ਲੁੱਟ-ਖੋਹ ਕਰਨ ਵਾਲੇ 2 ਲੁਟੇਰੇ ਗ੍ਰਿਫਤਾਰ

02/13/2020 5:17:04 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਦਿਨ-ਦਿਹਾੜੇ ਇਕੋ ਦਿਨ 2 ਔਰਤਾਂ ਤੋਂ ਸੋਨੇ ਦੀਆਂ ਵਾਲੀਆਂ ਝਪਟਣ ਵਾਲੇ 2 ਲੁਟੇਰਿਆਂ ਨੂੰ ਪੁਲਸ ਨੇ ਘਟਨਾ ਤੋਂ 3 ਦਿਨਾਂ ਬਾਅਦ ਹੀ ਗ੍ਰਿਫਤਾਰ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡੀ. ਐੱਸ. ਪੀ. ਰਾਜੇਸ਼ ਛਿੱਬਰ ਨੇ ਦੱਸਿਆ ਕਿ 8 ਫਰਵਰੀ ਨੂੰ ਪਟੇਲ ਨਗਰ ਗਲੀ ਨੰਬਰ 1 'ਚੋਂ ਪੁਸ਼ਪਾ ਦੇਵੀ ਦੇ ਕੰਨ 'ਚੋਂ 2 ਲੁਟੇਰੇ ਸੋਨੇ ਦੀਆਂ ਵਾਲੀਆਂ ਲਾਹ ਕੇ ਫਰਾਰ ਹੋ ਗਏ ਸਨ। ਉਸੇ ਦਿਨ ਹੀ ਉਕਤ ਲੁਟੇਰਿਆਂ ਨੇ ਸੁਸ਼ਮਾ ਰਾਣੀ ਵਾਸੀ ਬਰਨਾਲਾ ਦੀਆਂ ਵਾਲੀਆਂ ਵੀ ਝਪਟ ਲਈਆਂ ਸਨ। ਘਟਨਾ ਤੋਂ ਬਾਅਦ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਉਨ੍ਹਾਂ ਦਾ ਮੋਟਰਸਾਈਕਲ ਟਰੇਸ ਕਰ ਲਿਆ।

ਮੋਟਰਸਾਈਕਲ ਦੇ ਨੰਬਰ ਦੇ ਆਧਾਰ 'ਤੇ ਮੋਟਰਸਾਈਕਲ ਦੀ ਮਾਲਕ ਔਰਤ ਨਾਲ ਗੱਲਬਾਤ ਕੀਤੀ ਗਈ ਤਾਂ ਉਕਤ ਔਰਤ ਨੇ ਨੀਰਜ ਕੁਮਾਰ ਉਰਫ ਰਾਜੇਸ਼ ਵਾਸੀ ਬੱਸੀ ਵਜੀਦ ਜ਼ਿਲਾ ਹੁਸ਼ਿਆਰਪੁਰ ਅਤੇ ਬਲਵਿੰਦਰ ਸਿੰਘ ਵਾਸੀ ਭੋਸੀ ਜ਼ਿਲਾ ਹੁਸ਼ਿਆਰਪੁਰ ਦਾ ਨੰਬਰ ਦਿੱਤਾ। ਪੁਲਸ ਨੇ ਇਨ੍ਹਾਂ ਦੇ ਮੋਬਾਇਲ ਨੰਬਰ ਟਰੇਸ ਕਰ ਕੇ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ ਪੁਸ਼ਪਾ ਦੇਵੀ ਦੀਆਂ ਝਪਟੀਆਂ ਹੋਈਆਂ ਵਾਲੀਆਂ ਬਰਾਮਦ ਕਰਵਾਈਆਂ। ਅਦਾਲਤ ਨੇ ਇਕ ਦਿਨ ਦਾ ਉਕਤ ਦੋਵਾਂ ਦਾ ਪੁਲਸ ਰਿਮਾਂਡ ਦੇ ਦਿੱਤਾ। ਪੁਲਸ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਸੁਸ਼ਮਾ ਰਾਣੀ ਤੋਂ ਝਪਟੀਆਂ ਹੋਈਆਂ ਸੋਨੇ ਦੀਆਂ ਵਾਲੀਆਂ ਵੀ ਬਰਾਮਦ ਕਰਵਾਈਆਂ ਗਈਆਂ। ਉਕਤ ਦੋਵੇਂ ਲੁਟੇਰਿਆਂ ਖਿਲਾਫ ਜ਼ਿਲਾ ਹੁਸ਼ਿਆਰਪੁਰ 'ਚ ਵੀ ਲੁੱਟ-ਖੋਹ ਦੇ ਮਾਮਲੇ ਦਰਜ ਹਨ। ਇਹ ਦੋਵੇਂ ਹੁਸ਼ਿਆਰਪੁਰ ਜੇਲ 'ਚ ਮਿਲੇ ਸਨ। ਜ਼ਮਾਨਤ ਮਿਲਣ ਤੋਂ ਬਾਅਦ ਇਹ ਸੰਗਰੂਰ ਕਿਰਾਏ ਦੇ ਮਕਾਨ ਵਿਚ ਰਹਿਣ ਲੱਗੇ ਅਤੇ ਵਾਰਦਾਤਾਂ ਕਰਨ ਲਈ ਬਰਨਾਲਾ ਆਉਂਦੇ ਸਨ। ਪੁੱਛਗਿੱਛ ਦੌਰਾਨ ਇਨ੍ਹਾਂ ਕੋਲੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ 'ਤੇ ਥਾਣਾ ਸਿਟੀ ਦੇ ਇੰਚਾਰਜ ਜਗਜੀਤ ਸਿੰਘ ਵੀ ਹਾਜ਼ਰ ਸਨ।


cherry

Content Editor

Related News