ਰਾਜਨੀਤਕ ਪਾਰਟੀਆਂ ਤੋਂ ਭੰਗ ਹੋਣ ਲੱਗਾ ਕਿਸਾਨਾਂ ਦਾ ਮੋਹ, ਸੱਥਾਂ 'ਚ ਤੁਰੀਆਂ ਵਾਅਦੇ ਬਨਾਮ ਵਫ਼ਾ ਦੀਆਂ ਗੱਲਾਂ

11/11/2020 1:27:47 PM

ਬਾਘਾ ਪੁਰਾਣਾ (ਚਟਾਨੀ): ਭਾਵੇਂ ਪੰਜਾਬ ਦੇ ਇਕ-ਇਕ ਕਿਸਾਨ ਅੰਦਰ ਅੱਜ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਗੁੱਸਾ ਉਬਾਲੇ ਮਾਰ ਰਿਹਾ ਹੈ ਪਰ ਕਿਸਾਨਾਂ ਅੰਦਰ ਸੂਬੇ ਦੀਆਂ ਮੋਹਰੀ ਰਾਜਨੀਤਕ ਪਾਰਟੀਆਂ ਪ੍ਰਤੀ ਵੀ ਰੋਹ ਭੜਕਿਆ ਪਿਆ ਹੈ। ਅਕਾਲੀ ਦਲ ਅਤੇ ਕਾਂਗਰਸ ਨੇ ਕਿਸਾਨਾਂ ਅੰਦਰੋਂ ਆਪਣੇ ਪ੍ਰਤੀ ਪਨਪਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਹਰੇਕ ਹਰਬਾ ਵਰਤ ਕੇ ਦੇਖ ਲਿਆ ਹੈ ਪਰ ਕਿਸਾਨਾਂ ਨੇ ਰਾਜਨੀਤਕ ਪਾਰਟੀਆਂ ਦੇ ਅਜਿਹੇ ਯਤਨਾਂ ਨੂੰ ਮਹਿਜ਼ ਇਕ ਡਰਾਮਾ ਹੀ ਦੱਸਿਆ ਹੈ।ਅਕਾਲੀ ਦਲ ਖ਼ਿਲਾਫ਼ ਪ੍ਰਤੀ ਆਮ ਕਿਸਾਨ ਤਾਂ ਇੱਥੋਂ ਤੱਕ ਤੰਜ ਕੱਸਦੇ ਹੋਏ ਆਖ਼ ਰਹੇ ਹਨ ਕਿ ਉਨ੍ਹਾਂ ਨੇ ਭਾਜਪਾ ਨਾਲ ਆਪਣੀ ਲੰਬੀ ਸਾਂਝ ਤਾਂ ਨਿਭਾਈ, ਪਰ ਸੂਬੇ ਦੇ ਉਹ ਮੁੱਦੇ ਜਿਹੜੇ ਉਹ ਕੇਂਦਰ ਦੀਆਂ ਗੈਰ ਭਾਜਪਾ ਸਰਕਾਰਾਂ ਮੌਕੇ ਬਾਹਵਾਂ ਉੱਚੀਆਂ ਕਰ-ਕਰ ਕੇ ਉਭਾਰਦੇ ਰਹੇ ਉਹ ਐੱਨ.ਡੀ.ਏ.ਦੀ ਛੇ ਸਾਲਾਂ ਕਾਰਜਕਾਲ ਸਮੇਂ ਉਨ੍ਹਾਂ ਨੂੰ ਕਿਉਂ ਯਾਦ ਨਾ ਆਏ।ਪਿੰਡਾਂ ਦੀਆਂ ਸੱਥਾਂ 'ਚ ਬੈਠ ਕੇ ਵਿਸ਼ਲੇਸ਼ਨ ਕਰਨ ਵਾਲੇ ਸਾਧਾਰਨ ਕਿਸਾਨਾਂ ਨੇ ਬਾਦਲ ਪਰਿਵਾਰ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵਾਲਾ ਭਿਆਨਕ ਰੋਗ ਲਾਇਆ ਅਤੇ ਹੁਣ ਉਹ ਦੁਆਵਾਂ ਵੀ ਆਪੇ ਹੀ ਦੇਣ ਲੱਗ ਪਿਆ ਹੈ। ਅਜਿਹੀਆਂ ਚਾਲਾਂ ਨੂੰ ਕਿਸਾਨਾਂ ਨੇ ਆਪਣੇ ਜ਼ਖਮਾਂ ਉਪਰ ਨਮਕ ਦਾ ਨਾਮ ਦਿੱਤਾ ਅਤੇ ਆਖਿਆ ਕਿ ਅਕਾਲੀ ਦਲ ਨੇ ਕਿਸਾਨਾਂ ਨਾਲ ਕਿਸੇ ਵੀ ਕੀਤੇ ਵਾਅਦੇ ਨਾਲ ਵਫ਼ਾ ਨਹੀਂ ਨਿਭਾਈ।

ਸਧਾਰਨ ਕਿਸਾਨਾਂ ਨੇ ਕਿਹਾ ਕਿ ਜਿਸ ਕਾਂਗਰਸ ਨੂੰ ਅਕਾਲੀ ਦਲ ਵਾਲੇ ਕਿਸਾਨ ਅਤੇ ਪੰਜਾਬ ਵਿਰੋਧੀ ਕਹਿ ਕੇ ਭੰਡਦੇ ਆ ਰਹੇ ਹਨ ਉਸੇ ਹੀ ਰਾਹ ਉਪਰ ਆਕਲੀ ਦਲ ਵੀ ਤੁਰਦਾ ਆ ਰਿਹਾ ਹੈ ਜੋ ਕਾਂਗਰਸ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ। ਕਿਸਾਨਾਂ ਨੇ ਅਕਾਲੀ ਦਲ ਉਪਰ ਤਾਂ ਇਹ ਵੱਡਾ ਦੋਸ਼ ਵੀ ਮੜ੍ਹਿਆ ਕਿ ਜਿਸ ਕਾਨੂੰਨ ਨੂੰ ਮੁੱਦਾ ਬਣਾ ਕੇ ਅੱਜ ਉਹ ਕਿਸਾਨਾਂ ਦੇ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੇ ਹਨ ਉਸੇ ਕਾਨੂੰਨ ਦੀ ਤਾਂ ਉਹ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਦੇ ਹੱਕ ਵਾਲਾ ਬਿੱਲ ਆਖ਼ ਕੇ ਮੋਦੀ ਸਰਕਾਰ ਦੇ ਸੋਹਲੇ ਗਾਉਂਦੇ ਰਹੇ ਹਨ ਅਤੇ ਅਜਿਹੇ ਸੋਹਲਿਆਂ ਦਾ ਵੱਡੇ ਬਾਦਲ ਸਾਹਬ ਹੁਰਾਂ ਨੇ ਅੱਜ ਤੱਕ ਖੰਡਨ ਵੀ ਨਹੀਂ ਕੀਤਾ। ਐੱਨ. ਡੀ. ਏ. ਦੀ ਛੇ ਸਾਲਾਂ ਦੀ ਸਤਾ ਵੇਲੇ ਅਕਾਲੀ ਦਲ ਨੇ ਪੰਜਾਬੀ ਬੋਲਦੇ ਇਲਾਕਿਆਂ, ਚੰਡੀਗੜ੍ਹ ਉਪਰ ਪੰਜਾਬ ਦੇ ਹੱਕ, ਸਵਾਮੀਨਾਥਨ ਰਿਪੋਰਟ ਆਦਿ ਦਾ ਜ਼ਿਕਰ ਤੱਕ ਵੀ ਨਾ ਕੀਤੇ ਜਾਣ ਨੂੰ ਲੈ ਕੇ ਵੀ ਕਿਸਾਨ ਘੇਰਾਬੰਦੀ ਕਰਦੇ ਦੇਖੇ ਗਏ।

ਸੱਤਾਹੀਣ ਹੁੰਦੇ ਹੀ ਅਕਾਲੀ ਦਲ ਨੂੰ ਆਉਂਦੀ ਹੈ ਪੰਜਾਬ ਦੇ ਮੁੱਦਿਆਂ ਦੀ ਯਾਦ
ਟਕਸਾਲੀ ਅਕਾਲੀ ਨੇਤਾਵਾਂ ਨੇ ਅਕਾਲੀ ਦਲ ਅਤੇ ਇਸ ਉਪਰ ਲਗਾਤਾਰ ਕਾਬਜ਼ ਚੱਲੇ ਆ ਰਹੇ ਇਕ ਪਰਿਵਾਰ ਨੂੰ ਹਲੂਣਦਿਆਂ ਪੁੱਛਿਆ ਕਿ ਜਦ ਉਹ ਸੱਤਾ ਤੋਂ ਬਾਹਰ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੂਬੇ ਦੇ ਲਟਕਦੇ ਮਸਲੇ ਤੁਰੰਤ ਯਾਦ ਆ ਜਾਂਦੇ ਹਨ ਪਰ ਸੱਤਾ ਉਪਰ ਕਾਬਜ਼ ਹੁੰਦਿਆਂ ਹੀ ਸਾਰੇ ਦੇ ਸਾਰੇ ਮੁੱਦੇ ਚੇਤਿਆਂ 'ਚੋਂ ਵਿਸਰ ਜਾਂਦੇ ਹਨ। ਟਕਸਾਲੀ ਨੇਤਾਵਾਂ ਨੇ ਆਖਿਆ ਕਿ ਪਿਛਲੇ ਸਾਲਾਂ ਦੌਰਾਨ ਜਦ ਅਕਾਲੀ ਦਲ ਪੰਜਾਬ ਦੀ ਸੱਤਾ ਉਪਰ ਕਾਗਜ਼ ਵੀ ਸੀ ਅਤੇ ਕੇਂਦਰ ਵਿਚ ਵੀ ਉਨ੍ਹਾਂ ਦੀ ਭਾਈਵਾਲ ਸਰਕਾਰ ਸੀ ਫ਼ਿਰ ਵੀ ਸੂਬੇ ਪੰਜਾਬ ਦੇ ਭਖਵੇਂ ਮੁੱਦਿਆਂ 'ਤੇ ਬੀਬਾ ਬਾਦਲ ਕਿਉਂ ਚੁੱਪ ਬੈਠੇ ਰਹੇ ਅਤੇ ਮੁੱਖ ਮੰਤਰੀ ਬਾਦਲ ਵੀ ਮੋਦੀ ਸਰਕਾਰ ਤੋਂ ਸੂਬੇ ਦੇ ਲਟਕਦੇ ਮਸਲਿਆਂ ਦਾ ਹੱਲ ਕਿਉਂ ਨਾ ਕੱਢਵਾ ਸਕੇ।

ਕੈਪਟਨ ਅਮਰਿੰਦਰ ਨੂੰ ਵੀ ਪੰਜਾਬੀ ਗਰਦਾਨ ਰਹੇ ਨੇ ਕਸੂਰਵਾਰ
ਪੰਜਾਬ ਹੋਰਨਾਂ ਮਾਮਲਿਆਂ ਤੋਂ ਬਗੈਰ ਨਸ਼ਾ ਤਸਕਰੀ, ਚਿੱਟਾ ਅਤੇ ਮਾਈਨਿੰਗ ਆਦਿ ਦੇ ਵੱਡੇ ਮੁੱਦੇ, ਜਿਨ੍ਹਾਂ ਨੂੰ ਅਧਾਰ ਬਣਾ ਕੇ ਕਾਂਗਰਸ ਸਤਾ ਵਿਚ ਆਈ ਸੀ, ਉਹ ਅੱਜ ਤੱਕ ਜਿਵੇਂ ਦੇ ਤਿਵੇਂ ਉਭਰੇ ਖੜ੍ਹੇ ਰਹਿਣ ਦਾ ਵੀ ਆਮ ਲੋਕਾਂ ਨੇ ਗੰਭੀਰ ਨੋਟਿਸ ਲੈਂਦਿਆਂ ਆਖਿਆ ਕਿ ਇਸ ਨੂੰ ਪੁਰਾਣੀ ਸ਼ਰਾਬ ਦਾ ਨਵੀਂ ਬੋਤਲ ਵਿਚ ਪੈ ਜਾਣਾ ਹੀ ਕਿਹਾ ਜਾ ਸਕਦਾ ਹੈ। ਕਈ ਚਿੰਤਕਾਂ ਨੇ ਤਾਂ ਇਸ ਸਬੰਧੀ ਆਪਣੇ ਵਿਸ਼ਲੇਸ਼ਨ ਦਾ ਨਿਚੋੜ ਕੱਢਦਿਆਂ ਇਥੋਂ ਤੱਕ ਵੀ ਆਖ ਦਿੱਤਾ ਕਿ ਸਧਾਰਨ ਲੋਕ ਇਸ ਨੂੰ ਅਕਾਲੀ ਦਲ ਅਤੇ ਕਾਂਗਰਸ ਵਿਚਕਰ ਦੋਸਤਾਨਾ ਮੈਚ ਦੱਸ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੇ 2002 ਤੋਂ 2007 ਤੱਕ ਦੇ ਸਾਸ਼ਨ ਮੌਕੇ ਦਿਖਾਏ ਤਿੱਖੇ ਤੇਵਰਾਂ ਦੀ ਤਰਜ਼ ਉਪਰ ਕੰਮ ਕਰਨ ਦੀ ਆਸ ਰੱਖੀ ਬੈਠੇ ਪੰਜਾਬੀਆਂ ਨੂੰ ਅਜਿਹੇ ਦੋਸਤਾਨਾ ਮੈਚ ਨੇ ਹੁਣ ਧੁਰ ਅੰਦਰ ਤੱਕ ਨਿਰਾਸ਼ ਕਰ ਦਿੱਤਾ ਹੈ। ਪਰ ਵਿਧਾਨ ਸਭਾ ਅੰਦਰ ਅਤੇ ਦਿੱਲੀ ਤੱਕ ਕਿਸਾਨ ਵਿਰੋਧੀ ਬਿੱਲਾਂ ਦੀ ਵਕਾਲਤ ਕਈ ਹਿੱਸਿਆਂ ਵਿਚ ਚੌਖੀ ਪ੍ਰਸੰਸਾ ਵੀ ਕੈਪਟਨ ਦੀ ਝੋਲੀ ਵਿਚ ਪੈਂਦੀ ਦਿਖਾਈ ਦਿੱਤੀ। ਲੋਕਾਂ ਨੇ ਰਹੁਲ ਗਾਂਧੀ ਦੀ ਬੇਧਿਆਨੀ ਨੂੰ ਪੰਜਾਬ ਪ੍ਰਤੀ ਰੁੱਖਾ ਰਵੱਈਏ ਦੱਸਿਆ।

ਕਿਸਾਨ ਜਥੇਬੰਦੀਆਂ ਆਪਣੇ ਝੰਡੇ ਹੇਠ ਹੀ ਕਰ ਰਹੀਆਂ ਨੇ ਕਿਸਾਨਾਂ ਦੀ ਵਕਾਲਤ
ਕਿਸਾਨ ਧੁਰ ਅੰਦਰ ਸਮਝ ਚੁੱਕੇ ਹਨ ਕਿ ਸਿਆਸੀ ਪਾਰਟੀਆਂ ਪਹਿਲਾਂ ਕਿਸਾਨਾਂ ਲਈ ਡੂੰਘੇ ਖੱਡੇ ਖੋਦਦੀਆਂ ਹਨ ਅਤੇ ਫਿਰ ਆਪੇ ਹੀ ਖੱਡਿਆਂ 'ਚੋਂ ਕੱਢਣ ਦੇ ਨਾਟਕ ਕਰਦੀਆਂ ਹਨ। ਅਜਿਹੇ ਸਭ ਕੁਝ ਨੂੰ ਭਾਪਦਿਆਂ ਕਿਸਾਨ ਹੁਣ ਆਪਣੇ ਆਪ ਨੂੰ ਆਪਣੀ ਲੜਾਈ ਦੇ ਸਮੱਰਥ ਬਣਾ ਚੁੱਕੇ ਹਨ ਅਤੇ ਆਪਣੀਆਂ ਹਿਤੈਸ਼ੀ ਜਥੇਬੰਦੀਆਂ ਦੇ ਆਗੂਆਂ ਨੂੰ ਮੂਹਰੇ ਕਰ ਕੇ ਸਰਕਾਰਾਂ ਨਾਲ ਮੱਥਾ ਲਾ ਰਹੀਆਂ ਹਨ। ਜਥੇਬੰਦੀਆਂ ਵੀ ਮੰਨਦੀਆਂ ਹਨ ਕਿ ਸਿਆਸੀ ਜਮਾਤਾਂ ਨੇ ਹੀ ਕਿਸਾਨਾਂ ਨੂੰ ਵੱਡੇ ਰੋਡ ਲਾਏ ਹਨ ਅਤੇ ਆਪ ਹੀ ਦਵਾਈਆਂ ਅਤੇ ਦੁਆਵਾਂ ਦੇਣ ਲਈ ਮੂਹਰੇ ਆਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਪਰ ਕਿਸਾਨ ਹੁਣ ਅਜਿਹੀਆਂ ਬੇਵਫਾ ਪਾਰਟੀਆਂ ਅਤੇ ਜਮਾਤਾਂ ਤੋਂ ਕਿਸੇ ਵੀ ਭਲੇ ਦੀ ਆਸ ਮੁਕਾ ਚੁੱਕੀਆਂ ਹਨ।


Shyna

Content Editor

Related News