ਅਕਾਲੀ ਦਲ ’ਚ ਚਲ ਰਿਹਾ ਮਹਾਂਭਾਰਤ ਮੰਦਭਾਗਾ, ਬਰਗਾੜੀ ਕਾਂਡ ਦੀ ਸਜ਼ਾ ਭੁਗਤ ਰਿਹੈ ਅਕਾਲੀ ਦਲ: ਸਿੰਗਲਾ
Wednesday, Aug 07, 2024 - 03:53 AM (IST)
ਭਵਾਨੀਗੜ੍ਹ (ਕਾਂਸਲ) - ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਚਲ ਰਿਹਾ ਮਹਾਂਭਾਰਤ ਮੰਦਭਾਗਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਬਰਗਾੜੀ ਕਾਂਡ ਅਤੇ ਪੰਜਾਬ ਅੰਦਰ ਹੋਰ ਵੱਖ-ਵੱਖ ਥਾਵਾਂ ਉਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦੀ ਸਜ਼ਾ ਅੱਜ ਅਕਾਲੀ ਦਲ ਨੂੰ ਭੁਗਤਨੀ ਪੈ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਆਲ ਇੰਡੀਆਂ ਕਾਂਗਰਸ ਕਮੇਟੀ ਦੇ ਸਹਾਇਕ ਖਜ਼ਾਨਚੀ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨੇ ਅੱਜ ਸਥਾਨਕ ਸ਼ਹਿਰ ਵਿਖੇ ਕੁਝ ਚੌਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸਿੰਗਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਆਪਣੀ ਸਰਕਾਰ ਦੇ ਕਾਰਜ ਕਾਲ ਦੌਰਾਨ ਸੱਤਾ ਦੇ ਨਸ਼ੇ ’ਚ ਆ ਕੇ ਕੀਤੀਆਂ ਗਈਆਂ ਇਨ੍ਹਾਂ ਗਲਤੀਆਂ ਲਈ ਉਸ ਸਮੇਂ ਕੋਈ ਪਸਚਾਤਾਪ ਨਹੀਂ ਕੀਤਾ ਅਤੇ ਹੁਣ ਜਦੋਂ ਅਕਾਲ ਪੁਰਖ ਵੱਲੋਂ ਇਨ੍ਹਾਂ ਨੂੰ ਸਜ਼ਾ ਦਿੱਤੀ ਗਈ ਹੈ ਤਾਂ ਹੁਣ ਸਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਆਪਣੀਆਂ ਗਲਤੀਆਂ ਲਈ ਮਾਫ਼ੀ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਅੰਦਰ ਹੋਈਆਂ ਇਨ੍ਹਾਂ ਦੁੱਖਦਾਈ ਘਟਨਾਵਾਂ ਲਈ ਇਕੱਲੇ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਉਸ ਸਮੇਂ ਸਰਕਾਰ ਅੰਦਰ ਸੱਤਾ ਦਾ ਅੰਨਦ ਮਾਨਣ ਵਾਲੇ ਸਾਰੇ ਹੀ ਆਗੂ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਸਨ। ਇਹੀ ਕਾਰਨ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੰਜਾਬ ’ਚੋਂ ਪੂਰੀ ਤਰ੍ਹਾਂ ਖਾਤਮਾ ਹੋ ਗਿਆ ਹੈ। ਸੂਬੇ ਦੀ ਜਿਸ ਜਨਤਾਂ ਨੂੰ ਇਨ੍ਹਾਂ ਆਗੂਆਂ ਨੇ ਟਿੱਚ ਸਮਝਿਆ ਅੱਜ ਉਸੇ ਜਨਤਾਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਕਰਵਾ ਦਿੱਤੀਆਂ ਹਨ।
ਸਿੰਗਲਾ ਨੇ ਕਿਹਾ ਕਿ ਲੋਕਤੰਤਰ ਦੀ ਬਾਹਲੀ ਨਾਲ ਹੀ ਲੋਕਾਂ ਦੀ ਖੁਸ਼ਹਾਲੀ ਹੈ ਅਤੇ ਲੋਕਤੰਤਰੀ ਦੀ ਬਹਾਲੀ ਲਈ ਸਿਆਸਤ ’ਚ ਵਿਰੋਧੀ ਧਿਰ ਦਾ ਵੀ ਮਜ਼ਬੂਤ ਰਹਿਣਾ ਜ਼ਰੂਰੀ ਹੈ। ਇਸ ਲਈ ਅਕਾਲੀ ਦਲ ਦੇ ਉਮਰ ਹੰਡਾਂ ਚੁੱਕੇ ਆਗੂਆਂ ਨੂੰ ਹੁਣ ਅਕਾਲੀ ਦਲ ਦੀ ਕਮਾਂਡ ਨੌਜਵਾਨ ਆਗੂਆਂ ਦੇ ਹੱਥ ’ਚ ਸੌਂਪ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਹੀ ਅਕਾਲੀ ਦਲ ਸੂਬੇ ਅੰਦਰ ਮੁੜ ਆਪਣੀ ਸਾਖ ਕਾਇਮ ਕਰ ਸਕਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਰਣਜੀਤ ਸਿੰਘ ਤੂਰ ਸੂਬਾ ਸਕੱਤਰ, ਗੁਰਦੀਪ ਸਿੰਘ ਘਰਾਚੋਂ ਬਲਾਕ ਪ੍ਰਧਾਨ, ਮੰਗਤ ਸ਼ਰਮਾ ਜ਼ਿਲਾ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਕੰਧੋਲਾ ਬਲਾਕ ਸਪੋਕਸ਼ਮੈਨ ਤੇ ਪਰਮਜੀਤ ਸ਼ਰਮਾ ਵੀ ਮੌਜੂਦ ਸਨ।