ਕੋਰੋਨਾ ਨੇ ਲਈ ਇਕ ਹੋਰ ਵਿਅਕਤੀ ਦੀ ਜਾਨ, 1 ਦੀ ਰਿਪੋਰਟ ਆਈ ਪਾਜ਼ੇਟਿਵ
Tuesday, Apr 13, 2021 - 05:27 PM (IST)

ਭਵਾਨੀਗੜ੍ਹ (ਕਾਂਸਲ)-ਸਥਾਨਕ ਸ਼ਹਿਰ ਨੇੜਲੇ ਪਿੰਡ ਕਾਲਾਝਾੜ ਦੇ ਇਕ 62 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਹਸਪਤਾਲ ਦੇ ਕਾਰਜਕਾਰੀ ਐੱਸ. ਐੱਮ. ਓ. ਡਾਕਟਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕਾਲਾਝਾੜ ਦਾ 62 ਸਾਲਾ ਵਿਅਕਤੀ, ਜੋ ਪਿਛਲੇ ਕੁਝ ਸਮੇਂ ਤੋਂ ਬੀਮਾਰੀ ਸੀ, ਨੂੰ ਸਾਹ ਲੈਣ ’ਚ ਦਿੱਕਤ ਹੋਣ ਦੇ ਨਾਲ-ਨਾਲ ਪਿਛਲੇ ਦਿਨੀਂ ਅਚਾਨਕ ਖੂਨ ਦੀ ਉਲਟੀ ਆਉਣ ਕਾਰਨ ਪਰਿਵਾਰ ਵੱਲੋਂ ਪਹਿਲਾਂ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੋਂ ਉਸ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਜਿਥੇ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ । ਉਕਤ ਵਿਅਕਤੀ ਦੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਸਸਕਾਰ ਕੀਤਾ ਗਿਆ ਹੈ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਭਵਾਨੀਗੜ੍ਹ ਇਲਾਕੇ ਨਾਲ ਸਬੰਧਤ ਇਕ ਹੋਰ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ । ਦੂਜੇ ਪਾਸੇ ਸ਼ਹਿਰ ਵਿਖੇ ਬੀਤੇ ਕੱਲ ਨਗਰ ਕੌਂਸਲ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਲਈ ਨਗਰ ਕੌਂਸਲ ਦਫ਼ਤਰ ਵਿਖੇ ਹੋਈ ਮੀਟਿੰਗ ’ਚ ਇਕ ਕੋਰੋਨਾ ਪਾਜ਼ੇਟਿਵ ਕੌਂਸਲਰ ਦੇ ਸ਼ਾਮਿਲ ਹੋਣ ਦੀ ਚਰਚਾ ਵੀ ਜ਼ੋਰ ਫੜਦੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਸ਼ਹਿਰ ਦਾ ਇਕ ਕੌਂਸਲਰ, ਜੋ 3 ਅਪ੍ਰੈਲ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਜਿਸ ਨੂੰ 17 ਦਿਨਾਂ ਲਈ ਉਸ ਦੇ ਘਰ ਇਕਾਂਤਵਾਸ ਕੀਤਾ ਗਿਆ ਸੀ ਪਰ ਉਹ ਇਕਾਂਤਵਾਸ ਭੰਗ ਕਰ ਕੇ ਇਸ ਮੀਟਿੰਗ ’ਚ ਮੌਜੂਦ ਹੋਇਆ ਸੀ, ਜਿਥੇ ਕਿ ਕੈਬਨਿਟ ਮੰਤਰੀ ਸਮੇਤ ਸ਼ਹਿਰ ਦੇ ਕਈ ਕਾਂਗਰਸੀ ਆਗੂ ਅਤੇ ਵੱਖ-ਵੱਖ ਸੰਸਥਾਵਾਂ ਦੇ ਚੇਅਰਮੈਨ ਵੀ ਮੌਜੂਦ ਸਨ।