ਆਸ਼ਾ ਵਰਕਰ ਬਣ ਕੇ ਆਈ ਅਣਪਛਾਤੀ ਮਹਿਲਾ 15 ਦਿਨਾਂ ਦੇ ਬੱਚੇ ਨੂੰ ਲੈ ਕੇ ਫਰਾਰ
Tuesday, Oct 16, 2018 - 05:45 AM (IST)

ਮੋਹਾਲੀ, (ਕੁਲਦੀਪ)- ਪਿੰਡ ਬਲੌਂਗੀ ਦੀ ਇਕ ਅਨੀਤਾ ਨਾਮ ਦੀ ਮਹਿਲਾ ਦੇ ਸ਼ੱਕੀ ਹਾਲਤ ਵਿਚ ਗਾਇਬ ਹੋਏ ਨਵਜੰਮੇ ਬੱਚੇ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਹੁਣ ਇਸ ਪਿੰਡ ਬਲੌਂਗੀ ਵਿਚੋਂ ਹੀ ਇਕ ਅਣਪਛਾਤੀ ਮਹਿਲਾ ਇਕ ਹੋਰ ਨਵਜੰਮੇ ਬੱਚਾ ਲੈ ਕੇ ਫਰਾਰ ਹੋ ਗਈ। ਇਹ ਮਾਮਲਾ ਪੁਲਸ ਦੇ ਕੋਲ ਪਹੁੰਚਿਆ ਤਾਂ ਪੁਲਸ ਨੇ ਅਣਪਛਾਤੀ ਮਹਿਲਾ ਖਿਲਾਫ ਕੇਸ ਦਰਜ ਕਰ ਕੇ ਤਾਲਾਸ਼ ਸ਼ੁਰੂ ਕਰ ਦਿੱਤੀ ਹੈ।
ਆਸ਼ਾ ਵਰਕਰ ਬਣ ਕੇ ਆਈ ਸੀ ਮਹਿਲਾ
ਬੱਚੇ ਦੇ ਪਿਤਾ ਕਾਸਿਮ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੇ ਘਰ ਇਕ ਅਣਪਛਾਤੀ ਮਹਿਲਾ ਆਈ, ਜਿਸ ਨੇ ਨੀਲੇ ਰੰਗ ਦੇ ਕੱਪਡ਼ੇ ਪਾਏ ਹੋਏ ਸਨ। ਖੁਦ ਨੂੰ ਆਸ਼ਾ ਵਰਕਰ ਦੱਸਣ ਵਾਲੀ ਉਸ ਮਹਿਲਾ ਨੇ ਉਨ੍ਹਾਂ ਨੂੰ ਕਿਹਾ ਕਿ ਪਿੰਡ ਵਿਚ ਜਿਨ੍ਹਾਂ ਬੱਚਿਆਂ ਦਾ ਕੁਝ ਦਿਨਾਂ ਵਿਚ ਜਨਮ ਹੋਇਆ ਹੈ, ਉਨ੍ਹਾਂ ਨੂੰ ਸਰਕਾਰ ਵਲੋਂ 6 ਹਜ਼ਾਰ ਰੁਪਏ ਦਿੱਤੇ ਜਾਣ ਦੀ ਸਕੀਮ ਕੱਢੀ ਗਈ ਹੈ ਤੇ ਉਸੇ ਸਕੀਮ ਦੇ ਤਹਿਤ ਪਿੰਡ ਦੇ ਗੁਰਦੁਆਰੇ ਸਾਹਿਬ ਵਿਚ ਅਧਿਕਾਰੀ ਪਹੁੰਚ ਰਹੇ ਹਨ। ਮਹਿਲਾ ਨੇ ਉਨ੍ਹਾਂ ਨੂੰ ਬੱਚਾ ਲੈ ਕੇ ਗੁਰਦੁਆਰਾ ਸਾਹਿਬ ਪੁੱਜਣ ਨੂੰ ਕਿਹਾ।
ਕਾਸਿਮ ਨੇ ਦੱਸਿਆ ਕਿ ਜਦੋਂ ਉਹ ਬੱਚਾ ਲੈ ਕੇ ਗੁਰਦੁਆਰਾ ਸਾਹਿਬ ਪੁੱਜੇ ਤਾਂ ਉਸ ਮਹਿਲਾ ਨੇ ਕਿਹਾ ਕਿ ਫਿਲਹਾਲ ਅਧਿਕਾਰੀ ਆਏ ਨਹੀਂ ਹਨ, ਉਹ ਘਰ ਚਲੇ ਜਾਣ ਤੇ ਉਹ ਉਨ੍ਹਾਂ ਨੂੰ ਫਿਰ ਸੱਦ ਲਵੇਗੀ। ਕੁਝ ਦੇਰ ਬਾਅਦ ਉਹ ਮਹਿਲਾ ਫਿਰ ਤੋਂ ਉਨ੍ਹਾਂ ਦੇ ਘਰ ਗਈ ਪਰ ਤਦ ਤਕ ਕਾਸਿਮ ਡਿਊਟੀ ਜਾ ਚੁੱਕਾ ਸੀ। ਉਹ ਮਹਿਲਾ ਉਸ ਦੀ ਪਤਨੀ ਵਰਖਾ ਨੂੰ ਆਪਣੇ ਨਾਲ ਲੈ ਆਈ।
ਬੱਚੇ ਦੀ ਫੋਟੋ ਕਰਵਾਉਣ ਦੇ ਬਹਾਨੇ ਬੱਚਾ ਲੈ ਕੇ ਹੋਈ ਗਾਇਬ
ਬੱਚੇ ਦੀ ਮਾਤਾ ਵਰਖਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਪੁੱਜਣ ’ਤੇ ਉਸ ਮਹਿਲਾ ਨੇ ਫ਼ਾਰਮ ਆਦਿ ਭਰਵਾਉਣ ਅਤੇ ਬੱਚੇ ਦੀ ਫੋਟੋ ਕਰਵਾਉਣ ਦਾ ਬਹਾਨਾ ਬਣਾ ਕੇ ਬੱਚਾ ਖੁਦ ਆਪਣੇ ਕੋਲ ਫਡ਼ ਲਿਆ ਸੀ। ਕੁਝ ਦੇਰ ਬਾਅਦ ਉਸ ਨੇ ਕਿਹਾ ਕਿ ਉਹ ਨਜ਼ਦੀਕ ਹੀ ਕਿਸੇ ਦੁਕਾਨ ਤੋਂ ਬੱਚੇ ਦੀ ਫੋਟੋ ਕਰਵਾਉਣ ਜਾ ਰਹੀ ਹੈ। ਵਰਖਾ ਉਥੇ ਹੀ ਬੈਠੀ ਰਹੀ ਪਰ ਉਹ ਕਾਫ਼ੀ ਦੇਰ ਤਕ ਵਾਪਸ ਨਹੀਂ ਆਈ। ਜਦੋਂ ਵਰਖਾ ਨੇ ਇਧਰ-ਉਧਰ ਵੇਖਿਆ ਤਾਂ ਮਹਿਲਾ ਕਿਤੇ ਨਜ਼ਰ ਨਹੀਂ ਆਈ, ਜੋ ਕਿ ਬੱਚਾ ਲੈ ਕੇ ਫਰਾਰ ਹੋ ਚੁੱਕੀ ਸੀ। ਆਪਣਾ ਬੱਚਾ ਚੋਰੀ ਹੋਇਆ ਵੇਖ ਵਰਖਾ ਨੇ ਰੌਲਾ ਪਾ ਦਿੱਤਾ ਅਤੇ ਲੋਕ ਇਕੱਠੇ ਹੋ ਗਏ। ਇਸ ਸਬੰਧ ਵਿਚ ਪੁਲਸ ਨੂੰ ਵੀ ਸੂਚਿਤ ਕੀਤਾ, ਜਿਸ ਦੌਰਾਨ ਪੁਲਸ ਮੌਕੇ ’ਤੇ ਪਹੁੰਚ ਗਈ।
ਸੀ. ਸੀ. ਟੀ. ਵੀ. ਵਿਚ ਕੈਦ ਹੋਈ ਮਹਿਲਾ ਪਰ ਪਹਿਚਾਣ ਨਹੀਂ ਹੋਈ
ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੇਡ਼ੇ-ਤੇਡ਼ੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਘਾਲੀ। ਪੁਲਸ ਦਾ ਮੰਨਣਾ ਹੈ ਕਿ ਇਕ ਕੈਮਰੇ ਦੀ ਫੁਟੇਜ ਵਿਚ ਇਕ ਮਹਿਲਾ ਨਵਜੰਮੇ ਬੱਚੇ ਨੂੰ ਲੈ ਕੇ ਜਾ ਰਹੀ ਹੈ ਜਿਸ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਹੈ ਅਤੇ ਸਿਰ ’ਤੇ ਨੀਲੇ ਰੰਗ ਦਾ ਦੁਪੱਟਾ ਲਿਆ ਹੋਇਆ ਹੈ। ਉਸ ਫੁਟੇਜ ਵਿਚ ਮਹਿਲਾ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ।
ਕੁਝ ਦਿਨ ਪਹਿਲਾਂ ਵੀ ਘਰ ਗਈ ਸੀ ਮਹਿਲਾ
ਬੱਚੇ ਦੇ ਪਿਤਾ ਕਾਸਿਮ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਝਾਰਖੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਦੱਸਿਆ ਕਿ 15 ਦਿਨ ਪਹਿਲਾਂ ਹੀ ਉਸ ਦੀ ਪਤਨੀ ਵਰਖਾ ਦੀ ਕੁੱਖੋਂ ਬੱਚੇ ਨੇ ਜਨਮ ਲਿਆ ਸੀ। ਇਹ ਅਣਪਛਾਤੀ ਮਹਿਲਾ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਦੇ ਘਰ ਗਈ ਸੀ। ਉਸ ਦਿਨ ਉਹ ਬੱਚੇ ਨੂੰ ਪੋਲੀਓ ਦੀ ਦਵਾਈ ਪਿਲਾਉਣ ਦੇ ਬਹਾਨੇ ਨਾਲ ਗਈ ਸੀ ਪਰ ਉਸ ਦਿਨ ਵੀ ਉਸ ਨੇ ਆਪਣਾ ਮੂੰਹ ਕੱਪਡ਼ੇ ਨਾਲ ਢਕਿਆ ਹੋਇਆ ਸੀ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਹੋ ਸਕਦਾ ਹੈ ਕਿ ਉਸ ਦਿਨ ਵੀ ਉਹ ਬੱਚੇ ਨੂੰ ਅਗਵਾ ਕਰਨ ਲਈ ਗਈ ਹੋਵੇ ਪਰ ਉਸ ਦਾ ਦਾਅ ਨਹੀਂ ਲਗ ਸਕਿਆ।