ਨਹੀਂ ਲੋੜ ਹੁਣ ਜ਼ੋਮੈਟੋ ਦੀ, ਪਿੰਡਾਂ ਦੇ ਦੁਕਾਨਦਾਰ ਬਣੇ ਡਲਿਵਰੀ ਬੁਆਏ
Tuesday, Mar 31, 2020 - 06:21 PM (IST)
ਬਠਿੰਡਾ (ਕੁਨਾਲ, ਸੁਖਵਿੰਦਰ) - ਬਠਿੰਡਾ ਸ਼ਹਿਰ ’ਚ ਕਰਫਿਊ ਕਾਰਣ ਪੈਦਾ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਰਾਸ਼ਨ ਦੀ ਸਪਲਾਈ ਹੁਣ ਜ਼ੋਮੈਟੋ ਕੰਪਨੀ ਸਟਾਫ਼ ਵਲੋਂ ਕੀਤੀ ਜਾਵੇਗੀ। ਜ਼ੋਮੈਟੋ ਦੀ ਟੀਮ ਨੂੰ ਇਸ ਕੰਮ ਲਈ ਡਿਪਟੀ ਕਮਿਸ਼ਨਰ ਬੀ. ਸ੍ਰੀ ਨਿਵਾਸਨ ਅਤੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਵਲੋਂ ਰਵਾਨਾ ਕੀਤਾ। ਇਸ ਤਹਿਤ ਆਮ ਨਾਗਰਿਕ ਜ਼ੋਮੈਟੋ ਐਪ ਰਾਹੀਂ ਆਨ ਲਾਈਨ ਆਪਣਾ ਆਰਡਰ ਦੇ ਸਕਦੇ ਹਨ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੱਥੇ-ਜਿੱਥੇ ਵਾਹਨਾਂ ਰਾਹੀਂ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਉਥੇ ਹੀ 20 ਸਟੋਰਾਂ ਨੂੰ ਵੀ ਆਨ ਲਾਈਨ ਆਰਡਰ ਲੈ ਕਿ ਘਰਾਂ ’ਚ ਰਾਸ਼ਨ ਸਪਲਾਈ ਕਰਨ ਦਾ ਕੰਮ ਦਿੱਤਾ ਗਿਆ ਹੈ। ਜ਼ੋਮੈਟੋ ਦੀ ਟੀਮ ਵਲੋਂ ਹੁਣ ਫੀਲਡ ’ਚ ਉਤਰ ਕੇ ਰਾਸ਼ਨ ਸਬੰਧੀ ਆ ਰਹੀ ਪ੍ਰੇਸ਼ਾਨੀ ਪੂਰੀ ਤਰ੍ਹਾਂ ਸਮਾਪਤ ਹੋ ਜਾਵੇਗੀ। ਇਸ ਦੇ ਨਾਲ ਹੀ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮਿਲ ਸਕੇਗਾ। ਸਿਰਫ ਸੋਮਵਾਰ ਨੂੰ ਹੀ 1850 ਪਰਿਵਾਰਾਂ ਨੂੰ ਰਾਸ਼ਨ ਦੇ ਪੈਕੇਟ ਵੰਡੇ ਗਏ, ਜਿਸ ’ਚ ਹਰ ਪਰਿਵਾਰ ਲਈ 7 ਦਿਨ ਦਾ ਰਾਸ਼ਨ ਸੀ।
ਇਸ ਤੋਂ ਇਲਾਵਾ ਸੋਮਵਾਰ ਨੂੰ ਨਗਰ ਨਿਗਮ ਵਲੋਂ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਕੁੱਲ 13, 257 ਲੋਕਾਂ ਨੂੰ ਤਿਆਰ ਕੀਤਾ ਭੋਜਨ ਸਵੇਰੇ ਅਤੇ ਸ਼ਾਮ ਨੂੰ ਮੁਹੱਈਆ ਕਰਵਾਇਆ ਗਿਆ। ਐੱਸ. ਐੱਸ. ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰਫਿਊ ਦਾ ਪਾਲਣ ਕਰਨ ਅਤੇ ਬਿਨ੍ਹਾਂ ਕਿਸੇ ਕੰਮ ਤੋਂ ਘਰਾਂ ਤੋਂ ਬਾਹਰ ਨਾ ਨਿਕਲਣ। ਬਿਨ੍ਹਾਂ ਪਾਸ ਦੇ ਘਰਾਂ ’ਚੋਂ ਨਿਕਲਣ ਵਾਲਿਆਂ ਖਿਲਾਫ਼ ਪੁਲਸ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।