ਅੱਤਵਾਦੀਆਂ ਦੀ ਘੁਸਪੈਠ ਨੂੰ ਲੈ ਕੇ ਇਲਾਕੇ ''ਚ ਨਾਕਾਬੰਦੀ
Sunday, Nov 18, 2018 - 02:45 PM (IST)

ਬਠਿੰਡਾ (ਵਰਮਾ)— ਖਾਲਿਸਤਾਨ ਸਮਰਥਕਾਂ ਵੱਲੋਂ ਜੰਮੂ ਕਸ਼ਮੀਰ ਦੇ ਅੱਤਵਾਦੀਆਂ ਨਾਲ ਹੱਥ ਮਿਲਾਏ ਜਾਣ ਤੋਂ ਬਾਅਦ ਪੰਜਾਬ ਨੂੰ ਖੁਫੀਆ ਤੰਤਰ ਦੇ ਨਿਰਦੇਸ਼ 'ਤੇ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਤਾਜ਼ਾ ਘਟਨਾ 'ਚ ਪਠਾਨਕੋਟ ਤੋਂ 4 ਅੱਤਵਾਦੀਆਂ ਵੱਲੋਂ ਕਿਰਾਏ 'ਤੇ ਲਈ ਗੱਡੀ ਪਤਾ ਲਾਉਣ ਵਿਚ ਪੁਲਸ ਅਜੇ ਤੱਕ ਨਾਕਾਮ ਰਹੀ ਹੈ। ਪੰਜਾਬ 'ਚ ਬੇਸ਼ੱਕ ਚੱਪੇ-ਚੱਪੇ 'ਤੇ ਪੁਲਸ ਅੱਤਵਾਦੀਆਂ ਦੀ ਭਾਲ 'ਚ ਜੁਟੀ ਹੋਈ ਹੈ ਪਰ ਉਨ੍ਹਾਂ ਦੇ ਫਿਰੋਜ਼ਪੁਰ ਵੱਲ ਨੂੰ ਰੁਖ ਕੀਤੇ ਜਾਣ ਨੂੰ ਲੈ ਕੇ ਬਠਿੰਡਾ ਤੇ ਆਸ-ਪਾਸ ਦੇ ਇਲਾਕੇ ਵਿਚ ਵੀ ਅਲਰਟ ਕਾਰਨ ਸ਼ਹਿਰਾਂ ਨੂੰ ਸੀਲ ਕੀਤਾ ਗਿਆ ਅਤੇ ਨਾਕਾਬੰਦੀ ਕੀਤੀ ਹੋਈ ਹੈ। ਫਰਾਰ ਅੱਤਵਾਦੀਆਂ ਦੀਆਂ ਫੋਟੋਆਂ ਵੀ ਸਰਹੱਦੀ ਖੇਤਰਾਂ ਦੇ ਨਾਲ ਸਾਰੇ ਜ਼ਿਲਿਆਂ ਵਿਚ ਭੇਜੀ ਜਾ ਚੁੱਕੀ ਹੈ ਅਤੇ ਜਨਤਾ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਕਿਤੇ ਵੀ ਇਹ ਅੱਤਵਾਦੀ ਨਜ਼ਰ ਆਏ ਤਾਂ ਇਸਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ। ਹਾਈ ਅਲਰਟ ਨੂੰ ਲੈ ਕੇ ਬਠਿੰਡਾ ਜ਼ੋਨ ਦੇ ਆਈ. ਜੀ. ਐੱਮ. ਐੱਫ. ਫਾਰੂਕੀ ਦਾ ਕਹਿਣਾ ਹੈ ਕਿ ਸ਼ਹਿਰ ਤੇ ਆਸ-ਪਾਸ ਦੇ ਖੇਤਰਾਂ ਵਿਚ ਪੂਰੀ ਤਰ੍ਹਾਂ ਨਾਕਾਬੰਦੀ ਕੀਤੀ ਹੋਈ ਹੈ ਅਤੇ ਪੁਲਸ ਨੂੰ ਵੀ ਚੌਕੰਨਾ ਕੀਤਾ ਹੋਇਆ ਹੈ। ਸੁਰੱਖਿਆ ਦਸਤਿਆਂ ਨੂੰ ਆਧੁਨਿਕ ਤਕਨੀਕ ਨਾਲ ਲੈਸ ਕੀਤਾ ਹੋਇਆ ਹੈ ਤੇ ਸਪੈਸ਼ਲ ਫੋਰਸ ਦੀ ਕੁਝ ਟੀਮਾਂ ਵੀ ਤਾਇਨਾਤ ਕੀਤੀਆਂ ਹੋਈਆਂ ਹਨ। ਬਠਿੰਡਾ ਦਾ ਏਅਰਫੋਰਸ ਸਟੇਸ਼ਨ ਵੀ ਸੰਵੇਦਨਸ਼ੀਲ ਹੈ, ਉਥੋਂ ਦੇ ਬਾਹਰੀ ਖੇਤਰ ਪੂਰੀ ਤਰ੍ਹਾਂ ਪੁਲਸ ਦੀ ਨਜ਼ਰ ਵਿਚ ਹੈ, ਜਦਕਿ ਅੰਦਰਲੀ ਸਕਿਓਰਿਟੀ ਦਾ ਜ਼ਿੰਮਾ ਹਵਾਈ ਸੈਨਾ ਹਵਾਲੇ ਹੈ।
ਇਸੇ ਤਰ੍ਹਾਂ ਏਸ਼ੀਆ ਦੀ ਸਭ ਤੋਂ ਵੱਡੀ ਬਠਿੰਡਾ ਛਾਉਣੀ ਦੇ ਆਸ-ਪਾਸ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ੱਕ ਕੀਤਾ ਜਾ ਰਿਹਾ ਹੈ ਕਿ ਪਠਾਨਕੋਟ ਤੋਂ ਫਰਾਰ ਅੱਤਵਾਦੀ ਫਿਰੋਜ਼ਪੁਰ ਦੇ ਰਸਤੇ ਬਠਿੰਡਾ ਵਿਚ ਵੀ ਆਸਰਾ ਲੈ ਸਕਦੇ ਹਨ ਕਿਉਂਕਿ ਬਠਿੰਡਾ ਜ਼ਿਲਾ ਰਾਜਸਥਾਨ ਤੇ ਹਰਿਆਣਾ ਹੱਦ ਨਾਲ ਲੱਗਾ ਹੈ। ਜਿਵੇਂ ਕਿ ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਦਿੱਲੀ ਜਾਣ ਦੇ ਫਿਰਾਕ ਵਿਚ ਹਨ ਤੇ ਉਹ ਬਠਿੰਡਾ ਵੱਲ ਨੂੰ ਵੀ ਆ ਸਕਦੇ ਹਨ ਪਰ ਪੁਲਸ ਇਹ ਮੰਨਣ ਨੂੰ ਤਿਆਰ ਨਹੀਂ ਕਿ ਫਰਾਰ ਅੱਤਵਾਦੀ ਬਠਿੰਡਾ ਵਿਚ ਦਾਖਲ ਹੋ ਸਕਣਗੇ।