ਹਥਿਆਰਬੰਦ ਲੁਟੇਰੇ ਠੇਕੇ ਤੋਂ ਨਕਦੀ ਲੁੱਟ ਕੇ ਫਰਾਰ

Sunday, Nov 10, 2019 - 08:01 PM (IST)

ਹਥਿਆਰਬੰਦ ਲੁਟੇਰੇ ਠੇਕੇ ਤੋਂ ਨਕਦੀ ਲੁੱਟ ਕੇ ਫਰਾਰ

ਮੋਗਾ, (ਆਜ਼ਾਦ)— ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਾਬ ਦੇ ਠੇਕੇ ਤੋਂ ਨਕਦੀ ਲੁੱਟ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਮੋਗਾ ਵੱਲੋਂ 5-6 ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਹੌਲਦਾਰ ਹਰਮੇਸ਼ ਲਾਲ, ਮਨਪ੍ਰੀਤ ਸਿੰਘ ਅਤੇ ਹੋਰ ਪੁਲਸ ਮੁਲਾਜ਼ਮਾਂ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ।

ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਬਸਤੀ ਗੋਬਿੰਦਗਡ਼੍ਹ ਮੋਗਾ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਕਿਹਾ ਕਿ ਉਹ ਕਰੀਬ 14 ਸਾਲਾਂ ਤੋਂ ਸ਼ਰਾਬ ਦੇ ਠੇਕਿਆਂ ’ਤੇ ਬਤੌਰ ਮੈਨੇਜਰ ਤਾਇਨਾਤ ਹੈ। ਬੀਤੀ ਦੇਰ ਰਾਤ 10 ਵਜੇ ਦੇ ਕਰੀਬ ਜਦੋਂ ਉਹ ਅੰਮ੍ਰਿਤਸਰ ਰੋਡ ’ਤੇ ਗਲੀ ਨੰ. 5 ਦੇ ਸਾਹਮਣੇ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕੇ ’ਤੇ ਚੈਕਿੰਗ ਕਰਨ ਲਈ ਆਇਆ ਤਾਂ ਉਥੇ ਸੁਰੇਸ਼ ਕੁਮਾਰ ਵਾਸੀ ਹਰੀਪੁਰ (ਕਾਂਗਡ਼ਾ) ਹਿਮਾਚਲ ਮੌਜੂਦ ਸੀ, ਜੋ ਉਕਤ ਠੇਕੇ ’ਤੇ ਕੰਮ ਕਰਦਾ ਹੈ। ਕੁਝ ਸਮੇਂ ਬਾਅਦ ਹੀ ਕਾਰ ਸਵਾਰ 5-6 ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਲੋਈਆਂ ਨਾਲ ਬੁੱਕਲਾਂ ਮਾਰੀਆਂ ਹੋਈਆਂ ਸਨ, ਜਿਨ੍ਹਾਂ ’ਚੋਂ ਠੇਕੇ ਅੰਦਰ ਤਿੰਨ ਨੌਜਵਾਨ ਆਏ ਅਤੇ ਉਨ੍ਹਾਂ ਕਰਿੰਦੇ ਨੂੰ ਸ਼ਰਾਬ ਦੀ ਬੋਤਲ ਦਾ ਰੇਟ ਪੁੱਛਿਆ ਤਾਂ ਉਸ ਨੇ ਕਿਹਾ ਕਿ 2400 ਰੁਪਏ ਦੀ ਹੈ, ਜਿਸ ’ਤੇ ਉਹ ਉਸ ਨਾਲ ਬਹਿਸ ਕਰਨ ਲੱਗ ਪਏ ਅਤੇ ਕਹਿਣ ਲੱਗੇ ਕਿ ਲੁਧਿਆਣੇ ਤੋਂ 1800 ਰੁਪਏ ਦੀ ਮਿਲਦੀ ਹੈ, ਜਦੋਂ ਸੁਰੇਸ਼ ਕੁਮਾਰ ਬੋਤਲ ਲੈਣ ਲਈ ਅੰਦਰ ਗਿਆ ਤਾਂ ਉਕਤ ਅਣਪਛਾਤੇ ਨੌਜਵਾਨਾਂ ਨੇ ਠੇਕੇ ’ਤੇ ਪਿਆ ਕੈਸ਼ ਵਾਲਾ ਗੱਲਾ ਚੁੱਕ ਕੇ ਕਾਰ ’ਚ ਰੱਖ ਲਿਆ, ਜਿਸ ’ਚ 18-19 ਹਜ਼ਾਰ ਰੁਪਏ ਦੀ ਨਕਦੀ ਸੀ। ਉਨ੍ਹਾਂ ਕੋਲ ਅਸਲਾ ਵੀ ਸੀ, ਜਿਸ ਕਾਰਣ ਅਸੀਂ ਡਰ ਗਏ ਅਤੇ ਲੁਟੇਰੇ ਨੌਜਵਾਨ ਪਿੰਡ ਲੰਡੇਕੇ ਵੱਲ ਨੂੰ ਚਲੇ ਗਏ। ਉਪਰੰਤ ਅਸੀਂ ਸ਼ਰਾਬ ਠੇਕੇਦਾਰਾਂ ਨੂੰ ਇਸ ਬਾਰੇ ਦੱਸਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਉਹ ਅਣਪਛਾਤੇ ਲੁਟੇਰਿਆਂ ਅਤੇ ਕਾਰ ਦਾ ਸੁਰਾਗ ਲਾਉਣ ਦਾ ਯਤਨ ਕਰ ਰਹੇ ਹਨ। ਆਸ-ਪਾਸ ਦੇ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਚੈੱਕ ਕਰਨ ਦਾ ਯਤਨ ਕਰ ਰਹੇ ਹਨ ਪਰ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ।


author

Bharat Thapa

Content Editor

Related News