ਬੀ. ਡੀ. ਪੀ. ਓ. ਨੂੰ ਸਸਪੈਂਡ ਕਰਨ ’ਤੇ ਪਿੰਡ ਵਾਸੀਅਾਂ ਵੱਲੋਂ ਕਾਂਗਰਸੀ ਸੇਵਾਦਾਰ ਖਿਲਾਫ ਨਾਅਰੇਬਾਜ਼ੀ

Wednesday, Sep 05, 2018 - 01:10 AM (IST)

ਬੀ. ਡੀ. ਪੀ. ਓ. ਨੂੰ ਸਸਪੈਂਡ ਕਰਨ ’ਤੇ ਪਿੰਡ ਵਾਸੀਅਾਂ ਵੱਲੋਂ ਕਾਂਗਰਸੀ ਸੇਵਾਦਾਰ ਖਿਲਾਫ ਨਾਅਰੇਬਾਜ਼ੀ

ਤਪਾ ਮੰਡੀ, (ਸ਼ਾਮ, ਗਰਗ)– ਬੀ. ਡੀ. ਪੀ. ਓ. ਸ਼ਹਿਣਾ ਬੀਬੀ ਬਲਜੀਤ ਕੌਰ ਖਾਲਸਾ ਨੂੰ ਸਸਪੈਂਡ ਕੀਤੇ ਜਾਣ ਦੇ ਰੋਸ ਵਜੋਂ ਅੱਜ ਢਿੱਲਵਾਂ ਵਾਸੀਆਂ ਨੇ ਹਲਕਾ ਭਦੌਡ਼ ਦੇ ਕਾਂਗਰਸੀ ਸੇਵਾਦਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਮੇਂ ਪਿੰਡ ਵਾਸੀਆਂ ਪ੍ਰੋ. ਬਲਦੇਵ ਸਿੰਘ, ਅਲਵੇਲ ਸਿੰਘ, ਨਿਰਭੈ ਸਿੰਘ, ਅਮਰਜੀਤ ਸਿੰਘ, ਬਲਵੀਰ ਸਿੰਘ, ਨਹਿਰੂ ਸਿੰਘ, ਪ੍ਰੀਤਮ ਸਿੰਘ, ਪੱਪੂ ਸਿੰਘ, ਤੇਜਾ ਸਿੰਘ, ਰੂਪ ਸਿੰਘ, ਬੁੱਧੂ ਸਿੰਘ, ਜੰਗ ਸਿੰਘ, ਮੱਖਣ ਸਿੰਘ, ਪ੍ਰੇਮ ਸਿੰਘ, ਰਾਜਿੰਦਰ ਸਿੰਘ, ਗੁਰਮੇਲ ਸਿੰਘ, ਨਛੱਤਰ ਸਿੰਘ, ਪਰਮਜੀਤ ਕੌਰ, ਗੁਜਰੀ ਕੌਰ, ਗੁਰਮੇਲ ਕੌਰ, ਬੰਤ ਕੌਰ, ਮਲਕੀਤ ਕੌਰ, ਤੇਜ ਕੌਰ, ਨਸੀਬ ਕੌਰ, ਸੁਰਜੀਤ ਕੌਰ, ਸਿਮਰਜੀਤ ਕੌਰ, ਬਲਵੀਰ ਕੌਰ ਆਦਿ ਨੇ ਕਿਹਾ ਕਿ ਬੀਬੀ ਬਲਜੀਤ ਕੌਰ ਲੰਬੇ ਸਮੇਂ ਤੋਂ ਈਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਹਨ   ਪਰ ਹਲਕੇ ਦੇ ਕਾਂਗਰਸੀ ਲੀਡਰ ਨੂੰ ਬੀਬੀ ਬਲਜੀਤ ਕੌਰ ਦੀ ਈਮਾਨਦਾਰੀ ਇੰਨੀ ਰਡ਼ਕੀ ਕਿ ਉਨ੍ਹਾਂ ਨੂੰ ਸਸਪੈਂਡ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਬੀਬੀ ਬਲਜੀਤ ਕੌਰ ਈਮਾਨਦਾਰੀ ਨਾਲ ਕੰਮ ਕਰਨ ਦੇ ਨਾਲ-ਨਾਲ ਸਿੱਖ ਕੌਮ ਦੇ ਪੰਥਕ ਮਸਲਿਆਂ ਲਈ  ਆਵਾਜ਼ ਵੀ ਬੁਲੰਦ ਕਰਦੇ ਆ ਰਹੇ ਹਨ, ਜਿਸ ਕਰਕੇ ਇਨ੍ਹਾਂ ਕਾਂਗਰਸੀਆਂ ਨੂੰ ਬੀਬੀ ਬਲਜੀਤ ਕੌਰ ਰਡ਼ਕ ਰਹੇ ਹਨ। ਉਨ੍ਹਾਂ ਕਿਹਾ ਕਿ ਬੀਬੀ ਖਾਲਸਾ ਨੂੰ ਸਸਪੈਂਡ ਕਰਾਉਣ ਵਾਲੇ ਕਾਂਗਰਸੀ ਲੀਡਰ ਉਹ ਆਪਣੇ ਪਿੰਡ ਵਿਚ ਪੈਰ ਵੀ ਨਹੀਂ ਪਾਉਣ ਦੇਣਗੇ। ਬਹਾਲੀ ਨਾ ਕਰਨ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
 ਸਸਪੈਂਡ ਕਰਨ ਸਬੰਧੀ ਪੁਸ਼ਟੀ ਕਰਦਿਆਂ ਬਲਜੀਤ ਕੌਰ ਖਾਲਸਾ  ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ’ਤੇ ਸਸਪੈਂਡ ਕਰਨ ਬਾਰੇ ਮੈਸੇਜ ਮਿਲਿਆ ਹੈ ਪਰ ਮਾਮਲੇ  ਪਿੱਛੇ ਉਨ੍ਹਾਂ ਕਾਂਗਰਸੀ ਇੰਚਾਰਜ ਦਾ ਹੀ ਹੱਥ ਦੱਸਿਆ । ਦੂਜੇ ਪਾਸੇ ਆਗੂਅਾਂ  ਨੇ ਚਿਤਾਵਨੀ ਦਿੱਤੀ ਕਿ ਜਿੰਨਾ ਸਮਾਂ ਬੀਬੀ ਖਾਲਸਾ ਨੂੰ ਮੁਡ਼ ਬਹਾਲ ਨਹੀਂ ਕੀਤਾ ਜਾਂਦਾ, ਓਨਾ ਸਮਾਂ ਉਹ ਇਸ ਖਿਲਾਫ਼ ਆਵਾਜ਼ ਬੁਲੰਦ ਕਰਦੇ ਰਹਿਣਗੇ ਅਤੇ ਲੋਡ਼ ਪੈਣ ’ਤੇ ਸੰਘਰਸ਼ ਨੂੰ ਤੇਜ਼ ਵੀ ਕਰਨਗੇ ਅਤੇ ਕਾਂਗਰਸੀ ਹਾਈਕਮਾਂਡ ਕੋਲ ਪਹੁੰਚ ਕਰ ਕੇ ਹਲਕਾ ਇੰਚਾਰਜ ਨੂੰ ਬਦਲਣ ਲਈ ਵੀ ਕਿਹਾ ਜਾਵੇਗਾ। 
ਕੀ ਕਹਿਣੈ ਡੀ. ਸੀ. ਦਾ
ਡਿਪਟੀ ਕਮਿਸ਼ਨਰ ਬਰਨਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਉਨ੍ਹਾਂ ਨੂੰ ਨਹੀਂ ਪਤਾ ਇਹ ਤਾਂ ਚੰਡੀਗਡ਼੍ਹ ਵਾਲੇ ਹੀ ਦੱਸ ਸਕਦੇ ਹਨ। 
ਸਸਪੈਂਡ ਕਰਨਾ  ਵਿਭਾਗ ਦੇ ਉਚ ਅਧਿਕਾਰੀਆਂ ਦਾ ਕੰਮ, ਇਸ ਨਾਲ ਮੇਰਾ ਕੀ ਸਬੰਧ : ਹਲਕਾ ਇੰਚਾਰਜ
ਜਦ ਹਲਕਾ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਾਰੇ ਮਾਮਲੇ ਨੂੰ ਝੂਠ ਅਤੇ ਬੇਬੁਨਿਆਦ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਉਨ੍ਹਾਂ ਕਦੇ ਵੀ ਬੀ. ਡੀ. ਪੀ. ਓ. ਨੂੰ ਕਿਸੇ ਕੰਮ ਲਈ ਵੀ ਨਹੀਂ ਕਿਹਾ। ਕੁਝ ਕੁ ਵਿਅਕਤੀ ਅਾਪਣੀ ਲੀਡਰੀ ਚਮਕਾਉਣ ਲਈ ਨਰੇਗਾ ਮਜ਼ਦੂਰਾਂ ਨੂੰ ਮੋਹਰੀ ਬਣਾ ਕੇ ਮੇਰੇ ਖਿਲਾਫ ਭਡ਼ਕਾ ਰਹੇ ਹਨ। ਸਸਪੈਂਡ ਕਰਨਾ ਤਾਂ ਵਿਭਾਗ ਦੇ ਉਚ ਅਧਿਕਾਰੀਆਂ ਦਾ ਕੰਮ ਹੁੰਦਾ ਹੈ, ਇਸ ਨਾਲ ਮੇਰਾ ਕੀ ਸਬੰਧ ਹੈ।     


Related News