ਬੈਂਕ ਮੈਨੇਜਰ ਵੱਲੋਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਬੈਂਕ ਨੂੰ ਲਗਾਇਆ 75 ਲੱਖ 85 ਹਜ਼ਾਰ ਦਾ ਚੂਨਾ

07/01/2022 5:38:19 PM

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇ ਵਾਲਾ ਵਿਚ ਤਾਇਨਾਤ ਰਹੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਮੈਨੇਜਰ ਵੱਲੋਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਬੈਂਕ ਅਤੇ ਖਾਤਾ ਧਾਰਕਾਂ ਨੂੰ ਧੋਖੇ ਵਿਚ ਰੱਖ ਕੇ 75 ਲੱਖ 85 ਹਜ਼ਾਰ 536 ਰੁਪਏ ਦਾ ਚੂਨਾ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਤੋਂ ਬਾਅਦ ਪੁਲਸ ਵੱਲੋਂ ਕਥਿਤ ਦੋਸ਼ੀ ਬੈਂਕ ਮੈਨੇਜਰ ਸਾਹਿਲ ਉਪਲ ਨਿਵਾਸੀ ਜੰਡਿਆਲਾ ਗੁਰੂ ਤਰਨਤਾਰਨ ਖ਼ਿਲਾਫ਼ ਥਾਣਾ ਸਿਟੀ ਸਾਊਥ ਮੋਗਾ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਅਵਤਾਰ ਸਿੰਘ ਬੈਂਕ ਮੈਨੇਜਰ ਆਈ. ਸੀ. ਆਈ. ਸੀ. ਆਈ. ਮੋਗਾ ਨੇ ਕਿਹਾ ਕਿ ਸਾਲ 2018-19 ਵਿਚ ਸਾਹਿਲ ਉਪਲ ਬੈਂਕ ਵਿਚ ਬਤੌਰ ਮੈਨੇਜਰ ਤਾਇਨਾਤ ਸੀ, ਜਦੋਂ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲਿਆ ਤਾਂ ਅਤੇ ਬੈਂਕ ਦਾ ਲੇਖਾ-ਜੋਖਾ ਕੀਤਾ ਅਤੇ ਰਿਕਾਰਡ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਾਹਿਲ ਉਪਲ ਵੱਲੋਂ ਬੈਂਕ ਵਿਚਲੇ ਕਰੀਬ 8 ਖਾਤਿਆਂ ਜੋ ਲਿਮਟਾਂ ਦੇ ਖਾਤੇ ਸਨ, ਦੀ ਲਿਮਟ ਪੂਰੀ ਹੋਣ ਤੋਂ ਬਾਅਦ ਖਾਤਿਆਂ ਨੂੰ ਬੰਦ ਨਹੀਂ ਕੀਤਾ ਜਦਕਿ ਉਨ੍ਹਾਂ ਖਾਤਾ ਧਾਰਕਾਂ ਨੂੰ ਉਨ੍ਹਾਂ ਦੀ ਜ਼ਮੀਨ ਦੀ ਐੱਨ. ਓ. ਸੀ. ਜਾਰੀ ਕਰ ਦਿੱਤੀ ਅਤੇ ਜ਼ਮੀਨਾਂ ਨੂੰ ਭਾਰ ਮੁਕਤ ਕੀਤਾ ਗਿਆ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਬੰਦ ਨਾ ਕਰ ਕੇ ਉਨ੍ਹਾਂ ਖਾਤਿਆਂ ਵਿਚ ਬੈਂਕ ਪਾਸੋਂ ਦੋਬਾਰਾ ਲਿਮਟਾਂ ਲੈ ਲਈਆਂ।

ਲਿਮਟਾਂ ਦੇ ਪੈਸੇ ਉਕਤ ਕਿਸਾਨਾਂ ਦੇ ਖਾਤਿਆਂ ਵਿਚ ਪਾ ਕੇ ਜਾਅਲੀ ਦਸਤਾਵੇਜ਼ਾਂ ਰਾਹੀਂ ਉਕਤ ਰਕਮਾਂ ਹੋਰਨਾਂ ਖਾਤਿਆਂ ਵਿਚ ਟਰਾਂਸਫਰ ਕਰ ਕੇ ਕੈਸ਼ ਕਰਵਾ ਲਈਆਂ। ਉਨ੍ਹਾਂ ਉਕਤ ਮਾਮਲੇ ’ਚ ਬੈਂਕ ਵਿਚ ਤਾਇਨਾਤ ਕੈਸ਼ੀਅਰ ਸੁਸ਼ੀਲ ਕੁਮਾਰ ਨੂੰ ਭਰੋਸੇ ਵਿਚ ਲੈ ਕੇ ਕੰਪਿਊਟਰ ਪਾਸਵਰਡ ਹਾਸਲ ਕਰ ਲਿਆ। ਉਕਤ ਆਈ. ਡੀ. ਪਾਸਵਰਡ ਦੀ ਵਰਤੋਂ ਕਰਕੇ ਉਕਤ ਖਾਤਿਆਂ ਵਿਚੋਂ 75 ਲੱਖ 85 ਹਜ਼ਾਰ 536 ਰੁਪਏ ਕਢਵਾ ਲਏ ਅਤੇ ਬਾਅਦ ਵਿਚ ਜਦੋਂ ਇਸ ਦੀ ਜਾਣਕਾਰੀ ਕੈਸ਼ੀਅਰ ਨੂੰ ਮਿਲੀ ਤਾਂ ਉਨ੍ਹਾਂ ਸਾਰਾ ਮਾਮਲਾ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ। ਇਸ ਦੌਰਾਨ ਸਾਹਿਲ ਉਪਲ ਬੈਂਕ ਛੱਡ ਕੇ ਚਲਾ ਗਿਆ।

ਇਸ ਤਰ੍ਹਾਂ ਸਾਹਿਲ ਉਪਲ ਵੱਲੋਂ ਜਾਅਲੀ ਦਸਤਖਤ ਕਰ ਕੇ ਪੈਸੇ ਕਢਵਾਏ ਗਏ ਅਤੇ ਖਾਤਾਧਾਰਕਾਂ ਨੂੰ ਲਿਮਟਾਂ ਪੂਰੀਆਂ ਹੋਣ ’ਤੇ ਐੱਨ. ਓ. ਸੀ. ਦੇ ਦਿੱਤੀ ਗਈ ਪਰ ਖਾਤਿਆਂ ਨੂੰ ਬੰਦ ਨਹੀਂ ਕੀਤਾ ਅਤੇ ਇਨ੍ਹਾਂ ਖਾਤਾ ਧਾਰਕਾਂ ਦੇ ਜਾਅਲੀ ਦਸਤਖਤ ਕਰ ਕੇ ਦੋਬਾਰਾ ਲਿਮਟਾਂ ਬਣਾ ਲਈਆਂ, ਜਿਸ ਦੀ ਉਸ ਨੇ ਦੁਰਵਰਤੋਂ ਕੀਤੀ। ਇਸ ਤਰ੍ਹਾਂ ਕਥਿਤ ਦੋਸ਼ੀ ਨੇ ਬੈਂਕ ਨਾਲ ਹੇਰਾ-ਫੇਰੀ ਕੀਤੀ। ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਆਦੇਸ਼ਾਂ ’ਤੇ ਇਸ ਦੀ ਜਾਂਚ ਆਰਥਿਕ ਅਪਰਾਧਿਕ ਸ਼ਾਖਾ ਦੇ ਇਲਾਵਾ ਡੀ. ਐੱਸ. ਪੀ. ਪੀ. ਬੀ. ਆਈ. ਸੈਪਸ਼ਲ ਕ੍ਰਾਈਮ ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਅਧਿਕਾਰੀਆਂ ਨੇ ਦੋਸ਼ੀ ਸਾਹਿਲ ਉਪਲ ਨੂੰ ਆਪਣਾ ਪੱਖ ਪੇਸ਼ ਕਰਨ ਲਈ ਪ੍ਰਵਾਨੇ ਜਾਰੀ ਕੀਤੇ ਗਏ ਪਰ ਉਹ ਜਾਂਚ ਵਿਚ ਸ਼ਾਮਲ ਨਹੀਂ ਹੋਇਆ, ਜਿਸ ਉਪਰੰਤ ਜ਼ਿਲ੍ਹਾ ਪੁਲਸ ਮੁਖੀ ਮੋਗਾ ਵੱਲੋਂ ਸ਼ਿਕਾਇਤ ਵਿਚ ਦਿੱਤੇ ਗਏ ਤੱਥਾਂ ਨੂੰ ਸਹੀ ਪਾਉਣ ਤੋਂ ਬਾਅਦ ਕਾਨੂੰਨੀ ਰਾਇ ਹਾਸਲ ਕਰ ਕੇ ਉਕਤ ਮਾਮਲਾ ਦਰਜ ਕੀਤਾ ਗਿਆ।


Gurminder Singh

Content Editor

Related News