''ਆਪਣੇ ਹੱਕ ਅਤੇ ਮੰਗਾਂ ਪੂਰੀਆਂ ਕਰਵਾਉਣ ਲਈ ਯੂਨੀਅਨ ਨਾਲ ਚਟਾਨ ਵਾਂਗ ਖੜ੍ਹਾਗੇ''

03/26/2019 3:14:22 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ  (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵਲੋਂ ਪਿੰਡ ਬੋਦੀਵਾਲਾ ਅਤੇ ਲੱਕੜਵਾਲਾ ਵਿਖੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਜਿਸ 'ਚ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਆਪਣੇ ਹੱਕ ਅਤੇ ਮੰਗਾਂ ਪੂਰੀਆਂ ਕਰਾਉਣ ਲਈ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਯੂਨੀਅਨ ਨਾਲ ਚਟਾਨ ਵਾਂਗ ਖੜਨਾ ਪਵੇਗਾ। ਉਨ੍ਹਾਂ ਵਰਕਰਾਂ ਅਤੇ ਹੈਲਪਰਾਂ ਯੂਨੀਅਨ  ਵਲੋਂ ਕੀਤੇ ਜਾ ਰਹੇ ਸੰਘਰਸ਼ਾਂ 'ਚ ਸ਼ਮੂਲੀਅਤ ਕਰਨ ਤੇ ਆਰਥਿਕ ਪੱਖ ਤੋਂ ਜਥੇਬੰਦੀ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ, ਕਿਉਂਕਿ ਪੈਸੇ ਤੋਂ ਬਿਨਾਂ ਵੱਡੇ ਸੰਘਰਸ਼ ਲੜਨੇ ਤੇ ਸਰਕਾਰਾਂ ਨਾਲ ਟੱਕਰ ਲੈਣੀ ਬਹੁਤ ਔਖਾ ਕੰਮ ਹੈ। 

ਉਨ੍ਹਾਂ ਨੇ ਵਰਕਰਾਂ ਤੇ ਹੈਲਪਰਾਂ ਨੂੰ ਆਈ. ਸੀ. ਡੀ. ਐੱਸ. ਸਕੀਮ ਤੋਂ ਇਲਾਵਾ ਹੋਰ ਕਿਸੇ ਵੀ ਵਿਭਾਗ ਦਾ ਵਾਧੂ ਕੰਮ ਨਾ ਕਰਨ ਲਈ ਕਿਹਾ, ਕਿਉਂਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਇਸ ਸਬੰਧੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਜਾਰੀ ਕਰ ਦਿੱਤੀਆਂ ਹਨ। ਯੂਨੀਅਨ ਦੀ ਜ਼ਿਲਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ 1 ਅਕਤੂਬਰ 2018 ਤੋਂ ਵਰਕਰਾਂ ਅਤੇ ਹੈਲਪਰਾਂ ਦੇ ਮਾਣਭੱਤੇ 'ਚ ਕ੍ਰਮਵਾਰ 1500 ਰੁਪਏ ਤੇ 750 ਰੁਪਏ ਦਾ ਵਾਧਾ ਕੀਤਾ ਸੀ ਪਰ 6 ਮਹੀਨੇ ਬੀਤ ਜਾਣ ਦੇ ਬਾਵਜੂਦ ਵਧਾਏ ਹੋਏ ਪੈਸੇ ਵਰਕਰਾਂ ਅਤੇ ਹੈਲਪਰਾਂ ਨੂੰ ਨਹੀਂ ਭੇਜੇ ਗਏ। ਬੁਲਾਰਿਆਂ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਵਰਕਰਾਂ ਅਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ। ਇਸ ਮੌਕੇ ਜਸਵੀਰ ਕੌਰ ਖਾਨੇ ਕੀ ਢਾਬ, ਸੋਮਾ ਕੌਰ ਤਾਮਕੋਟ, ਬਿੰਦਰ ਕੌਰ ਲੱਕੜਵਾਲਾ, ਰਜਿੰਦਰ ਕੌਰ ਲਖਮੀਰੇਆਣਾ, ਅਨੀਤਾ ਰਾਣੀ ਫ਼ੂਲੇਵਾਲਾ ਆਦਿ ਆਗੂ ਮੌਜੂਦ ਸਨ।


rajwinder kaur

Content Editor

Related News