ਬਠਿੰਡਾ : ਵਿਦੇਸ਼ ਤੋਂ ਪਰਤੇ ਇਕ ਹੋਰ ਵਿਅਕਤੀ ਦਾ ਕੋਰੋਨਾ ਟੈਸਟ ਆਇਆ ਪਾਜ਼ੇਟਿਵ

Friday, May 22, 2020 - 09:51 PM (IST)

ਬਠਿੰਡਾ : ਵਿਦੇਸ਼ ਤੋਂ ਪਰਤੇ ਇਕ ਹੋਰ ਵਿਅਕਤੀ ਦਾ ਕੋਰੋਨਾ ਟੈਸਟ ਆਇਆ ਪਾਜ਼ੇਟਿਵ

ਬਠਿੰਡਾ, (ਬਲਵਿੰਦਰ)- ਬਠਿੰਡਾ ਜ਼ਿਲ੍ਹੇ 'ਚ ਪਹਿਲਾਂ ਤੋਂ ਪਾਜ਼ੇਟਿਵ ਆਏ ਸਾਰੇ 43 ਲੋਕਾਂ ਦੇ ਠੀਕ ਹੋ ਕੇ ਘਰ ਪਰਤ ਜਾਣ ਤੋਂ ਬਾਅਦ ਅੱਜ ਇਕ ਹੋਰ ਵਿਅਕਤੀ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਇਸ ਦੀ ਪੁਸ਼ਟੀ ਕਰਦਿਆਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਕਿਉਂਕਿ ਜਿਸ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ, ਉਹ ਪਹਿਲਾਂ ਹੀ ਪ੍ਰਸ਼ਾਸਨ ਦੇ ਨਿਯੰਤਰਣ ਹੇਠ ਸਰਕਾਰੀ ਇਕਾਂਤਵਾਸ ਵਿਚ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਸ ਵਿਅਕਤੀ ਦੀ ਅੱਜ ਰਿਪੋਰਟ ਪ੍ਰਾਪਤ ਹੋਈ ਹੈ, ਉਹ ਵਿਦੇਸ਼ ਤੋਂ ਪਰਤਿਆ ਸੀ। ਉਹ ਦੁਬਈ ਤੋਂ ਆਇਆ ਸੀ ਅਤੇ ਦੇਸ਼ ਪਰਤਨ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਵਿਚ ਆਉਣ 'ਤੇ ਉਸ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਸੀ।

ਜਿੱਥੇ ਟੈਸਟਿੰਗ ਦੌਰਾਨ ਉਸ ਨੂੰ ਕੋਵਿਡ-19 ਬਿਮਾਰੀ ਹੋਣ ਦੀ ਪੁਸ਼ਟੀ ਹੋਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਕਤ ਵਿਅਕਤੀ ਦੇ ਇਕਾਂਤਵਾਸ ਵਿਚ ਹੋਣ ਕਾਰਨ ਉਸ ਤੋਂ ਸਥਾਨਕ ਲਾਗ ਦਾ ਖਤਰਾ ਨਹੀਂ ਹੈ ਪਰ ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਦੀ ਹਰ ਸਲਾਹ ਦਾ ਸਖ਼ਤੀ ਨਾਲ ਪਾਲਣ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਤੋਂ ਭੇਜੇ 5 ਹੋਰ ਨਮੂਨਿਆਂ ਦੀ ਜਾਂਚ ਰਿਪੋਰਟ ਅੱਜ ਪ੍ਰਾਪਤ ਹੋਈ ਸੀ, ਜਿਸ 'ਚ ਉਪਰੋਕਤ ਇਕ ਦੀ ਪਾਜ਼ੇਟਿਵ ਅਤੇ ਬਾਕੀ ਚਾਰ ਦੀ ਨੈਗੇਟਿਵ ਰਿਪੋਰਟ ਆਈ ਹੈ। ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਭੇਜੇ 95 ਨਮੂਨਿਆਂ ਦੀ ਜਾਂਚ ਰਿਪੋਰਟ ਹਾਲੇ ਆਉਣੀ ਬਕਾਇਆ ਹੈ, ਜਦ ਕਿ ਅੱਜ 111 ਹੋਰ ਨਮੂਨੇ ਜਾਂਚ ਲਈ ਭੇਜੇ ਗਏ ਹਨ।


author

Deepak Kumar

Content Editor

Related News