ਬੀ. ਪੀ. ਈ. ਓ. ਦਫਤਰ ਮਹਿਲ ਕਲਾਂ ਵਿਰੁੱਧ ਧਰਨੇ ਦਾ ਐਲਾਨ

12/17/2018 1:35:59 AM

ਬਰਨਾਲਾ, (ਵਿਵੇਕ ਸਿੰਧਵਾਨੀ)- ਬਲਾਕ ਮਹਿਲ ਕਲਾਂ ਦੇ ਬਲਾਕ ਪ੍ਰਾਇਮਰੀ ਦਫਤਰ ਦੀਆਂ ਆਪਹੁਦਰੀਆਂ ਅਤੇ ਗੈਰ-ਜ਼ਿੰਮੇਦਾਰ ਵਤੀਰੇ ਦੇ ਵਿਰੁੱਧ ਬਲਾਕ ਦੇ ਸਮੂਹ ਅਧਿਆਪਕਾਂ ਅਤੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਉਕਤ ਦਫਤਰ ਦੇ ਕੁਝ ਕਰਮਚਾਰੀ ਅਧਿਆਪਕਾਂ ਨੂੰ ਵਿਭਾਗੀ ਕੰਮਾਂ ਵਾਸਤੇ ਪਿਛਲੇ ਲੰਮੇ ਸਮੇਂ ਤੋਂ ਖੱਜਲ-ਖੁਆਰ ਕਰਦੇ ਆ ਰਹੇ ਹਨ, ਜਿਸ ਸਬੰਧੀ ਉੱਚ ਅਧਿਕਾਰੀਆਂ ਨੂੰ ਮਿਲ ਕੇ ਮੰਗ-ਪੱਤਰ ਵੀ ਦਿੱਤੇ ਗਏ ਸਨ ਪਰ ਸਿਵਾਏ ਲਾਰਿਆਂ ਅਤੇ ਲਾਪ੍ਰਵਾਹੀ ਭਰੇ ਵਤੀਰੇ ਤੋਂ ਕੁਝ ਹਾਸਲ ਨਹੀਂ ਹੋਇਆ। ਇਸ ਬਾਬਤ ਦੱਸਦਿਆਂ ਗੌਰਮਿੰਟ ਟੀਚਰ ਯੂਨੀਅਨ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਅਧਿਆਪਕਾਂ ਦੇ ਵਫ਼ਦ ਵੱਖ-ਵੱਖ ਸਮੇਂ ’ਤੇ ਜ਼ਿਲਾ ਸਿੱਖਿਆ ਅਫਸਰ (ਐਲੀ.) ਬਰਨਾਲਾ, ਡਿਪਟੀ ਡੀ. ਈ. ਓ. ਬਰਨਾਲਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਮਹਿਲ ਕਲਾਂ) ਨੂੰ ਮਿਲ ਕੇ ਮੁਲਾਜ਼ਮਾਂ ਨੂੰ ਦਰਪੇਸ਼ ਦਿੱਕਤਾਂ ਦੇ ਢੁਕਵੇਂ ਨਿਪਟਾਰੇ ਕਰਨ ਸਬੰਧੀ ਲਿਖਤੀ ਰੂਪ ’ਚ ਵੀ ਬੇਨਤੀਆਂ ਕਰ ਚੁੱਕੇ ਹਨ ਪਰ ਵਿਭਾਗ ਦੇ ਅਧਿਕਾਰੀਆਂ ਦੇ ਕੰਨਾਂ ’ਤੇ ਕੋਈ ਜੂੰ ਸਰਕਦੀ ਦਿਖਾਈ ਨਹੀਂ ਦਿੰਦੀ। ਹਰ ਵਾਰ ਅਗਲੇ ਕੁਝ ਦਿਨਾਂ ’ਚ ਹੱਲ ਕਰਨ ਦਾ ਲਾਰਾ ਲਾ ਕੇ ਮੋਡ਼ ਦਿੱਤਾ ਜਾਂਦਾ ਹੈ। ਇਸ ਸਬੰਧੀ ਵੇਰਵਾ ਦਿੰਦੇ ਹੋਏ ਗੌਰਮਿੰਟ ਟੀਚਰ ਯੂਨੀਅਨ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ ਉਕਤ ਦਫਤਰ ਦੇ ਕਲਰਕ ਦੇ ਗੈਰ-ਜ਼ਿੰਮੇਵਾਰ ਅਤੇ ਜਾਣ-ਬੁੱਝ ਕੇ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਵਿਵਹਾਰ ਕਾਰਨ ਸਾਰੇ ਬਲਾਕ ਦੇ ਵਿੱਤੀ ਅਤੇ ਅਮਲਾ ਸ਼ਾਖਾ ਨਾਲ ਸਬੰਧਤ ਕੰਮ ਪਿਛਲੇ ਲੰਮੇ ਸਮੇਂ ਤੋਂ ਲਟਕੇ ਪਏ ਹਨ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਪਰ ਸਿਵਾਏ ਲਾਰਿਆਂ ਦੇ ਕੁੱਝ ਪੱਲੇ ਨਹੀਂ ਪਿਆ। ਬੀ.ਐੱਡ ਅਧਿਆਪਕ ਫਰੰਟ ਦੇ ਆਗੂ ਜਗਜੀਤ ਸਿੰਘ ਛਾਪਾ ਨੇ ਦੱਸਿਆ ਕਿ ਦਸੰਬਰ ਵੀ ਅੱਧਾ ਲੰਘ ਚੁੱਕਾ ਹੈ ਪਰ ਅਜੇ ਤੱਕ ਨਵੰਬਰ ਮਹੀਨੇ ਦੀ ਤਨਖਾਹ ਅਧਿਆਪਕਾਂ ਨੂੰ ਨਹੀਂ ਨਸੀਬ ਹੋਈ, ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਨੂੰ ਆਰਥਕ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਪ੍ਰਕਾਰ ਅਧਿਆਪਕ ਕਮਿੱਕਰ ਸਿੰਘ ਨੇ ਆਪਣੀ ਬੇਟੀ ਦੇ ਵਿਆਹ ਲਈ ਆਪਣੇ ਪ੍ਰਾਵੀਡੈਂਟ ਫੰਡ ’ਚੋਂ ਰਕਮ ਜਾਰੀ ਕਰਾਉਣ ਲਈ ਅਪਲਾਈ ਕਰ ਰੱਖਿਆ ਹੈ ਪਰ ਉਸਨੂੰ ਜਾਣ-ਬੁੱਝ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹ ਬੇਹੱਦ ਚਿੰਤਾਗ੍ਰਸਤ ਹੈ। ਜੀ. ਟੀ. ਯੂ. ਦੇ ਬਲਾਕ ਸਕੱਤਰ ਸਤੀਸ਼ ਸਹਿਜਡ਼ਾ ਅਨੁਸਾਰ ਉਕਤ ਕਲਰਕ ਦਾ ਪਿਛਲਾ ਰਿਕਾਰਡ ਵੀ ਰਿਸ਼ਵਤਖੋਰੀ ਅਤੇ ਘਪਲਿਆਂ ਵਾਲਾ ਰਿਹਾ ਅਤੇ ਉਹ ਹੁਣ ਵੀ ਇਸੇ ਝਾਕ ਤਹਿਤ ਮੁਲਾਜ਼ਮਾਂ ਦੇ ਕੰਮ ਲਟਕਾਉਂਦਾ ਰਹਿੰਦਾ ਹੈ। ਜਗਦੀਪ ਸਿੰਘ ਭੱਦਲਵੱਢ ਨੇ ਇਸ ਮੌਕੇ  ਕਿਹਾ ਕਿ ਇੰਝ ਜਾਪ ਰਿਹਾ ਹੈ ਜਿਵੇਂ ਇਹ ਕਲਰਕ ਕਿਸੇ ਉੱਚ ਅਧਿਕਾਰੀ ਦੀ ਸ਼ਹਿ ’ਤੇ ਆਪਹੁਦਰੀਆਂ ’ਤੇ ਉਤਰਿਆ ਹੋਇਆ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਧਿਆਪਕ ਦਰਸ਼ਨ ਸਿੰਘ ਦੇ ਘਰ ਦੋ ਕੈਂਸਰ ਦੇ ਮਰੀਜ਼ ਮੰਜੇ ’ਤੇ ਪਏ ਹਨ ਪਰ ਉਕਤ ਕਰਮਚਾਰੀ ਉਨ੍ਹਾਂ ਦਾ ਮੈਡੀਕਲ ਬਿੱਲ ਆਪਣੇ ਕੋਲ ਦੱਬ ਕੇ ਬੈਠ ਗਿਆ ਹੈ। ਇਸੇ ਪ੍ਰਕਾਰ ਰਿਟਾਇਰਮੈਂਟ ਦੇ ਨੇਡ਼ੇ ਪਹੁੰਚੇ ਬਲਵੀਰ ਸਿੰਘ ਵਰਗੇ ਕਈ ਅਧਿਆਪਕਾਂ ਦੇ ਸੇਵਾ ਨਵ੍ਰਿਤੀ ਦੇ ਬਿੱਲ ਜਮ੍ਹਾ ਤਾਂ ਕੀ ਕਰਨੇ ਸਨ ਅਜੇ ਬਣਾਏ ਹੀ ਨਹੀਂ ਗਏ। ਅਜਿਹੇ ਕਈ ਗੰਭੀਰ ਮੁੱਦਿਆਂ ਦੇ ਮੱਦੇਨਜ਼ਰ ਸਮੂਹ ਅਧਿਆਪਕ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੋਮਵਾਰ ਨੂੰ ਬੀ. ਪੀ. ਈ. ਓ. ਦਫਤਰ ਮਹਿਲ ਕਲਾਂ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ’ਚ ਵੱਡੀ ਗਿਣਤੀ ’ਚ ਅਧਿਆਪਕ ਪਹੁੰਚ ਰਹੇ ਹਨ। ਇਸ ਸਮੇਂ ਪੀ.ਐੱਸ.ਐੱਸ.ਐੱਫ਼. ਪੰਜਾਬ ਦੇ ਆਗੂ ਗੁਰਜੀਤ ਸਿੰਘ, ਸੁਰਿੰਦਰ ਕੁਮਾਰ, ਜਤਿੰਦਰ ਸਿੰਘ, ਸੁਖਵੀਰ ਸਿੰਘ, ਸਤੀਸ਼ ਜੈਦਕਾ, ਦਲਜਿੰਦਰ ਸਿੰਘ ਪੰਡੋਰੀ, ਗੁਰਤੇਜ ਖਿਆਲੀ, ਹਰਜਿੰਦਰ ਸਿੰਘ ਲਾਲੀ, ਪ੍ਰਿੰਸੀਪਲ ਬਲਜੀਤ ਸਿੰਘ ਛਾਪਾ, ਕਮਲ ਖਿਆਲੀ ਅਤੇ ਹੋਰ ਕਈ ਹਾਜ਼ਰ ਸਨ।


Related News