SSP ਦੀਆਂ ਹਦਾਇਤਾਂ ’ਤੇ ਟ੍ਰੈਫਿਕ ਪੁਲਸ ਨੇ ਕੱਸਿਆ ਸ਼ਿਕੰਜਾ, ਕੱਟੇ 12 ਚਲਾਨ

03/04/2020 4:00:25 PM

ਬਾਘਾਪੁਰਾਣਾ (ਰਾਕੇਸ਼) - ਜ਼ਿਲਾ ਪੁਲਸ ਮੁਖੀ ਦੀਆਂ ਸਖਤ ਹਦਾਇਤਾਂ ਤੋਂ ਬਾਅਦ ਟ੍ਰੈਫਿਕ ਪੂਲਸ ਪੂਰੀ ਤਰਾਂ ਹਰਕਤ ਵਿਚ ਆ ਗਈ ਹੈ। ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਵਾਉਣ ਲਈ ਮਿਲੀਆਂ ਸਖਤ ਹਦਾਇਤਾਂ ਤੋਂ ਬਾਅਦ ਡੀ.ਐੱਸ.ਪੀ ਅਤੇ ਥਾਣਾ ਮੁਖੀ ਦੀ ਅਗਵਾਈ ਹੇਠ ਟ੍ਰੈਫਿਕ ਇੰਚਾਰਜ ਜਸਵੰਤ ਸਿੰਘ ਏ.ਐੱਸ.ਆਈ ਦੀ ਟੀਮ ਨੇ ਮੇਨ ਚੌਂਕ ਵਿਚ ਨਾਕੇਬੰਦੀ ਕਰਕੇ 12 ਵੀਕਲਾਂ ਦੇ ਚਲਾਨ ਕੱਟੇ। ਇਸ ਦੌਰਾਨ ਉਨ੍ਹਾਂ 3 ਵਾਹਨਾਂ ਨੂੰ ਥਾਣੇ ਵਿਚ ਬੰਦ ਕਰ ਦਿੱਤਾ ਅਤੇ ਪ੍ਰੈੱਸ ਦੇ ਨਾਮ ਦੀ ਗਲਤ ਵਰਤੋਂ ਕਰਕੇ ਲਿਖਣ ਵਾਲੇ ਵੀਕਲਾਂ ’ਤੇ ਸ਼ਿਕੰਜਾ ਕੱਸਿਆ। ਟ੍ਰੈਫਿਕ ਇੰਚਾਰਜ ਨੇ ਚੈਕਿੰਗ ਦੌਰਾਨ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਟਰਸਾਈਕਲ ’ਤੇ ਬੂਲਟ ਪਟਾਕੇ, ਟ੍ਰੈਕਟਰ ’ਤੇ ਸਪੀਕਰ, ਬੂਫਰ ਨਹੀਂ ਵੱਜਨ ਦਿੱਤੇ ਜਾਣਗੇ। 

ਉਨ੍ਹਾਂ ਨਿਯਮਾਂ ਦੀ ਉਲਘਣਾ ਕਰਨ ਵਾਲਿਆਂ ਨੂੰ ਵਰਜਦੇ ਹੋਏ ਕਿਹਾ ਕਿ ਵੀਕਲ ਚਾਲਕ ਆਪਣੇ ਕਾਗਜ਼ਾਂ ਨੂੰ ਮੁਕੰਮਲ ਕਰਕੇ ਵੀਕਲਾਂ ’ਚ ਟੈਕਸ, ਬੀਮਾ, ਪ੍ਰਦੂਸ਼ਨ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਵਗੈਰਾ ਸਾਰੇ ਪੇਪਰ ਆਪਣੇ ਕੋਲ ਰੱਖੇ, ਜੋ ਉਸ ਦੇ ਲਈ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਛੋਟੀ ਉਮਰ ਦੇ ਬੱਚੇ ਵੀਕਲ ਚਲਾਉਣ ਦੀ ਕੋਸ਼ਿਸ਼ ਨਾ ਕਰਨ। ਬਾਜ਼ਾਰਾਂ ਦੀਆਂ ਸੜਕਾਂ ਨੂੰ ਕਾਰ ਪਾਰਕਿੰਗ ਨਾ ਸਮਝਿਆ ਜਾਵੇ, ਉਵਰਲੋਡਿੰਗ ਵੀਕਲ ਨਾ ਕਰਨ, ਬੱਸ ਚਾਲਕ ਚੌਂਕ ਵਿਚ ਬੱਸਾਂ ਨਾ ਖੜ੍ਹੀਆ ਕੀਤੀਆਂ ਜਾਣ ਅਤੇ ਮੋਬਾਇਲ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਨਾਕੇਬੰਦੀ ਕੀਤੀ ਜਾਵੇਗੀ ਅਤੇ ਚੈਕਿੰਗ ਦੌਰਾਨ ਕੋਈ ਸ਼ਿਫਾਰਸ਼ ਨਹੀਂ ਮੰਨੀ ਜਾਵੇਗੀ। ਇਸ ਮੌਕੇ ਏ.ਐੱਸ.ਆਈ ਲਖਵੀਰ ਸਿੰਘ ਨੇ ਕਿਹਾ ਕਿ ਟ੍ਰੈਫਿਕ ਆਵਾਜਾਈ ਨੂੰ ਨਿਰੰਤਰ ਰੱਖਣ ਲਈ ਬਾਜ਼ਾਰਾਂ ਅੰਦਰ ਨਾਜਾਇਜ਼ ਕਬਜ਼ੇ ਨਹੀਂ ਰੱਖਣ ਦਿੱਤੇ ਜਾਣਗੇ। ਇਸ ਲਈ ਨਿਯਮਾਂ ਦੀਆਂ ਕੋਈ ਵੀ ਚਾਲਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੀ ਕੋਸ਼ਿਸ਼ ਨਾ ਕਰੇ।


rajwinder kaur

Content Editor

Related News