ਦੂਜੇ ਦਿਨ ਵੀ ਗਰੀਬ ਲੋਕਾਂ ਦਾ ਸਰਕਾਰ ਖ਼ਿਲਾਫ ਫੁੱਟਿਆ ਗੁੱਸਾ

Wednesday, Jun 03, 2020 - 05:01 PM (IST)

ਦੂਜੇ ਦਿਨ ਵੀ ਗਰੀਬ ਲੋਕਾਂ ਦਾ ਸਰਕਾਰ ਖ਼ਿਲਾਫ ਫੁੱਟਿਆ ਗੁੱਸਾ

ਭਵਾਨੀਗੜ੍ਹ (ਵਿਕਾਸ, ਸੰਜੀਵ) : ਬਲਾਕ 'ਚ ਸੈਂਕੜੇ ਲੋੜਵੰਦ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਜਾਣ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਦੇ ਸੂਬਾ ਆਗੂ ਦਿਨੇਸ਼ ਬਾਂਸਲ ਦੀ ਅਗਵਾਈ ਹੇਠ ਲੋਕਾਂ ਵੱਲੋਂ ਸਥਾਨਕ ਫੂਡ ਸਪਾਲਾਈ ਦਫਤਰ ਵਿਖੇ ਧਰਨਾ ਲਗਾਇਆ ਗਿਆ। ਬੁੱਧਵਾਰ ਨੂੰ ਦੂਜੇ ਦਿਨ ਰਾਸ਼ਨ ਸੂਚੀਆਂ 'ਚੋਂ ਕੱਟੇ ਹੋਏ ਨਾਂਵਾਂ ਨੂੰ ਮੁੜ ਸੂਚੀ 'ਚ ਸ਼ਾਮਲ ਕਰਵਾਉਣ ਲਈ 24 ਘੰਟਿਆਂ ਦੀ ਭੁੱਖ ਹੜਤਾਲ 'ਤੇ ਬੈਠੇ ਤਿੰਨ ਵਿਅਕਤੀਆਂ ਨੇ ਆਪਣੀ ਭੁੱਖ ਹੜਤਾਲ ਨੂੰ ਅਣਮਿੱਥੇ ਸਮੇਂ 'ਚ ਤਬਦੀਲ ਕਰ ਦਿੱਤਾ। ਨਾਲ ਹੀ ਧਰਨੇ 'ਤੇ ਬੈਠੇ ਲੋਕਾਂ ਨੇ ਉਨ੍ਹਾਂ ਦੀ ਸਾਰ ਨਾ ਲਏ ਜਾਣ ਦੇ ਰੋਸ ਵੱਜੋਂ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਧਰਨੇ 'ਚ ਪਹੁੰਚੇ 'ਆਪ' ਦੇ ਸੂਬਾਈ ਆਗੂ ਦਿਨੇਸ਼ ਬਾਂਸਲ ਨੇ ਕੈਪਟਨ ਸਰਕਾਰ ਨੂੰ ਲੰਮੇ ਹੱਥੀ ਲੈਂਦਿਆ ਕਿਹਾ ਕਿ ਸੂਬੇ 'ਚ ਕਾਂਗਰਸ ਗਰੀਬ ਲੋਕਾਂ ਨਾਲ ਧੱਕੇਸ਼ਾਹੀ ਕਰਨ 'ਤੇ ਉਤਰ ਆਈ ਹੈ। ਭਵਾਨੀਗੜ੍ਹ ਬਲਾਕ ਸਮੇਤ ਹਲਕਾ ਸੰਗਰੂਰ 'ਚ ਸੱਤਾਧਾਰੀ ਆਗੂ ਨੇ ਰਾਜਨੀਤਿਕ ਵਿਤਕਰਾ ਕਰਦੇ ਹੋਏ ਹਜ਼ਾਰਾਂ ਗਰੀਬ ਲੋਕਾਂ ਦੇ ਨੀਲੇ ਕਾਰਡ ਰੱਦ ਕਰਵਾ ਦਿੱਤੇ।

ਬਾਂਸਲ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਹੱਕ ਦਵਾਉਣ ਲਈ ਪਿਛਲੇ 24 ਘੰਟਿਆਂ ਤੋਂ ਇੱਥੇ ਭੁੱਖ ਹੜਤਾਲ 'ਤੇ ਬੈਠੇ ਲੋਕਾਂ ਦੀ ਕਿਸੇ ਨੇ ਸਾਰ ਨਹੀਂ ਲਈ ਸਗੋਂ ਸੱਤਾਧਾਰੀ ਆਗੂ ਸਭਕੁੱਝ ਜਾਣਦੇ ਹੋਏ ਵੀ ਬੇਸ਼ਰਮੀ ਧਾਰ ਕੇ ਗੂੰਗੇ ਬਹਿਰੇ ਬਣੇ ਬੈਠੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਗਰੀਬ ਲੋਕਾਂ ਦੀ ਨਾ ਹੋ ਕੇ ਸਰਮਾਏਦਾਰਾਂ ਦੀ ਕੱਠਪੁਤਲੀ ਬਣ ਕੇ ਰਹਿ ਗਈ ਹੈ ਜਿਸ ਦਾ ਨਤੀਜਾ ਕਾਂਗਰਸ ਨੂੰ ਚੋਣਾ ਸਮੇਂ ਭੁਗਤਨਾ ਪਵੇਗਾ। ਬਾਂਸਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵਿਸ਼ਵਾਸ ਦਵਾਇਆ ਹੈ ਕਿ ਉਹ ਸੂਬੇ ਦੇ ਗਰੀਬ ਲੋਕਾਂ ਦੇ ਨੀਲੇ ਕਾਰਡਾਂ ਨੂੰ ਕੱਟਣ ਦਾ ਮਾਮਲਾ ਵਿਧਾਨ ਸਭਾ 'ਚ ਚੁੱਕਣਗੇ ਅਤੇ ਸਰਕਾਰ ਤੋਂ ਇਸ ਸਬੰਧੀ ਜਵਾਬ ਮੰਗਿਆ ਜਾਵੇਗਾ। ਬਾਂਸਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਆਉਂਦੇ ਦਿਨਾਂ 'ਚ ਹੀ ਗਰੀਬ ਲੋਕਾਂ ਦੇ ਨਾਂ ਦੁਬਾਰਾ ਸੂਚੀਆਂ 'ਚ ਸ਼ਾਮਲ ਕਰਕੇ ਉਨ੍ਹਾਂ ਨੂੰ ਰਾਸ਼ਨ ਨਾ ਦਿੱਤਾ ਗਿਆ ਤਾਂ ਲੋਕ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ, ਜਿਸਦੀ ਜ਼ਿੰਮੇਵਾਰ ਸਰਕਾਰ ਹੋਵੇਗੀ।


author

Anuradha

Content Editor

Related News