ਪਟਿਆਲਾ ਪੁਲਸ ਵਲੋਂ ਨਸ਼ਾ ਤਸਕਰ ਨਕਦੀ ਸਮੇਤ ਕਾਬੂ
Thursday, Jul 18, 2019 - 01:40 PM (IST)

ਪਟਿਆਲਾ (ਬਲਜਿੰਦਰ)—ਦੋ ਦਿਨ ਪਹਿਲਾਂ ਸੀ. ਆਈ. ਏ. ਸਟਾਫ ਪਟਿਆਲਾ ਵੱਲੋਂ ਗ੍ਰਿਫਤਾਰ ਕੀਤੇ ਗਏ ਨਸ਼ਾ ਸਮੱਗਲਰ ਨਵਜੋਤ ਸਿੰਘ ਤੋਂ ਪਟਿਆਲਾ ਪੁਲਸ ਨੇ 10 ਲੱਖ ਰੁਪਏ ਨਕਦ, ਸੋਨਾ ਅਤੇ ਹੈਰੋਇਨ ਬਰਾਮਦ ਕੀਤੀ ਹੈ। ਮੁਢਲੀ ਵਿੱਤੀ ਜਾਂਚ ਤੋਂ ਨਵਜੋਤ ਸਿੰਘ ਦੇ 24 ਘੰਟਿਆਂ 'ਚ 66.75 ਲੱਖ ਰੁਪਏ ਦੇ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਗਏ ਹਨ। ਇਸ ਸਬੰਧੀ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਮੱਗਲਰ ਵੱਲੋਂ ਨਸ਼ਿਆਂ ਨਾਲ ਬਣਾਈ ਇਕ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਅਤੇ ਨਕਦੀ ਜ਼ਬਤ ਕਰਨ ਦੀ ਕਾਰਵਾਈ ਵੀ ਅਮਲ 'ਚ ਲਿਆਂਦੀ ਜਾ ਰਹੀ ਹੈ।
ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਵਜੋਤ ਸਿੰਘ ਵਾਸੀ ਬਾਜ਼ੀਗਰ ਬਸਤੀ ਧੂਰੀ ਨੂੰ ਐੱਸ. ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਅਤੇ ਡੀ. ਐੱਸ. ਪੀ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ. ਆਈ. ਏ. ਸਟਾਫ ਇੰਚਾਰਜ ਇੰਸ. ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਵੱਲੋਂ ਸਰਹਿੰਦ ਰੋਡ 'ਤੇ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ 100 ਗ੍ਰਾਮ ਹੈਰੋਇਨ, ਨਸ਼ੇ ਵਾਲੀਆਂ 1030 ਗੋਲੀਆਂ, 10 ਲੱਖ ਰੁਪਏ ਦੀ ਨਕਦੀ ਅਤੇ 10 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਇਸ ਤੋਂ ਬਿਨਾਂ ਇਸ ਦੀ ਬਰਾਮਦ ਹੋਈ ਇਕ ਡਾਇਰੀ ਤੋਂ ਹੋਰ ਨਸ਼ਾ ਸਮੱਗਲਰਾਂ ਅਤੇ ਨਸ਼ਾ ਖਰੀਦਣ ਵਾਲਿਆਂ ਦੇ ਵੇਰਵੇ ਵੀ ਮਿਲੇ ਹਨ। ਇਹ ਨਸ਼ਾ ਸਮੱਗਲਰ ਦਿੱਲੀ ਸਥਿਤ ਨਸ਼ਾ ਸਪਲਾਇਰ ਨੀਗਰੋਜ਼ ਤੋਂ ਲਿਆਂਦੀ ਹੈਰੋਇਨ ਦਾ ਸੰਗਰੂਰ ਅਤੇ ਪਟਿਆਲਾ ਜ਼ਿਲਿਆਂ 'ਚ ਮੁੱਖ ਸਪਲਾਇਰ ਸੀ। ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰ ਕੇ 22 ਜੁਲਾਈ ਤੱਕ ਦਾ ਪੁਲਸ ਰਿਮਾਂਡ ਲੈ ਲਿਆ ਗਿਆ ਹੈ। ਇਸ ਜਾਂਚ ਨੂੰ ਹੋਰ ਅੱਗੇ ਵਧਾਇਆ ਜਾਵੇਗਾ।
ਐੱਸ. ਐੱਸ. ਪੀ. ਨੇ ਦੱਸਿਆ ਕਿ 2011 ਤੋਂ ਨਸ਼ਾ ਸਮੱਗਲਿੰਗ ਦੇ ਕਾਲੇ ਕਾਰੋਬਾਰ 'ਚ ਲੱਗੇ 9ਵੀਂ ਪਾਸ 29 ਸਾਲਾ ਨਵਜੋਤ ਸਿੰਘ ਖਿਲਾਫ ਹੁਣ ਤੱਕ ਵੱਖ-ਵੱਖ ਕੇਸਾਂ 'ਚ 5 ਕੇਸ ਦਰਜ ਹਨ। ਉਸ ਕੋਲ ਆਮਦਨੀ ਦਾ ਹੋਰ ਕੋਈ ਸਾਧਨ ਨਹੀਂ ਹੈ। ਨਾ ਹੀ ਪੈਨ ਕਾਰਡ ਸੀ। ਇਸ ਦੇ ਬਾਵਜੂਦ ਉਸ ਦੀ ਪਤਨੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਦੇ ਧੂਰੀ, ਨਾਭਾ, ਪਟਿਆਲਾ, ਪਿੰਡ ਕਲਿਆਣ ਅਤੇ ਚੰਡੀਗੜ੍ਹ ਦੇ ਵੱਖ-ਵੱਖ 13 ਬੈਂਕ ਖਾਤਿਆਂ 'ਚੋਂ ਲੱਖਾਂ ਰੁਪਏ ਦੀ ਨਕਦੀ ਮਿਲੀ। ਇਨ੍ਹਾਂ ਖਾਤਿਆਂ ਨੂੰ ਸੀਲ ਕਰਵਾ ਦਿੱਤਾ ਗਿਆ ਹੈ। ਮੁਲਜ਼ਮ ਤੋਂ 30 ਲੱਖ ਰੁਪਏ ਦੀ ਕੀਮਤ ਵਾਲੇ 1 ਪਲਾਟ ਦੇ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਇਸ ਦੀ 1 ਕਰੋੜ ਰੁਪਏ ਤੋਂ ਵੱਧ ਦੀ ਸਾਰੀ ਚੱਲ ਅਤੇ ਅਚੱਲ ਜਾਇਦਾਦ, ਸਵਿਫ਼ਟ ਕਾਰ ਨੂੰ ਜ਼ਬਤ ਕਰ ਕੇ ਸਰਕਾਰ ਦੇ ਖ਼ਜ਼ਾਨੇ 'ਚ ਜਮ੍ਹਾ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਦੀ ਪਤਨੀ ਸੀਮਾ ਇਸ ਦੇ ਗ੍ਰਿਫ਼ਤਾਰ ਹੋਣ ਮਗਰੋਂ ਆਪਣੇ ਖਾਤੇ 'ਚ ਪਏ 60.75 ਲੱਖ ਰੁਪਏ ਅਤੇ ਐੱਫ. ਡੀਜ਼ ਤੁੜਵਾ ਕੇ ਕਢਵਾਉਣ ਦੀ ਤਾਕ 'ਚ ਸੀ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਬੈਂਕ ਖਾਤੇ ਸੀਲ ਕੀਤੇ। ਇਸ ਦਾ ਇਕ ਬੈਂਕ ਲਾਕਰ ਵੀ ਮਿਲਿਆ ਹੈ। ਇਸ ਨੂੰ ਅਦਾਲਤੀ ਮਨਜ਼ੂਰੀ ਤੋਂ ਬਾਅਦ ਖੁਲ੍ਹਵਾ ਕੇ ਪਤਨੀ ਨੂੰ ਵੀ ਇਸ ਕੇਸ 'ਚ ਨਾਮਜ਼ਦ ਕੀਤਾ ਜਾਵੇਗਾ।