ਬਾਰਿਸ਼ ਅਤੇ ਤੇਜ਼ ਹਨੇਰੀ ਕਾਰਨ ਫਸਲਾਂ ਨੁਕਸਾਨੀਆਂ

Sunday, Sep 29, 2019 - 11:04 AM (IST)

ਬਾਰਿਸ਼ ਅਤੇ ਤੇਜ਼ ਹਨੇਰੀ ਕਾਰਨ ਫਸਲਾਂ ਨੁਕਸਾਨੀਆਂ

ਬਠਿੰਡਾ (ਪਰਮਿੰਦਰ) : ਸ਼ਨੀਵਾਰ ਸ਼ਾਮ ਨੂੰ ਬਠਿੰਡਾ ਅਤੇ ਆਸਪਾਸ ਇਲਾਕੇ 'ਚ ਹੋਈ ਬਾਰਿਸ਼ ਅਤੇ ਤੇਜ਼ ਹਨੇਰੀ ਕਾਰਨ ਬੇਸ਼ੱਕ ਤਾਪਮਾਨ 'ਚ ਗਿਰਾਵਟ ਦਰਜ ਹੋਈ ਪਰ ਇਸ ਬਾਰਿਸ਼ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਬਾਰਿਸ਼ ਨੇ ਜਿਥੇ ਕਪਾਹ ਦੀ ਖਿੰਡੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ, ਉਥੇ ਹੀ ਝੋਨੇ ਦੀ ਫਸਲ ਨੂੰ ਵੀ ਨੁਕਸਾਨ ਪਹੁੰਚਣ ਦੇ ਆਸਾਰ ਹਨ। ਜ਼ਿਆਦਾਤਰ ਖੇਤਰ 'ਚ ਕਪਾਹ ਦੀ ਫਸਲ ਖਿੜ੍ਹ ਚੁੱਕੀ ਹੈ ਪਰ ਮੌਸਮ ਨੇ ਕਿਸਾਨਾਂ ਨੂੰ ਫਿਕਰਾਂ 'ਚ ਪਾ ਦਿੱਤਾ ਹੈ। ਬਠਿੰਡਾ ਦੇ ਸੰਗਤ ਬਲਾਕ ਦੇ ਕਈ ਪਿੰਡਾਂ 'ਚ ਭਾਰੀ ਬਾਰਿਸ਼ ਹੋਈ। ਪਿੰਡ ਮਹਿਤਾ ਦੇ ਕੁਝ ਹੇਠਲੇ ਇਲਾਕਿਆਂ 'ਚ ਵੱਡੀ ਮਾਤਰਾ 'ਚ ਪਾਣੀ ਜਮ੍ਹਾ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆਈਆਂ। ਰਾਮਪੁਰਾ ਖੇਤਰ 'ਚ ਕੁਝ ਇਲਾਕਿਆਂ 'ਚ ਦਰਮਿਆਨੀ ਬਾਰਿਸ਼ ਹੋਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਫਸਲਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੱਕੀਆਂ ਫਸਲਾਂ 'ਤੇ ਹੋ ਰਹੀ ਬਾਰਿਸ਼ ਅਤੇ ਹਨੇਰੀ ਕਾਰਨ ਕਾਫੀ ਨੁਕਸਾਨ ਹੋਇਆ ਹੈ। ਹਨੇਰੀ ਕਾਰਨ ਕਈ ਇਲਾਕਿਆਂ 'ਚ ਦਰੱਖਤ ਆਦਿ ਟੁੱਟ ਕੇ ਡਿੱਗੇ ਹਨ, ਜਿਸ ਕਾਰਨ ਕੁਝ ਜਗ੍ਹਾ 'ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।


author

cherry

Content Editor

Related News