ਏਮਜ਼ ਬਾਰੇ ਝੂਠ ਦਾ ਜਾਲ ਬੁਣਨ ਲਈ ਲੋਕ ਕਾਂਗਰਸ ਨੂੰ ਦੇਣਗੇ ਕਰਾਰਾ ਜਵਾਬ : ਹਰਸਿਮਰਤ

03/31/2019 1:25:33 PM

ਬਠਿੰਡਾ(ਵਰਮਾ) : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਏਮਜ਼ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਉਣ ਦਾ ਸਿਹਰਾ ਉਨ੍ਹਾਂ ਨੂੰ ਅਤੇ ਐੱਨ. ਡੀ. ਏ. ਸਰਕਾਰ ਨੂੰ ਨਾ ਦੇਣ ਲਈ ਬੁਣੇ ਜਾ ਰਹੇ ਝੂਠ ਅਤੇ ਧੋਖੇ ਦੇ ਜਾਲ ਵਾਸਤੇ ਲੋਕ ਇਸ ਸਰਕਾਰ ਨੂੰ ਇਕ ਕਰਾਰਾ ਸਬਕ ਸਿਖਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਲੋਕਾਂ ਦੇ ਰੋਹ ਤੋਂ ਬਚਣ ਲਈ ਆਪਣੇ ਕੈਬਨਿਟ ਮੰਤਰੀ ਦੇ ਰਾਹੀਂ ਝੂਠੇ ਅੰਕੜੇ ਪੇਸ਼ ਕਰਨ ਜਦਕਿ ਹਕੀਕਤ ਇਹ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਬਠਿੰਡਾ ਵਾਸੀਆਂ ਲਈ ਕੁੱਝ ਨਹੀਂ ਕੀਤਾ ਹੈ।

ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਝੂਠੇ ਅੰਕੜੇ ਪੇਸ਼ ਕਰ ਕੇ ਸਿਰਫ ਇਕ ਜੀ-ਹਜ਼ੂਰੀਏ ਵਾਲੇ ਡਿਊਟੀ ਨਿਭਾ ਰਹੇ ਹਨ ਜਦਕਿ ਉਹ ਜਨਤਕ ਤੌਰ 'ਤੇ ਇਹ ਸਵੀਕਾਰ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਇਕ ਵੱਕਾਰੀ ਸੰਸਥਾਨ ਨੂੰ ਸਥਾਪਤ ਕਰਨ ਵਿਚ ਕੋਈ ਦਿਲਚਸਪੀ ਨਹੀਂ ਹੈ ਅਤੇ ਉਹ ਕਦੇ ਵੀ ਇਸ ਪ੍ਰਾਜੈਕਟ ਨੂੰ ਵੇਖਣ ਨਹੀਂ ਗਏ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਦੀ ਕਾਂਗਰਸ ਲੀਡਰਸ਼ਿਪ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਖਾਮੋਸ਼ ਰਹਿ ਕੇ ਸਰਕਾਰ ਵਲੋਂ ਏਮਜ਼ ਖ਼ਿਲਾਫ ਚਲਾਈ ਜਾ ਰਹੀ ਇਸ ਘਟੀਆ ਖੇਡ ਨੂੰ ਸਹਿਮਤੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦੀ ਹਾਂ ਕਿ ਉਹ ਪਿਛਲੇ ਦੋ ਸਾਲਾਂ ਵਿਚ ਉਨ੍ਹਾਂ ਦੀ ਸਰਕਾਰ ਵਲੋਂ ਬਠਿੰਡਾ ਲਈ ਕੀਤੀ ਕੋਈ ਇਕ ਚੀਜ਼ ਗਿਣਾਉਣ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵਲੋਂ ਆਪਣੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਬਠਿੰਡਾ ਵਿਚ ਕੀਤੇ ਕਿਸੇ ਕੰਮ ਨੂੰ ਗਿਣਾਉਣ ਦੀ ਵੀ ਚੁਣੌਤੀ ਦਿੰਦੀ ਹਾਂ, ਜਦਕਿ ਉਸ ਸਮੇਂ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਸਮੇਤ ਪੰਜਾਬ ਦੇ ਕਾਂਗਰਸੀਆਂ ਵਲੋਂ ਕੇਂਦਰੀ ਕੈਬਨਿਟ ਵਿਚ ਪੰਜਾਬ ਦੀ ਨੁਮਾਇੰਦਗੀ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਮੈਂ ਇਹ ਗੱਲ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਏਮਜ਼, ਬਠਿੰਡਾ ਦੀ ਨਿਸ਼ਚਿਤ ਸਮਾਂ-ਸੀਮਾ ਅੰਦਰ ਉਸਾਰੀ 'ਚ ਦੇਰੀ ਕਾਂਗਰਸ ਸਰਕਾਰ ਵਲੋਂ ਪਾਏ ਅੜਿੱਕਿਆਂ ਕਰ ਕੇ ਹੋਈ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਪ੍ਰਾਜੈਕਟ ਵਾਲੀ ਜਗ੍ਹਾ ਉਪਰੋਂ ਰਜਵਾਹਿਆਂ ਅਤੇ ਬਿਜਲੀ ਦੀਆਂ ਤਾਰਾਂ ਨੂੰ ਹਟਾਇਆ ਗਿਆ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਚਕਾਰ ਸਹੀਬੰਦ ਹੋਏ ਐੱਮ. ਓ. ਯੂ. ਅਨੁਸਾਰ ਦਿੱਤੀਆਂ ਜਾਣ ਵਾਲੀਆਂ ਲਾਜ਼ਮੀ ਪ੍ਰਵਾਨਗੀਆਂ ਨੂੰ ਲਟਕਾਇਆ ਗਿਆ। ਕਾਂਗਰਸ ਸਰਕਾਰ ਨੇ ਫਰੀਦਕੋਟ ਵਿਖੇ ਆਰਜ਼ੀ ਕੈਂਪਸ ਸਥਾਪਤ ਕਰਨ ਸਬੰਧੀ ਆਪਣੇ ਪੈਰ ਪਿੱਛੇ ਖਿੱਚਣ ਦੀ ਕੋਸ਼ਿਸ਼ ਕੀਤੀ ਸੀ। ਫਿਰ ਮੈਂ ਇਸ ਮੁੱਦੇ ਨੂੰ ਚੁੱਕਿਆ ਅਤੇ ਯੋਜਨਾ ਮੁਤਾਬਕ ਐੱਮ. ਬੀ. ਬੀ. ਐੱਸ. ਦੀਆਂ ਕਲਾਸਾਂ ਸ਼ੁਰੂ ਹੋਣਾ ਯਕੀਨੀ ਬਣਾਇਆ। ਉਨ੍ਹਾਂ ਕਿਹਾ ਕਿ ਹੁਣ ਵੀ ਸਰਕਾਰ ਇੱਥੇ ਬਿਜਲੀ ਗਰਿੱਡ ਲਾਉਣ ਤੋਂ ਭੱਜ ਰਹੀ ਹੈ ਜਦਕਿ ਯੋਜਨਾ ਅਨੁਸਾਰ ਏਮਜ਼ ਬਠਿੰਡਾ ਦਾ ਓ. ਪੀ. ਡੀ. ਇਸ ਸਾਲ ਮਈ 'ਚ ਸ਼ੁਰੂ ਹੋਣਾ ਹੈ ਅਤੇ ਬ੍ਰਹਮ ਮਹਿੰਦਰਾ ਇਹ ਬਿਆਨ ਦੇ ਰਹੇ ਹਨ ਕਿ ਪੀ. ਐੱਸ. ਪੀ. ਸੀ. ਐੱਲ. ਵਲੋਂ ਇਸ ਸਬੰਧੀ ਦਿੱਤੀ ਸਮਾਂ-ਸੀਮਾ ਨਿਕਲ ਜਾਣ ਮਗਰੋਂ ਇਸ ਬਾਰੇ ਵਿਚਾਰਿਆ ਜਾਵੇਗਾ।


cherry

Content Editor

Related News