ਗੰਦੇ ਪਾਣੀ ਦੇ ਹੱਲ ਲਈ ਸੜਕਾਂ ''ਤੇ ਉਤਰੀਆਂ ਔਰਤਾਂ, ਲਾਇਆ ਧਰਨਾ

09/07/2019 4:58:35 PM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : ਪਿਛਲੇ 15 ਦਿਨਾਂ ਤੋਂ ਜੰਡਾਂ ਵਾਲਾ ਰੋਡ ਘੁਮਿਆਰਾਂ ਵਾਲੀ ਗਲੀ ਦੇ ਮੁਹੱਲੇ ਦੇ ਲੋਕ ਗੰਦੇ ਪਾਣੀ ਦੀ ਨਿਕਾਸੀ ਅਤੇ ਪੀਣ ਵਾਲੇ ਪਾਣੀ ਦੀਆਂ ਟੂਟੀਆਂ 'ਚੋਂ ਗੰਦਾ ਪਾਣੀ ਆਉਣ ਕਾਰਨ ਨਰਕ ਭਰੀ ਜ਼ਿੰਦਗੀ ਬਿਤਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ। ਮੁਹੱਲੇ ਦੇ ਲੋਕਾਂ ਨੇ ਜੰਡਾਂ ਵਾਲਾ ਰੋਡ ਜਾਮ ਕਰ ਕੇ ਧਰਨਾ ਲਾ ਦਿੱਤਾ। ਭਾਰੀ ਗਿਣਤੀ 'ਚ ਔਰਤਾਂ ਵੀ ਆਪਣੇ ਘਰਾਂ 'ਚੋਂ ਨਿਕਲ ਕੇ ਧਰਨੇ 'ਚ ਆ ਕੇ ਬੈਠ ਗਈਆਂ ਅਤੇ ਧਰਨੇ ਦੀ ਅਗਵਾਈ ਕਰਨ ਲੱਗੀਆਂ।

PunjabKesari

ਇਨਸਾਨ ਤਾਂ ਕੀ ਪਸ਼ੂ ਵੀ ਨਹੀਂ ਪੀ ਰਹੇ ਅਜਿਹਾ ਗੰਦਾ ਪਾਣੀ
ਸਰਵਜੀਤ ਕੌਰ ਨੇ ਕਿਹਾ ਕਿ ਸਾਡੇ ਮੁਹੱਲੇ ਦੀਆਂ ਟੂਟੀਆਂ 'ਚੋਂ ਪਿਛਲੇ 15 ਦਿਨਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। ਅਧਿਕਾਰੀਆਂ ਕੋਲ ਇਸ ਸਬੰਧੀ ਫਰਿਆਦ ਵੀ ਲਾਈ ਪਰ ਮਸਲਾ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ। ਪਾਣੀ 'ਚੋਂ ਇੰਨੀ ਭਿਆਨਕ ਬਦਬੂ ਆ ਰਹੀ ਹੈ ਕਿ ਸਾਡੇ ਪਸ਼ੂ ਵੀ ਇਹ ਪਾਣੀ ਨਹੀਂ ਪੀ ਰਹੇ। ਇਨਸਾਨ ਨੇ ਤਾਂ ਇਹ ਪਾਣੀ ਕੀ ਪੀਣਾ ਹੈ। ਗੰਦਾ ਪਾਣੀ ਪੀ ਕੇ ਸਾਡੇ ਮੁਹੱਲੇ ਦੇ ਲੋਕ ਬੀਮਾਰ ਹੋ ਚੁੱਕੇ ਹਨ। ਇਕ 13 ਸਾਲਾ ਲੜਕੀ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਨਹੀਂ ਉਠਿਆ, ਜਿਸ ਕਾਰਨ ਹੁਣ ਸਾਨੂੰ ਮਜਬੂਰ ਹੋ ਕੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜੇਕਰ ਸਾਡੀ ਸਮੱਸਿਆ ਦਾ ਹੱਲ ਜਲਦ ਨਾ ਕੱਢਿਆ ਗਿਆ ਤਾਂ ਸਾਨੂੰ ਮਜਬੂਰ ਹੋ ਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਬੀਮਾਰ ਲੋਕਾਂ 'ਚੋਂ ਕਿਸੇ ਦੀ ਜਾਨ ਗਈ ਤਾਂ ਪ੍ਰਸ਼ਾਸਨ ਹੋਵੇਗਾ ਜ਼ਿੰਮੇਵਾਰ
ਨਿਰਮਲਾ, ਕਰਮਜੀਤ ਕੌਰ, ਕਮਲਜੀਤ ਕੌਰ ਆਦਿ ਨੇ ਕਿਹਾ ਕਿ ਗੰਦਾ ਪਾਣੀ ਪੀ ਕੇ ਮੁੱਹਲੇ ਦੇ 80 ਫੀਸਦੀ ਲੋਕ ਬੀਮਾਰ ਹੋ ਚੁੱਕੇ ਹਨ। ਜੇਕਰ ਇਨ੍ਹਾਂ 'ਚੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਇਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇੰਨਾ ਹੀ ਨਹੀਂ ਮੁਹੱਲੇ 'ਚ ਗੰਦੇ ਪਾਣੀ ਦੀ ਨਿਕਾਸੀ ਦਾ ਵੀ ਕੋਈ ਯੋਗ ਪ੍ਰਬੰਧ ਨਹੀਂ। ਗਲੀ 'ਚ ਸਾਰਾ ਦਿਨ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਗੰਦੇ ਪਾਣੀ 'ਚੋਂ ਨਿਕਲ ਕੇ ਆਪਣੇ ਘਰਾਂ ਅਤੇ ਹੋਰ ਥਾਵਾਂ 'ਤੇ ਜਾਣਾ ਪੈਂਦਾ ਹੈ, ਜਿਨ੍ਹਾਂ ਅਧਿਕਾਰੀਆਂ ਕਾਰਨ ਅਸੀਂ ਨਰਕ ਭਰੀ ਜ਼ਿੰਦਗੀ ਜੀ ਰਹੇ ਹਾਂ, ਉਨ੍ਹਾਂ ਅਧਿਕਾਰੀਆਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕੋਮਲ, ਵੀਰਪਾਲ ਕੌਰ, ਬੱਗਾ ਸਿੰਘ, ਰਾਜ ਰਾਣੀ, ਭੋਲਾ ਸਿੰਘ, ਹਰਦੀਪ ਸਿੰਘ, ਕਾਲਾ ਸਿੰਘ ਆਦਿ ਹਾਜ਼ਰ ਸਨ।

ਕੀ ਕਹਿੰਦੇ ਹਨ ਅਧਿਕਾਰੀ
ਸੀਵਰੇਜ ਬੋਰਡ ਦੇ ਜੇ. ਈ. ਸੁਰਿੰਦਰ ਕੁਮਾਰ ਨੇ ਕਿਹਾ ਕਿ ਅਸੀਂ ਮੌਕੇ 'ਤੇ ਹੀ ਖੜ੍ਹੇ ਹਾਂ। ਮੌਕੇ ਦਾ ਜਾਇਜ਼ਾ ਲੈ ਰਹੇ ਹਾਂ। ਜਲਦ ਹੀ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ। ਜਦੋਂ ਇਸ ਸਬੰਧੀ ਐੱਸ. ਡੀ. ਓ. ਹਰਸ਼ਰਨਜੀਤ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ।


cherry

Content Editor

Related News