਤੀ ਨਾਅਰੇਬਾਜ਼ੀ

Friday, Jun 26, 2020 - 03:10 PM (IST)

ਬਠਿੰਡਾ ਥਰਮਲ ਪਲਾਂਟ ਨੂੰ ਵੇਚਣ ਦੇ ਰੋਸ ਵਜੋਂ ਬਿਜਲੀ ਕਾਮਿਆਂ ਨੇ ਵਿੱਤ ਮੰਤਰੀ ਦਾ ਪੁਤਲਾ ਸਾੜ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ (ਕਾਂਸਲ,ਵਿਕਾਸ): ਪੰਜਾਬ ਸਰਕਾਰ ਵਲੋਂ ਬਠਿੰਡਾ ਥਰਮਲ ਪਲਾਂਟ ਨੂੰ ਵੇਚਣ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਰੋਸ ਵਜੋਂ ਅੱਜ ਪੀ.ਐੱਸ.ਪੀ.ਸੀ.ਐੱਲ (ਬਿਜਲੀ ਬੋਰਡ) ਦੇ ਕਰਮਚਾਰੀਆਂ ਦੀ ਜਥੇਬੰਦੀ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਸਥਾਨਕ ਕਰਮਚਾਰੀਆਂ ਨੇ ਬਿਜਲੀ ਬੋਰਡ ਦੇ ਸਥਾਨਕ ਦਫ਼ਤਰ ਅੱਗਿਓ ਲੰਘਦੀ ਨੈਸ਼ਨਲ ਹਾਈਵੇ ਦੀ ਸਰਵਿਸ ਲਾਈਨ 'ਤੇ ਪੰਜਾਬ ਦੇ ਵਿੱਤ ਮੰਤਰੀ ਦਾ ਪੁਤਲਾ ਸਾੜ ਕੇ ਕੀਤੇ ਆਰਥੀ ਫੂਕ ਰੋਸ ਮੁਜਾਹਰੇ ਦੌਰਾਨ ਪੰਜਾਬ ਸਰਕਾਰ ਅਤੇ ਪਾਵਰ ਕਾਮ ਮੈਨੇਜਮੈਂਟ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਇਸ ਤੋਂ ਪਹਿਲਾਂ ਕਰਮਚਾਰੀਆਂ ਵਲੋਂ ਦਫ਼ਤਰ ਵਿਖੇ ਕੀਤੀ ਗਈ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਸੇਵਾ ਮੁਕਤ ਸੁਖਦਰਸ਼ਨ ਸਿੰਘ ਅਤੇ ਡਵੀਜ਼ਨ ਪ੍ਰਧਾਨ ਪ੍ਰੀਤਮ ਸਿੰਘ ਨੇ ਪੰਜਾਬ ਸਰਕਾਰ ਵਲੋਂ ਬਠਿੰਡਾ ਥਰਮਲ ਪਲਾਂਟ ਨੂੰ ਵੇਚਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਅੱਜ ਜਦੋਂ ਪੂਰਾ ਵਿਸ਼ਵ ਕੋਰੋਨਾ ਦੀ ਮਾਰ  ਝੱਲ ਰਿਹਾ ਹੈ ਤਾਂ ਉੱਥੇ ਸਰਕਾਰ ਵਲੋਂ ਕੋਰੋਨਾ ਦੀ ਆੜ 'ਚ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨ ਵਿਰੋਧੀ ਫੈਸਲੇ ਲੈ ਕੇ ਮਜਦੂਰਾਂ, ਮੁਲਾਜ਼ਮਾਂ ਅਤੇ ਕਿਸਾਨਾਂ ਦੇ ਜ਼ਖ਼ਮਾਂ 'ਤੇ ਨਮਕ ਛਿੜਕਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਬਠਿੰਡਾ ਥਰਮਲ ਪਲਾਂਟ ਨੂੰ ਵੇਚਣ ਲਈ ਇਹ ਤਰਕ ਦੇਣਾ ਕਿ ਬਠਿੰਡਾ ਥਰਮਲ ਪਲਾਂਟ ਤੋਂ ਬਿਜਲੀ ਦਾ ਉਤਪਾਦਨ ਮਹਿੰਗਾ ਪੈਂਦਾ ਹੈ ਲੋਕਾਂ ਨੂੰ ਗੁੰਮਰਾਹ ਕਰਨਾ ਹੈ, ਜਿਸ ਦੀ ਸਚਾਈ ਜੁਆਇੰਟ ਫੋਰਮ ਨੇ ਆਰ.ਟੀ.ਆਈ ਰਾਹੀਂ ਖੁਲਾਸਾ ਕਰਕੇ ਸਭ ਦੇ ਸਾਹਮਣੇ ਲਿਆਂਦੀ ਹੈ ਕਿ ਬਠਿੰਡਾ ਥਰਮਲ ਪਲਾਂਟ ਨਾਲ ਪ੍ਰਾਈਵੇਟ ਥਰਮਲ ਪਲਾਟਾਂ ਵਿਚ ਕਥਿਤ ਤੌਰ 'ਤੇ ਬਿਜਲੀ ਦਾ ਉਦਪਾਦਨ ਮਹਿੰਗਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਕੇ ਇਸ ਨੂੰ ਵੇਚੇ ਜਾਣ ਨਾਲ ਜਿੱਥੇ ਇੱਥੇ ਕੰਮ ਕਰਦੇ ਅਨੇਕਾਂ ਕਰਮਚਾਰੀਆਂ ਦਾ ਉਜਾੜਾ ਕੀਤਾ ਜਾ ਰਿਹਾ ਹੈ, ਉਥੇ ਇਸ ਦੇ ਬੰਦ ਹੋਣ ਕਾਰਨ ਪੰਜਾਬ ਦੇ ਲੋਕਾਂ ਖਾਸ ਕਰਕੇ ਕਿਸਾਨ ਅਤੇ ਇੰਡਸਟਰੀ ਨੂੰ ਬਿਜਲੀ ਦੀ ਕਿੱਲਤ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਦੋਵੇਂ ਵਰਗਾਂ ਨੂੰ ਘਾਟੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਥਰਮਲ ਪਲਾਂਟ ਨੂੰ ਵੇਚਣ ਦਾ ਫੈਸਲਾ ਰੱਦ ਕਰਕੇ ਇਸ ਥਰਮਲ ਪਲਾਂਟ ਨੂੰ ਚਾਲੂ ਕਰਕੇ ਇਥੇ ਬਿਜਲੀ ਦਾ ਉਤਪਾਦਨ ਕਰਨਾ ਸ਼ੁਰੂ ਕਰੇ ਅਤੇ ਜਥੇਬੰਦੀ ਨਾਲ 19 ਮਾਰਚ 2020 ਨੂੰ ਕੀਤੇ ਸਮਝੌਤੇ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਾਮਲ ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।


author

Shyna

Content Editor

Related News