ਬਰਨਾਲਾ: ਸ਼ਰਾਬ ਦੇ 4 ਸਰਕਲਾਂ ਦੀ ਨੀਲਾਮੀ ਨਾ ਹੋਣ ਕਾਰਨ ਸਰਕਾਰ ਨੂੰ ਰੋਜ਼ਾਨਾ ਲੱਗ ਰਿਹੈ ਲੱਖਾਂ ਦਾ ਚੂਨਾ

5/22/2020 2:54:12 PM

ਬਰਨਾਲਾ  (ਵਿਵੇਕ ਸਿੰਧਵਾਨੀ): ਜ਼ਿਲ੍ਹਾ ਬਰਨਾਲਾ ਦੇ ਚਾਰ ਸ਼ਰਾਬ ਦੇ ਸਰਕਲਾਂ ਸ਼ਹਿਣਾ,ਭਦੌੜ,ਧਨੌਲਾ ਅਤੇ ਰੁੜੇਕੇ ਦੀ ਠੇਕੇ ਦੀ ਮਿਆਦ 31 ਮਾਰਚ ਨੂੰ ਖਤਮ ਹੋ ਗਈ ਸੀ ਤੇ ਮੁੜ ਕੇ ਹਾਲੇ ਤਕ ਦੁਬਾਰਾ ਨੀਲਾਮੀ ਨਹੀਂ ਹੋਈ ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਸਰਕਲਾਂ 'ਚ ਸ਼ਰਾਬ ਦੀ ਵਿਕਰੀ ਲਗਾਤਾਰ ਜਾਰੀ ਹੈ ਤੇ ਮਹਿਕਮਾ ਅੱਖਾਂ ਮੀਚ ਕੇ ਬੈਠਾ ਹੈ ਤੇ ਹੁਣ ਪੁਲਸ ਵਲੋਂ ਰੂੜੇਕੇ ਸਰਕਲ 'ਚ ਛਾਪੇਮਾਰੀ ਕਰਕੇ ਇਕ ਵਿਅਕਤੀ 'ਤੇ ਕੇਸ ਦਰਜ ਕੀਤਾ ਗਿਆ ਹੈ ਜਦਕਿ ਇਹ ਵੀ ਪਤਾ ਲੱਗਿਆ ਹੈ ਕਿ ਇਕ ਸਰਕਲ ਤੋਂ ਸਰਕਾਰ ਨੂੰ ਮਹੀਨੇ 'ਚ 35 ਤੋਂ 40 ਲੱਖ ਰੁਪਏ ਦੀ ਆਮਦਨ ਹੋਣੀ ਹੁੰਦੀ ਹੈ ਤੇ ਇਸ ਤਰ੍ਹਾਂ ਹੁਣ ਤੱਕ ਸਰਕਾਰ ਨੂੰ ਤਾਂ ਕਰੋੜਾਂ ਦਾ ਰਗੜਾ ਲੱਗ ਚੁੱਕਿਆ ਹੈ ਪਰ ਸ਼ਰਾਬ ਦੀ ਵਿਕਰੀ ਇਨ੍ਹਾਂ ਸਰਕਲਾਂ 'ਚ ਜਾਰੀ ਹੈ।

ਬੀਤੇ ਦਿਨੀਂ ਸਰਕਲ ਰੂੜੇਕੇ ਅਧੀਂਨ ਪੈਂਦੇ ਪਿੰਡ ਮਹਿਤਾ ਵਿਖੇ ਪ੍ਰਵਾਸੀ ਵਿਅਕਤੀ ਵਲੋ ਸ਼ਰੇਆਮ ਠੇਕੇ ਵਾਂਗ ਦੁਕਾਨ ਖੋਲ ਕੇ ਵੇਚੀ ਜਾ ਰਹੀ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀ ਵੱਡੀ ਖੇਪ ਸਣੇ ਇਕ ਪ੍ਰਵਾਸੀ ਵਿਅਕਤੀ ਨੂੰ ਜ਼ਿਲੇ ਦੇ ਸੀ.ਆਈ.ਏ ਸਟਾਫ ਵਲੋਂ ਦਬੋਚਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ ਸਟਾਫ ਦੇ ਸਬ-ਇੰਸਪੈਕਟਰ ਰਣਧੀਰ ਸਿੰਘ ਕੋਲ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਮਹਿਤਾ ਜਿਸ ਦੇ ਅੰਦਰ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਲੱਗੇ ਕਰਫਿਊ ਅਤੇ ਤਾਲਾਬੰਦੀ ਕਾਰਨ ਠੇਕਿਆਂ ਦੀ ਨੀਲਾਮੀ ਨਹੀਂ ਹੋ ਸਕੀ ਸੀ। ਪਿੰਡ ਮਹਿਤਾ ਦੇ ਇਕ ਕਮਰੇ ਅੰਦਰ ਠੇਕੇ ਵਾਂਗ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਸ਼ਰੇਆਮ ਵੇਚੀ ਜਾ ਰਹੀ ਹੈ। ਜਿਸ ਤੇ ਪੁਲਸ ਵਲੋਂ ਛਾਪੇਮਾਰੀ ਕਰਕੇ ਮੰਦਰੀ ਰਾਮ ਪੁੱਤਰ ਬਤੋਲੀ ਰਾਮ ਵਾਸੀ ਢੋਲ ਬਜਵਾ ਥਾਣਾ ਚਤੋੜਵਾੜਾ ਜ਼ਿਲ੍ਹਾ ਬਸਤੀਆ ਬਿਹਾਰ ਨੂੰ ਮੋਕੇ 'ਤੇ ਰਾਤ ਵੇਲੇ ਹਿਰਾਸਤ ਵਿਚ ਲੈ ਕੇ ਉਸ ਕੋਲੋਂ 48 ਬੋਤਲਾਂ ਭਾਵ 4 ਡੱਬੇ ਅੰਗਰੇਜ਼ੀ ਸ਼ਰਾਬ ਅਤੇ 100 ਪਊਏ ਦੇਸੀ ਸ਼ਰਾਬ ਦੇ ਬਰਾਮਦ ਕਰਕੇ ਉਸ ਦੇ ਖਿਲਾਫ ਥਾਣਾ ਤਪਾ ਵਿਖੇ ਅਬਾਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਗਈ ਹੈ।
ਮਲਾਈ ਖਾਣ ਨੂੰ ਕੋਈ ਹੋਰ, ਜੁੱਤੀਆਂ ਖਾਣ ਨੂੰ ਕਰਿੰਦੇ
ਜਿਨ੍ਹਾਂ ਸਰਕਲਾਂ ਦੀ ਨੀਲਾਮੀ ਨਹੀਂ ਹੋਈ ਉਥੇ ਅਜੇ ਵੀ ਪਹਿਲਾ ਵਾਂਗ ਹੀ ਸ਼ਰਾਬ ਵਿਕ ਰਹੀ ਹੈ ਅਤੇ ਨਿੱਤ ਦਿਨ ਪੁਲਸ ਪ੍ਰਵਾਸੀ ਵਿਅਕਤੀਆਂ ਨੂੰ ਫੜ ਕੇ ਉਨ੍ਹਾਂ ਖਿਲਾਫ ਕਾਰਵਾਈ ਕਰ ਰਹੀ ਹੈ ਪਰ ਅਸਲ ਮਲਾਈ ਖਾਣ ਵਾਲੇ ਸ਼ਰੇਆਮ ਬਚ ਕੇ ਨਿਕਲ ਰਹੇ ਹਨ ਪਰ ਜੁੱਤੀਆਂ ਖਾਣ ਅਤੇ ਘਿਸਾਉਣ ਦਾ ਠੇਕਾ ਸਿਰਫ ਪ੍ਰਵਾਸੀ ਵਿਅਕਤੀਆਂ ਦੇ ਹਿੱਸੇ ਆਇਆ ਹੋਇਆ ਹੈ। ਜੇਕਰ ਸਚਮੁੱਚ ਹੀ ਪੁਲਸ ਦੋ ਨੰਬਰੀ ਸ਼ਰਾਬ ਉਪਰ ਲਗਾਮ ਕਸਣਾ ਚਾਹੁੰਦੀ ਹੈ ਤਾਂ ਪ੍ਰਵਾਸੀ ਮਜ਼ਦੂਰ ਦੇ ਬਿਆਨਾਂਉਪਰ ਉਨ੍ਹਾਂ ਨੂੰ ਵੀ ਇਸ ਮਾਮਲੇ 'ਚ ਨਾਮਜ਼ਦ ਕੀਤਾ ਜਾਵੇ,ਜਿਨ੍ਹਾਂ ਨੇ ਐਨੀ ਸ਼ਰਾਬ ਇਸ ਪ੍ਰਵਾਸੀ ਕਰਿੰਦੇ ਕੋਲ ਪੁੰਹਚਾਈ ਅਤੇ ਪਿੰਡ ਅੰਦਰ ਜਗ੍ਹਾ ਕਿਰਾਏ ਉਪਰ ਲੈ ਕੇ ਦਿੱਤੀ ਹੋਈ ਹੈ ਜਦਕਿ ਅਜਿਹਾ ਨਜ਼ਾਰਾ ਇਕਲੇ ਮਹਿਤੇ ਪਿੰਡ ਵਿਚ ਹੀ ਨਹੀ ਬਲਕਿ ਰੂੜੇਕੇ ਸਰਕਲ ਦੇ ਪੂਰਨ 9 ਪਿੰਡਾਂ ਅੰਦਰ ਵੇਖਿਆ ਜਾ ਸਕਦਾ ਹੈ, ਜਿੱਥੇ ਸ਼ਰੇਆਮ ਸਰਕਾਰ ਨੂੰ ਚੂਨਾ ਲਗਾ ਕੇ ਸ਼ਰਾਬ ਵੇਚੀ ਜਾ ਰਹੀ ਹੈ ਪਰ ਖਜ਼ਾਨੇ 'ਚ ਪੈਸਾ ਭਰਨ ਲਈ ਸਰਕਾਰ ਨੂੰ ਅੰਗੂਠਾ ਵਿਖਾਇਆ ਜਾ ਰਿਹਾ ਹੇ। ਜਿਸ ਲਈ ਅਬਾਕਾਰੀ ਵਿਭਾਗ ਦੇ ਅਧਿਕਾਰੀ ਵੀ ਬਰਾਬਰ ਦੇ ਜ਼ਿੰਮੇਵਾਰ ਹਨ।

ਜੇਕਰ ਫਿਰ ਵੀ ਸ਼ਰਾਬ ਦੀ ਵਿਕਰੀ ਹੋ ਰਹੀ ਹੈ ਤਾਂ ਮੈਂ ਪਤਾ ਕਰਵਾਉਂਦਾ ਹਾਂ- ਏ.ਈ.ਟੀ.ਸੀ ਬਰਾੜ
ਇਸ ਸਬੰਧੀ ਜਦੋਂ ਏ.ਈ.ਟੀ.ਸੀ. ਜਸਕਰਨ ਸਿੰਘ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਜ਼ਿਲ੍ਹਾ ਬਰਨਾਲਾ ਦੇ ਚਾਰ ਸਰਕਲ ਸ਼ਹਿਣਾ,ਭਦੌੜ,ਧਨੌਲਾ ਅਤੇ ਰੁੜੇਕੇ ਦੀ ਨੀਲਾਮੀ ਨਹੀ ਹੋਈ ਤੇ ਇਥੇ ਠੇਕੇ ਬੰਦ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਇਨ੍ਹਾਂ ਸਰਕਲਾਂ ਵਿਚ ਸਰੇਆਮ ਸ਼ਰਾਬ ਵਿਕ ਰਹੀ ਹੈ ਤੇ ਪੁਲਸ ਵਲੋਂ ਰੁੜੇਕੇ ਸਰਕਲ ਵਿਚ ਛਾਪੇਮਾਰੀ ਕਰਕੇ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ ਤਾਂ ਉਨ੍ਹਾਂ ਕਿਹਾ ਐਕਸਾਇਜ਼ ਇੰਸਪੈਕਟਰ ਮੁਤਾਬਕ ਤਾਂ ਇਨ੍ਹਾਂ ਸਰਕਲਾਂ ਵਿਚ ਠੇਕੇ ਬੰਦ ਹਨ ਜੇਕਰ ਫਿਰ ਵੀ ਸ਼ਰਾਬ ਦੀ ਵਿਕਰੀ ਹੋ ਰਹੀ ਹੈ ਤਾਂ ਮੈਂ ਪਤਾ ਕਰਵਾਉਂਦਾ ਹਾਂ। ਇਹ ਪੁੱਛੇ ਜਾਣ 'ਤੇ ਕੀ ਰੈਵਿਨਿਉ ਦਾ ਨੁਕਸਾਨ ਤੁਹਾਡੇ ਮਹਿਕਮੇ ਦਾ ਹੋ ਰਿਹਾ ਹੈ ਤੇ ਕਾਰਵਾਈ ਪੁਲਿਸ ਕਰ ਰਹੀ ਹੈ ਜਦਕਿ ਤੁਹਾਡੇ ਮਹਿਕਮੇ ਨੂੰ ਸ਼ਰਾਬ ਵਿਕਣ ਬਾਰੇ ਭਿਨਕ ਤਕ ਨਹੀ ਪਈ ਤਾਂ ਉਨ੍ਹਾਂ ਕਿਹਾ ਮੈਂ ਸਾਰੇ ਮਾਮਲੇ ਦੀ ਜਾਣਕਾਰੀ ਲੈਂਦਾ ਹਾਂ।

ਰੂੜੇਕੇ ਸਰਕਲ ਦੇ ਪੋਣੀ ਦਰਜਨ ਪਿੰਡਾਂ ਵਿਚ ਵਿਕਦੀ ਐ ਨਜਾਇਜ ਲਾਲ ਪਰੀ
ਜਿਲਾ ਬਰਨਾਲਾ ਦੇ ਸਰਕਲ ਰੂੜੇਕੇ ਦੇ ਠੇਕੇ ਚਾਲੂ ਵਿੱਤੀ ਵਰੇਂ ਦੀ ਬੋਲੀ ਦੋਰਾਨ ਕਿਸੇ ਵੀ ਠੇਕੇਦਾਰ ਧਿਰ ਵੱਲੋ ਨਾ ਦਿੱਤੇ ਜਾਣ ਕਾਰਨ ਸਰਕਲ ਦੇ ਪੋਣੀ ਦਰਜਨ ਪਿੰਡਾਂ ਅੰਦਰ ਦੋ ਨੰਬਰ ਦੀ ਨਜਾਇਜ ਸ਼ਰਾਬ ਸ਼ਰੇਆਮ ਵਿਕਣ ਦੀਆ ਚਰਚਾਵਾਂ ਆਮ ਹੀ ਸੁਣਾਈ ਅਤੇ ਵਿਖਾਈ ਦੇ ਰਹੀਆ ਹਨ ਭਾਵੇਂ ਉਕਤ ਪਿੰਡਾਂ ਅੰਦਰ ਅਜੇ ਤੱਕ ਕਿਸੇ ਵੀ ਠੇਕੇਦਾਰ ਨੂੰ ਅਬਾਕਾਰੀ ਵਿਭਾਗ ਵੱਲੋ ਠੇਕੇ ਖੋਲਣ ਦੀ ਸਰਕਾਰੀ ਇਜਾਜਤ ਨਹੀ ਦਿੱਤੀ ਗਈ। ਜਿਸ ਕਾਰਨ ਸ਼ਰਾਬ ਦੇ ਬਲੈਕੀਆਂ ਨੂੰ ਇਨ੍ਹਾਂ ਪਿੰਡਾਂ ਅੰਦਰ ਮੋਜ ਲੱਗੀ ਹੋਈ ਹੈ ਅਤੇ ਦਿਨ ਰਾਤ ਦੋ ਨੰਬਰੀ ਸਸਤੀ-ਮਹਿੰਗੀ ਸ਼ਰਾਬ ਦੀ ਵਿਕਰੀ ਸੁਣਾਈ ਦਿੰਦੀ ਹੈ। ਪਰ ਹੁਣ ਵੇਖਦੇ ਹਾਂ ਕਿ ਇਕਠੇ ਮਹਿਤੇ ਦੇ ਚਾਰ ਡੱਬੇ ਅਤੇ 100 ਪਊੁਏ ਦਬੋਚਣ ਤੋ ਬਾਅਦ ਸਰਕਲ ਦੇ ਪੋਣੀ ਦਰਜਨ ਪਿੰਡਾਂ ਅੰਦਰ ਸ਼ਰਾਬ ਦੀ ਵਿਕਰੀ ਨੂੰ ਪ੍ਰਸਾਸਨ ਕਿਵੇ ਬਰੇਕਾਂ ਲਗਾਵੇਗਾ।

ਜਾਂਚ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ : ਜਿਲਾ ਪੁਲਸ ਮੁਖੀ
ਇਸ ਬਾਰੇ ਜ਼ਦੋਂ ਜਿਲਾ ਪੁਲਿਸ ਮੁਖੀ ਸੰਦੀਪ ਗੋਇਲ ਨਾਲ ਗੱਲ ਕੀਤੀ ਗਈ ਕਿ ਇਕ ਪ੍ਰਵਾਸੀ ਵਿਅਕਤੀ 'ਤੇ ਪੁਲਸ ਵਲੋਂ ਸ਼ਰਾਬ ਵੇਚਣ ਦਾ ਕੇਸ ਦਰਜ ਕੀਤਾ ਗਿਆ ਹੈ ਜਦਕਿ ਇਸ ਦੇ ਪਿੱਛੇ ਕੌਣ ਵਿਅਕਤੀ ਹਨ ਜੋ ਇਸ ਨੂੰ ਸ਼ਰਾਬ ਵੇਚਣ ਲਈ ਸ਼ਰਾਬ ਸਪਲਾਈ ਕਰਦੇ ਹਨ ਤੇ ਇਹ ਪ੍ਰਵਾਸੀ ਵਿਅਕਤੀ ਤਾਂ ਮਹਿਜ਼ ਇਕ ਮੋਹਰਾ ਹੀ ਹੋ ਸਕਦਾ ਹੈ,ਬਾਰੇ ਸ੍ਰੀ ਗੋਇਲ ਨੇ ਕਿਹਾ ਕਿ ਪ੍ਰਵਾਸੀ ਵਿਅਕਤੀ ਪਾਸੋਂ ਪੁਲਸ ਵਲੋ ਸਖ਼ਤੀ ਨਾਲ ਪੁੱਛਗਿਛ ਕੀਤੀ ਜਾਵੇਗੀ ਤੇ ਜੋ ਵੀ ਵਿਅਕਤੀ ਸਰਕਾਰ ਦੇ ਖਜਾਨੇ ਨੂੰ ਚੂਨਾ ਲਗਾਉਣ ਵਿਚ ਸ਼ਾਮਲ ਹੋਇਆ ਉਸ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

Content Editor Shyna