ਬੈਂਕ ਮੈਨੇਜਰ ਵੱਲੋਂ ਮਾਰੀ ਕਰੋੜਾਂ ਦੀ ਠੱਗੀ ਦਾ ਮਾਮਲਾ : 2 ਦਿਨਾਂ 'ਚ ਭੈਣ ਦਾ ਵਿਆਹ, ਘਰ ਗਿਰਵੀ ਰੱਖਣ ਦੀ ਆਈ ਨੌਬਤ

02/22/2024 3:12:50 AM

ਨਿਊ ਚੰਡੀਗੜ੍ਹ (ਮੁਨੀਸ਼): ਬਾਂਸੇਪੁਰ ਦੇ ਐਕਸਿਸ ਬੈਂਕ ਦੇ ਇਕ ਪੀੜਤ ਖਾਤਾਧਾਰਕ ਬਿੰਦਰੀ ਦੇ ਘਰ ’ਚ ਸ਼ੁੱਕਰਵਾਰ ਨੂੰ ਭੈਣ ਦਾ ਵਿਆਹ ਹੈ। ਪੀੜਤ ਬਿੰਦਰੀ ਨੇ ਦੱਸਿਆ ਕਿ ਉਸ ਦੇ ਬੈਂਕ ਖਾਤੇ ’ਚ 20 ਲੱਖ 74 ਹਜ਼ਾਰ ਰੁਪਏ ਜਮ੍ਹਾ ਸਨ, ਜਿੱਥੇ ਹੁਣ ਸਿਰਫ਼ ਕੁਝ ਹਜ਼ਾਰ ਰੁਪਏ ਰਹਿ ਗਏ ਹਨ। ਹੋਰ ਖਾਤਾਧਾਰਕਾਂ ਵਾਂਗ ਬੈਂਕ ਮੈਨੇਜਰ ਉਨ੍ਹਾਂ ਨੂੰ ਵੀ ਬਰਬਾਦ ਕਰ ਕੇ ਨਿਕਲ ਗਿਆ। 

ਪੀੜਤ ਬਿੰਦਰੀ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 23-24 ਫਰਵਰੀ ਨੂੰ ਹੈ, ਹੁਣ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ। ਹੱਥ ਵੀ ਅੱਡਾਂ ਤਾਂ ਕਿਸ ਦੇ ਅੱਗੇ ਅਤੇ ਕਿੱਥੇ। ਘਰ ਗਿਰਵੀ ਰੱਖਣ ਤੱਕ ਦੀ ਨੌਬਤ ਆ ਗਈ ਹੈ। ਜਿਸ ਘਰ ’ਚ ਖ਼ੁਸ਼ੀ ਦਾ ਮਾਹੌਲ ਹੋਣਾ ਸੀ, ਅੱਜ ਉਸ ਘਰ ਨੂੰ ਬਿਨ੍ਹਾਂ ਕਿਸੇ ਗਲਤੀ ਤੋਂ ਸਜ਼ਾ ਮਿਲ ਰਹੀ ਹੈ ਅਤੇ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਬਿੰਦਰੀ ਬੈਂਕ ’ਚ ਗੇੜੇ ਕੱਢ ਕੱਢ ਕੇ ਪ੍ਰੇਸ਼ਾਨ ਹੋ ਰਿਹਾ ਹੈ ਅਤੇ ਉਸ ਨੂੰ ਸਿਰਫ਼ ਭਰੋਸਾ ਹੀ ਮਿਲ ਰਿਹਾ ਹੈ। ਦੂਜੇ ਪਾਸੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਸਬਰ ਟੁੱਟਦਾ ਜਾ ਰਿਹਾ ਹੈ ਅਤੇ ਹੁਣ ਲਗਾਤਾਰ ਧਰਨੇ ਦੇ ਕੇ ਆਪਣੀ ਨਾਰਾਜ਼ਗੀ ਪ੍ਰਗਟਾ ਰਹੇ ਹਨ।

ਬੁੱਧਵਾਰ ਨੂੰ 8ਵੇਂ ਦਿਨ ਲੋਕਾਂ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਬੈਂਕ ਦੀ ਸ਼ਾਖਾ ਅੱਗੇ ਪੱਕਾ ਮੋਰਚਾ ਲਾਇਆ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿਨ-ਰਾਤ ਇਸੇ ਗੱਲ ਦੀ ਚਿੰਤਾ ਹੈ ਕਿ ਉਨ੍ਹਾਂ ਦੇ ਪੈਸੇ ਕਦੋਂ ਮਿਲਣਗੇ। ਸਵੇਰੇ ਬੈਂਕ ਖੁੱਲ੍ਹਣ ਤੋਂ ਪਹਿਲਾਂ ਲੋਕ ਬੈਂਕ ਦੇ ਬਾਹਰ ਇਸੇ ਉਮੀਦ ’ਚ ਪਹੁੰਚ ਜਾਂਦੇ ਹਨ ਕਿ ਸ਼ਾਇਦ ਅੱਜ ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਤੁਹਾਡੇ ਖਾਤੇ ’ਚ ਪੈਸੇ ਪਾ ਦਿੱਤੇ ਹਨ ਜਾਂ ਪਾਏ ਜਾਣਗੇ। ਲੋਕਾਂ ਦਾ ਕਹਿਣਾ ਹੈ ਕਿ ਪੱਕੇ ਮੋਰਚੇ ’ਚ ਲੋਕ ਸਵੇਰੇ ਅਤੇ ਰਾਤ ਨੂੰ ਵੀ ਇੱਥੇ ਮੌਜੂਦ ਰਹਿਣਗੇ।

ਗੱਡੀ ’ਚ ਪੈਟਰੋਲ ਪਵਾਉਣ ਲਈ ਵੀ ਪੈਸੇ ਨਹੀਂ
ਲੋਕਾਂ ਕੋਲ ਗੱਡੀ ’ਚ ਪੈਟਰੋਲ ਪਵਾਉਣ ਜਾਂ ਘਰ ’ਚ ਕੋਈ ਬਿਮਾਰ ਹੋਣ ’ਤੇ ਹਸਪਤਾਲ ’ਚ ਇਲਾਜ ਕਰਵਾਉਣ ਲਈ ਵੀ ਪੈਸੇ ਨਹੀਂ ਹਨ। ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ, ਗੁਰਮੀਤ ਸਿੰਘ, ਵਰਿੰਦਰ ਸਿੰਘ ਦੱਸਦੇ ਹਨ ਕਿ ਸਾਡੇ ਬੈਂਕ ’ਚ ਲੱਖਾਂ ਰੁਪਏ ਜਮ੍ਹਾਂ ਸਨ ਪਰ ਹੁਣ ਬੈਲੇਂਸ ਵੀ ਜ਼ੀਰੋ ਹੈ। ਅਜਿਹੇ ’ਚ ਸਾਡੀ ਹਾਲਤ ਇਹ ਬਣ ਗਈ ਹੈ ਕਿ ਜੇ ਕਿਤੇ ਜਾਣਾ ਹੋਵੇ ਤਾਂ ਸਾਡੇ ਕੋਲ ਆਪਣੀ ਗੱਡੀ ਅਤੇ ਮੋਟਰਸਾਈਕਲ ’ਚ ਪੈਟਰੋਲ ਭਰਵਾਉਣ ਲਈ ਵੀ ਪੈਸੇ ਨਹੀਂ ਹਨ। ਜੇ ਘਰ ’ਚ ਕੋਈ ਬੀਮਾਰ ਹੋ ਜਾਵੇ ਤਾਂ ਹਸਪਤਾਲ ’ਚ ਇਲਾਜ ਕਰਵਾਉਣ ਲਈ ਵੀ ਪੈਸੇ ਨਹੀਂ ਹਨ। ਇਸ ਧੋਖੇ ਨੇ ਸਾਨੂੰ ਬੇਵੱਸ ਕਰ ਦਿੱਤਾ ਹੈ। ਇੰਝ ਲੱਗਦਾ ਹੈ ਜਿਵੇਂ ਪਿੰਡ ਬਾਂਸੇਪੁਰ ’ਚ ਸੋਗ ਦਾ ਮਾਹੌਲ ਹੈ। ਸਾਡਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਨੂੰ ਸਾਡੇ ਪੂਰੇ ਪੈਸੇ ਨਹੀਂ ਮਿਲ ਜਾਂਦੇ।

ਬੈਂਕ ਦਾ ਸੀ ਮੈਨੇਜਰ, ਸਾਡਾ ਨਹੀਂ, ਸਾਨੂੰ ਸਾਡਾ ਪੈਸਾ ਵਾਪਸ ਚਾਹੀਦਾ
ਭਾਰਤੀ ਕਿਸਾਨ ਯੂਨੀਅਨ ਪੁਆਧ ਵੀ ਪੀੜਤ ਖਾਤਾਧਾਰਕਾਂ ਨਾਲ ਪੱਕਾ ਮੋਰਚਾ ਲਾ ਕੇ ਬੈਠ ਗਈ ਹੈ। ਯੂਨੀਅਨ ਨੇ ਬੁੱਧਵਾਰ ਤੋਂ ਬੈਂਕ ਸ਼ਾਖਾ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ। ਪੀੜਤ ਖਾਤਾਧਾਰਕਾਂ ਦਾ ਕਹਿਣਾ ਹੈ ਕਿ ਫ਼ਰਾਰ ਮੈਨੇਜਰ ਬੈਂਕ ਦਾ ਸੀ ਨਾ ਕਿ ਸਾਡਾ। ਅਸੀਂ ਬੈਂਕ ਦੇ ਨਾਂ ’ਤੇ ਨਕਦੀ ਜਮ੍ਹਾਂ ਕਰਵਾਈ। ਹੁਣ ਬੈਂਕ ਸਾਡੇ ਪੈਸੇ ਵਾਪਸ ਕਰੇ ਅਤੇ ਕਾਨੂੰਨੀ ਤੌਰ ’ਤੇ ਫ਼ਰਾਰ ਹੋਏ ਬੈਂਕ ਮੈਨੇਜਰ ਗੌਰਵ ਵਲੋਂ ਕੀਤੀ ਗਈ ਧੋਖਾਧੜੀ ਦਾ ਜਵਾਬ ਸਾਨੂੰ ਦੇਵੇ। ਖਾਤਾਧਾਰਕਾਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਬੈਂਕ ਖਾਤਿਆਂ ’ਚ ਪੈਸੇ ਵਾਪਸ ਨਹੀਂ ਪਾਉਂਦਾ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News