ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੇ ਬਲੀਦਾਨ ਦਿਵਸ ਮੌਕੇ 55 ਵਿਅਕਤੀਆਂ ਨੇ ਕੀਤਾ ਖੂਨਦਾਨ
Saturday, Sep 05, 2026 - 05:06 PM (IST)
ਮਾਛੀਵਾੜਾ ਸਾਹਿਬ (ਟੱਕਰ) : ‘ਪੰਜਾਬ ਕੇਸਰੀ ਗਰੁੱਪ’ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੇ ਬਲੀਦਾਨ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ। ਮਾਛੀਵਾੜਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਲਗਾਏ ਕੈਂਪ ਵਿਚ 55 ਵਿਅਕਤੀਆਂ ਨੇ ਖੂਨਦਾਨ ਕੀਤਾ। ਕੈਂਪ ’ਚ ਵਿਸ਼ੇਸ਼ ਤੌਰ ’ਤੇ ਹਲਕਾ ਸਮਰਾਲਾ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਹਲਕਾ ਇੰਚਾਰਜ ਕਾਂਗਰਸ ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਭਾਜਪਾ ਦੇ ਸੀਨੀਅਰ ਆਗੂ ਨਿਸ਼ੂ ਸ਼ਰਮਾ ਵਿਸ਼ੇਸ਼ ਤੌਰ ’ਤੇ ਪੁੱਜੇ ਜਿਨ੍ਹਾਂ ਖੂਨਦਾਨੀਆਂ ਨੂੰ ‘ਪੰਜਾਬ ਕੇਸਰੀ ਗਰੁੱਪ’ ਵਲੋਂ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ‘ਪੰਜਾਬ ਕੇਸਰੀ ਗਰੁੱਪ’ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ ਜਿਸ ਵਿਚ ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਸਹਿਯੋਗ ਕਰਦਿਆਂ ਖੂਨਦਾਨ ਕੈਂਪ ਲਗਾਇਆ ਅਤੇ ਇਹ ਇਕੱਤਰ ਕੀਤਾ ਖੂਨ ਕਈ ਕੀਮਤੀ ਜਾਨਾਂ ਬਚਾਵੇਗਾ।
ਉਕਤ ਆਗੂਆਂ ਨੇ ਲਾਲਾ ਜਗਤ ਨਰਾਇਣ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ‘ਪੰਜਾਬ ਕੇਸਰੀ ਗਰੁੱਪ’ ਜਿੱਥੇ ਹੱਕ ਤੇ ਸੱਚ ਦੀ ਅਵਾਜ਼ ਬਣਦਾ ਹੈ ਉੱਥੇ ਸਮਾਜ ਸੇਵੀ ਕਾਰਜਾਂ ਵਿਚ ਮੋਹਰੀ ਰਹਿ ਕੇ ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਰਹਿੰਦਾ ਹੈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ ਨੇ ਸਮੂਹ ਖੂਨਦਾਨੀਆਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਸੰਸਥਾ ਦਾ ਉਦੇਸ਼ ਲੋਕ ਸੇਵਾ ਹੈ ਤੇ ਜੇਕਰ ਕਿਸੇ ਲੋੜਵੰਦ ਨੂੰ ਖੂਨ ਦੀ ਲੋੜ ਪੈਂਦੀ ਹੈ ਤਾਂ ਉਹ ਹਰ ਸੰਭਵ ਯਤਨ ਕਰ ਇਸ ਨੂੰ ਮੁਹੱਈਆ ਕਰਵਾਉਂਦੇ ਹਨ। ਇਸ ਮੌਕੇ ਸੁਖਦੀਪ ਸਿੰਘ ਸੋਨੀ, ਬਲਰਾਜ ਸ਼ਰਮਾ, ਹਰਬੰਸ ਲਾਲ ਚਾਨਣਾ, ਜਗਦੀਸ਼ ਚਾਨਣਾ, ਹਰੀਸ਼ ਚੰਦਰ, ਦੀਕਸ਼ਾ, ਭਾਰਗਵ ਚਾਨਣਾ, ਜਗਤਾਰ ਸਿੰਘ, ਅੰਮ੍ਰਿਤਪਾਲ, ਡਾ. ਦਵਿੰਦਰਪਾਲ, ਅੰਸ਼ੂਮਨ, ਰਾਜੇਸ ਆਨੰਦ, ਗੁਰਮੁਖ ਸਿੰਘ ਵੀ ਮੌਜੂਦ ਸਨ।
85ਵੀਂ ਵਾਰ ਖੂਨ ਦਾਨ ਕਰਕੇ ਲਾਲਾ ਜਗਤ ਨਰਾਇਣ ਜੀ ਨੂੰ ਦਿੱਤੀ ਸ਼ਰਧਾਜਲੀਂ
ਅੱਜ ਕੈਂਪ ਵਿਚ ਸਮਰਾਲਾ ਤੋਂ ਵਿਸ਼ੇਸ਼ ਤੌਰ ’ਤੇ ਸਤੀਸ਼ ਕੁਮਾਰ ਡੀ.ਸੀ. ਪੁੱਜੇ ਜਿਨ੍ਹਾਂ ਨੇ 85ਵੀਂ ਵਾਰ ਖੂਨਦਾਨ ਕਰਕੇ ਲਾਲਾ ਜਗਤ ਨਰਾਇਣ ਜੀ ਦੇ ਬਲੀਦਾਨ ਦਿਵਸ ਮੌਕੇ ਸ਼ਰਧਾਜਲੀਂ ਦਿੱਤੀ। ਸਤੀਸ਼ ਕੁਮਾਰ ਨੇ ਦੱਸਿਆ ਕਿ ਉਸਨੇ ਪਹਿਲੀ ਵਾਰ ਸੰਨ 2002 ਵਿਚ ਖੂਨ ਦਾਨ ਕੀਤਾ ਸੀ ਅਤੇ ਉਸਦੇ ਮਨ ਨੂੰ ਸਕੂਨ ਮਿਲਿਆ ਕਿ ਉਸ ਵਲੋਂ ਦਾਨ ਕੀਤਾ ਖੂਨ ਕੋਈ ਕੀਮਤੀ ਜਾਨ ਬਚਾ ਰਿਹਾ ਹੈ। ਉਸ ਤੋਂ ਬਾਅਦ ਸਤੀਸ਼ ਕੁਮਾਰ ਵਲੋਂ ਸਾਲ ਵਿਚ 3 ਤੋਂ 4 ਵਾਰ ਖੂਨਦਾਨ ਕੀਤਾ ਜਾਂਦਾ ਹੈ ਜੋ ਹੁਣ ਤੱਕ 85 ਵਾਰ ਖੂਨਦਾਨ ਕਰ ਚੁੱਕਾ ਹੈ। ਇਸ ਤੋਂ ਇਲਾਵਾ ਸਰਪੰਚ ਹਾਕਮ ਸਿੰਘ ਨੇ ਵੀ ਕਈ ਵਾਰ ਖੂਨ ਦਾਨ ਕੀਤਾ।
ਪਿਓ-ਧੀ ਤੇ ਇਕੱਠੇ ਖੂਨਦਾਨ ਕਰਨ ਆਏ
ਅੱਜ ਕੈਂਪ ਵਿਚ ਖੂਨਦਾਨੀਆਂ ਨੇ ਕਾਫ਼ੀ ਉਤਸ਼ਾਹ ਦਿਖਾਇਆ। ਪਿੰਡ ਸ਼ੇਰੀਆਂ ਤੋਂ ਇੱਕ ਵਿਅਕਤੀ ਬਲਵੀਰ ਸਿੰਘ ਅਤੇ ਉਸਦੀ ਪੁੱਤਰੀ ਮਮਤਾ ਰਾਣੀ ਦੋਵਾਂ ਨੇ ਹੀ ਇਕੱਠਿਆਂ ਖੂਨਦਾਨ ਕੀਤਾ। ਕੈਂਪ ਵਿਚ ਪੁੱਜੇ ਮੁੱਖ ਮਹਿਮਾਨਾਂ ਨੇ ਇਸ ਪਿਓ-ਧੀ ਅਤੇ 85 ਵਾਰ ਖੂਨਦਾਨ ਕਰਨ ਵਾਲੇ ਸਤੀਸ਼ ਕੁਮਾਰ ਦੀ ਵਿਸੇਸ਼ ਤੌਰ ’ਤੇ ਹੌਂਸਲਾ ਅਫ਼ਜਾਈ ਕੀਤੀ।
