ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 25 ਲੱਖ ਦੀ ਠੱਗੀ
Thursday, Jan 01, 2026 - 12:58 PM (IST)
ਮੋਗਾ (ਆਜ਼ਾਦ) : ਕਪੂਰਥਲਾ ਜ਼ਿਲੇ ਦੇ ਪਿੰਡ ਡੱਡਵਿੰਡੀ ਨਿਵਾਸੀ ਨਰਿੰਦਰ ਸਿੰਘ ਨੇ ਮੋਗਾ ਦੇ ਇਮੀਗ੍ਰੇਸ਼ਨ ਸੰਚਾਲਕ ’ਤੇ ਹੋਰਨਾਂ ਨਾਲ ਕਥਿਤ ਮਿਲੀਭੁਗਤ ਕਰ ਕੇ ਉਸਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਇਸ ਸਬੰਧ ਵਿਚ ਜਾਂਚ ਦੇ ਬਾਅਦ ਥਾਣਾ ਸਿਟੀ ਮੋਗਾ ਵਿਚ ਬਰਿੰਦਰਦੀਪ ਸਿੰਘ ਚਾਵਲਾ ਉਰਫ ਬੀਰੀ ਮਾਲਕ ਓ. ਐੱਫ਼. ਸੀ. ਸੀ. ਇਮੀਗ੍ਰੇਸ਼ਨ ਸਿਵਲ ਲਾਈਨ ਮੋਗਾ ਅਤੇ ਗੁਨੀਤ ਚਾਵਲਾ ਉਰਫ ਗੁਨੀਤ ਬਾਜਾਜ ਨਿਵਾਸੀ ਹੀਰਾ ਸਿੰਘ ਰੋਡ ਸੰਤ ਨਗਰ ਸਿਵਲ ਲਾਈਨ ਲੁਧਿਆਣਾ ਦੇ ਖ਼ਿਲਾਫ਼ ਧੋਖਾਦੇਹੀ ਅਤੇ ਹੋਰਨਾਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਪਾਲ ਸਿੰਘ ਵਲੋਂ ਕੀਤੀ ਜਾ ਰਹੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਨਰਿੰਦਰ ਸਿੰਘ ਨੇ ਕਿਹਾ ਕਿ ਦਸੰਬਰ 2023 ਵਿਚ ਕਥਿਤ ਮੁਲਜਮਾਂ ਨਾਲ ਉਸਦੀ ਅਮਰੀਕਾ ਜਾਣ ਸਬੰਧੀ ਗੱਲਬਾਤ ਹੋਈ ਸੀ, ਜਿਸ ’ਤੇ ਮੈਂ ਉਸ ਨੂੰ ਆਪਣੇ ਦਸਤਾਵੇਜ਼ ਅਤੇ ਪੈਸੇ ਦੇ ਦਿੱਤੇ ਪਰ ਉਨ੍ਹਾਂ ਨਾ ਤਾਂ ਅਮਰੀਕਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਮੇਰੇ ਨਾਲ ਪਤੀ ਪਤਨੀ ਨੇ ਕਥਿਤ ਮਿਲੀਭੁਗਤ ਕਰਕੇ 25 ਲੱਖ ਰੁਪਏ ਦੀ ਠੱਗੀ ਕੀਤੀ ਹੈ।
ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਐੱਸ. ਪੀ. ਐੱਚ. ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਅਧਿਕਾਰੀ ਨੇ ਦੋਨਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਉਕਤ ਮਾਮਲਾ ਦਰਜ ਕੀਤਾ ਗਿਆ, ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ।
