ਮੀਡੀਆ ਦੀ ਆਜ਼ਾਦੀ ’ਤੇ ਹਮਲਾ ਅਣਐਲਾਨੀ ਐਮਰਜੈਂਸੀ ਵਰਗਾ : ਹਰਜੋਤ ਕਮਲ
Saturday, Jan 17, 2026 - 09:30 PM (IST)
ਮੋਗਾ, (ਗੋਪੀ/ਕਸ਼ਿਸ਼)- ਮੋਗਾ ਭਾਰਤੀ ਜਨਤਾ ਪਾਰਟੀ ਦੇ ਮੋਗਾ ਜ਼ਿਲ੍ਹਾ ਪ੍ਰਧਾਨ ਹਰਜੋਤ ਕਮਲ ਨੇ ਪੰਜਾਬ ਵਿੱਚ ਮੀਡੀਆ ਦੀ ਆਜ਼ਾਦੀ ’ਤੇ ਹੋ ਰਹੇ ਕਥਿਤ ਹਮਲਿਆਂ ਨੂੰ ਲੈ ਕੇ ਰਾਜ ਸਰਕਾਰ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਕਿਸੇ ਅਣਐਲਾਨੀ ਐਮਰਜੈਂਸੀ ਤੋਂ ਘੱਟ ਨਹੀਂ ਹਨ, ਜਿੱਥੇ ਸਰਕਾਰ ਤੋਂ ਸਵਾਲ ਪੁੱਛਣ ਵਾਲੀਆਂ ਮੀਡੀਆ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਡਾ. ਹਰਜੋਤ ਕਮਲ ਨੇ ਜਗਬਾਣੀ ਅਤੇ ਪੰਜਾਬ ਕੇਸਰੀ ਅਖ਼ਬਾਰ ਸਮੂਹ ਵੱਲੋਂ ਮਾਣਯੋਗ ਪੰਜਾਬ ਦੇ ਰਾਜਪਾਲ ਨੂੰ ਭੇਜੇ ਗਏ ਪੱਤਰ ਦੇ ਸੰਦਰਭ ਵਿੱਚ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੰਤੁਲਿਤ ਅਤੇ ਤੱਥਾਂ ’ਤੇ ਆਧਾਰਿਤ ਖ਼ਬਰ ਦੇ ਪ੍ਰਕਾਸ਼ਨ ਤੋਂ ਬਾਅਦ ਉਕਤ ਮੀਡੀਆ ਸਮੂਹ ਖ਼ਿਲਾਫ਼ ਸਰਕਾਰੀ ਏਜੰਸੀਆਂ ਰਾਹੀਂ ਕੀਤੀਆਂ ਜਾ ਰਹੀਆਂ ਲਗਾਤਾਰ ਕਾਰਵਾਈਆਂ, ਇਸ਼ਤਿਹਾਰਾਂ ਦੀ ਰੋਕ ਅਤੇ ਆਰਥਿਕ ਦਬਾਅ ਸਾਫ਼ ਸੰਕੇਤ ਦਿੰਦੇ ਹਨ ਕਿ ਪੰਜਾਬ ਸਰਕਾਰ ਆਲੋਚਨਾਤਮਕ ਆਵਾਜ਼ਾਂ ਨੂੰ ਦਬਾਉਣ ਦੀ ਨੀਤੀ ’ਤੇ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਐੱਫ਼ਐੱਸਐੱਸਏਆਈ, ਜੀਐੱਸਟੀ ਅਤੇ ਐਕਸਾਈਜ਼ ਵਿਭਾਗ ਵੱਲੋਂ ਇੱਕੋ ਸਮੇਂ ਅਤੇ ਇੱਕੋ ਪਰਿਵਾਰ ਨਾਲ ਸੰਬੰਧਿਤ ਸੰਸਥਾਵਾਂ ’ਤੇ ਲਗਾਤਾਰ ਛਾਪੇਮਾਰੀਆਂ ਨੂੰ ਸਿਰਫ਼ ਸੰਯੋਗ ਨਹੀਂ ਮੰਨਿਆ ਜਾ ਸਕਦਾ। ਇਹ ਪੂਰੀ ਕਾਰਵਾਈ ਸੋਚੀ-ਸਮਝੀ ਅਤੇ ਨਿਸ਼ਾਨਾਬੱਧ ਰਣਨੀਤੀ ਦਾ ਹਿੱਸਾ ਪ੍ਰਤੀਤ ਹੁੰਦੀ ਹੈ, ਜਿਸਦਾ ਮਕਸਦ ਪ੍ਰੈੱਸ ਨੂੰ ਡਰਾਉਣਾ ਅਤੇ ਕਾਬੂ ਕਰਨਾ ਹੈ।
ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਅੱਗੇ ਕਿਹਾ ਕਿ ਹਾਲੀਆ ਦਿਨਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਪੱਤਰਕਾਰ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਦੇ ਹਨ ਜਾਂ ਜਨਹਿਤ ਦੇ ਮੁੱਦੇ ਉਠਾਉਂਦੇ ਹਨ, ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨਾ, ਧਮਕੀਆਂ ਦੇਣਾ ਅਤੇ ਮਾਨਸਿਕ ਦਬਾਅ ਬਣਾਉਣਾ ਆਮ ਹੋ ਰਿਹਾ ਹੈ। ਇਹ ਰੁਝਾਨ ਲੋਕਤੰਤਰਕ ਪ੍ਰਣਾਲੀ ਲਈ ਗੰਭੀਰ ਖ਼ਤਰਾ ਹੈ ਅਤੇ ਪ੍ਰੈੱਸ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਹੈ।
ਹਰਜੋਤ ਕਮਲ ਨੇ ਦੁਹਰਾਇਆ ਕਿ ਭਾਰਤੀ ਜਨਤਾ ਪਾਰਟੀ ਮੀਡੀਆ ਦੀ ਆਜ਼ਾਦੀ, ਸੰਵਿਧਾਨਕ ਮੁੱਲਾਂ ਅਤੇ ਲੋਕਤੰਤਰ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਰਕਾਰੀ ਤਾਕਤ ਦੇ ਜ਼ੋਰ ’ਤੇ ਪੱਤਰਕਾਰਿਤਾ ਨੂੰ ਡਰਾਉਣ, ਦਬਾਉਣ ਜਾਂ ਚੁੱਪ ਕਰਾਉਣ ਦੀ ਹਰ ਕੋਸ਼ਿਸ਼ ਲੋਕਤੰਤਰ ਦੀ ਆਤਮਾ ਦੇ ਵਿਰੁੱਧ ਹੈ।
ਉਨ੍ਹਾਂ ਮਾਣਯੋਗ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਤੋਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਨਿਰਪੱਖ ਅਤੇ ਤੱਥਾਂ ’ਤੇ ਆਧਾਰਿਤ ਜਾਂਚ ਕਰਵਾਈ ਜਾਵੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਵਿੱਚ ਪ੍ਰੈੱਸ ਦੀ ਆਜ਼ਾਦੀ ਨੂੰ ਸਰਕਾਰੀ ਦਬਾਅ ਹੇਠ ਕੁਚਲਿਆ ਨਾ ਜਾਵੇ। ਡਾ. ਹਰਜੋਤ ਕਮਲ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਤਰ੍ਹਾਂ ਦੇ ਦਬਾਅਪੂਰਣ ਅਤੇ ਗੈਰ-ਲੋਕਤੰਤਰਕ ਰਵੱਈਏ ਦਾ ਭਾਰਤੀ ਜਨਤਾ ਪਾਰਟੀ ਪੂਰੀ ਤਾਕਤ ਅਤੇ ਸਖ਼ਤੀ ਨਾਲ ਵਿਰੋਧ ਕਰਦੀ ਰਹੇਗੀ।
