ਅਕਾਲ ਡਿਗਰੀ ਕਾਲਜ ਫਾਰ ਵੂਮੈਨ ਦੇ ਫੰਡਾਂ ’ਚ ਕਰੋੜਾਂ ਦੀ ਘਪਲੇਬਾਜ਼ੀ ਨੂੰ ਲੈ ਕੇ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ

04/19/2022 9:20:18 PM

ਸੰਗਰੂਰ (ਸਿੰਗਲਾ)-ਅਕਾਲ ਡਿਗਰੀ ਕਾਲਜ ਫਾਰ ਵੂਮੈਨ ਸੰਗਰੂਰ ਪਿਛਲੇ ਲੰਮੇ ਸਮੇਂ ਤੋਂ ਫੰਡਾਂ ’ਚ ਘਪਲਿਆਂ ਦੇ ਦੋਸ਼ਾਂ ਕਾਰਨ ਸੁਰਖੀਆਂ ’ਚ ਰਿਹਾ ਹੈ। ਜਿਸ ਸਬੰਧੀ ਸ਼ਹਿਰ ਵਾਸੀਆਂ ਵੱਲੋਂ ਵੱਖ-ਵੱਖ ਸਮੇਂ ’ਤੇ ਕਾਲਜ ’ਚ ਹੋ ਰਹੇ ਫੰਡਾਂ ਦੀ ਘਪਲੇਬਾਜ਼ੀ ਨੂੰ ਲੈ ਕੇ ਜਾਂਚ ਕਰਨ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜੇ ਗਏ ਸਨ। ਸੰਗਰੂਰ ਦੇ ਨਾਮਵਰ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਦੀ ਮੈਨੇਜਮੈਂਟ ਕਮੇਟੀ ਦੇ ਖ਼ਿਲਾਫ਼ 12 ਕਰੋੜ ਰੁਪਏ ਦੇ ਲੱਗਭਗ ਗਬਨ ਕਰਨ ਦੇ ਦੋਸ਼ ਤਹਿਤ ਆਈ.ਪੀ.ਸੀ. ਦੀਆਂ ਧਾਰਾਵਾਂ ਤਹਿਤ ਅੱਜ ਸੰਗਰੂਰ ਪੁਲਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਕਈ ਨਾਮੀ ਵਿਅਕਤੀਆਂ ਵੱਲੋਂ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਦੀ ਪ੍ਰਬੰਧਕ ਕਮੇਟੀ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਧੱਕੇਸ਼ਾਹੀ ਤੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਕਾਰਨ ਉੱਚ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ 3 ਜੂਨ 2020 ਇਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਨੂੰ 3 ਜੁਲਾਈ 2020 ਤੱਕ ਆਪਣੀ ਰਿਪੋਰਟ ਦੇਣ ਲਈ ਕਿਹਾ। ਜਾਂਚ ਕਮੇਟੀ ਨੇ ਆਪਣੀ ਰਿਪੋਰਟ 13 ਜੁਲਾਈ 2021 ਨੂੰ ਦਿੱਤੀ। 28 ਜਨਵਰੀ 2021 ਨੂੰ ਰਿਪੋਰਟ ਦੀ ਕਾਪੀ ਭੇਜ ਕੇ ਡੀ.ਪੀ.ਆਈ. ਕਾਲਜਾਂ ਨੇ ਮੈਨੇਜਮੈਂਟ ਕੋਲੋਂ ਜਵਾਬ ਤਲਬੀ ਕੀਤੀ ਅਤੇ 14 ਜਨਵਰੀ 2022 ਨੂੰ ਮੈਨੇਜਮੈਂਟ ਨੇ ਆਪਣਾ ਜਵਾਬ ਡੀ.ਪੀ.ਆਈ. ਕਾਲਜਾਂ ਕੋਲ ਦਰਜ ਕਰਵਾਇਆ। ਕਾਲਜ ਮੈਨੇਜਮੈਂਟ ਦੇ ਜਵਾਬ ਦੇਣ ਤੋਂ ਉਪਰੰਤ ਉੱਚ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਨੇ ਇਕ ਹੋਰ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ।

ਇਹ ਵੀ ਪੜ੍ਹੋ : ਬਿਜਲੀ ਮੰਤਰੀ ਹਰਭਜਨ ਸਿੰਘ ਦਾ SC ਵਰਗ ਨੂੰ ਮੁਫ਼ਤ ਬਿਜਲੀ ’ਤੇ ਸਪੱਸ਼ਟੀਕਰਨ, ਕਹੀ ਇਹ ਗੱਲ

ਇਸ ਨਵੀਂ ਗਠਿਤ ਕਮੇਟੀ ਨੇ ਕਾਲਜ ਮੈਨੇਜਮੈਂਟ ਦੇ ਜਵਾਬ ਅਤੇ ਪੁਰਾਣੀ ਕਮੇਟੀ ਦੀ ਰਿਪੋਰਟ ਦੇਖਣ ਉਪਰੰਤ ਆਪਣੀ ਰਿਪੋਰਟ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਦਿੱਤੀ, ਜਿਸ ਤੋਂ ਬਾਅਦ ਇਸ ਰਿਪੋਰਟ ’ਤੇ ਅਗਲੇਰੀ ਕਾਰਵਾਈ ਲਈ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਪਿਛਲੇ ਦਿਨੀਂ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੂੰ ਇਸ ਰਿਪੋਰਟ ਦੇ ਆਧਾਰ ’ਤੇ ਮੁਕੱਦਮਾ ਦਰਜ ਕਰਨ ਦੀ ਹਦਾਇਤ ਕੀਤੀ ਗਈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਕਮੇਟੀ ਨੇ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਦੀ ਪ੍ਰਬੰਧਕ ਕਮੇਟੀ ਦੇ ਖ਼ਿਲਾਫ਼ ਜਾਂਚ ਪੜਤਾਲ ਕਰਦਿਆਂ ਇਹ ਪਾਇਆ ਹੈ ਕਿ ਪ੍ਰਬੰਧਕਾਂ ਵੱਲੋਂ ਫੰਡਾਂ ਦੀ ਗੈਰ-ਕਾਨੂੰਨੀ ਦੁਰਵਰਤੋਂ ਕੀਤੀ ਗਈ ਹੈ। ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਪੁਲਸ ਵਲੋਂ ਮੁਕੱਦਮੇ ’ਚ ਪ੍ਰਬੰਧਕਾਂ ਵੱਲੋਂ 11 ਕਰੋਡ਼ 86 ਲੱਖ 44 ਹਜ਼ਾਰ 105 ਰੁਪਏ ਦਾ ਗਬਨ ਕਰਨਾ ਵੀ ਦਰਜ ਕੀਤਾ ਗਿਆ ਹੈ। ਅਕਾਲ ਡਿਗਰੀ ਕਾਲਜ ਫਾਰ ਵੂਮੈਨ ਸੰਗਰੂਰ ਦੀ ਪ੍ਰਬੰਧਕ ਕਮੇਟੀ ਖ਼ਿਲਾਫ਼ ਵਿਸਤ੍ਰਿਤ ਜਾਂਚ ਕਰਨ ਤੋਂ ਬਾਅਦ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਉਚੇਰੀ ਸਿੱਖਿਆ ਅਤੇ ਭਾਸ਼ਾ ਤੇ ਪੰਜਾਬ ਦੇ ਹੁਕਮਾਂ ’ਤੇ ਜ਼ਿਲ੍ਹਾ ਪੁਲਸ ਸੰਗਰੂਰ ਨੂੰ ਕਾਰਵਾਈ ਕਰਨ ਲਈ ਭੇਜਿਆ। ਸੰਗਰੂਰ ਪੁਲਸ ਵੱਲੋਂ ਪ੍ਰਮੁੱਖ ਸਿੱਖਿਆ ਕ੍ਰਿਸ਼ਨ ਕੁਮਾਰ ਤੇ ਉੱਚ ਪੱਧਰੀ ਜਾਂਚ ਕਮੇਟੀ ਦੀ ਸਿਫ਼ਾਰਿਸ਼ ਤੇ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਦੀ ਪ੍ਰਬੰਧਕ ਕਮੇਟੀ ਦੇ ਖ਼ਿਲਾਫ਼ ਡੀ.ਏ. ਲੀਗਲ ਵਲੋਂ ਸਲਾਹ ਪ੍ਰਾਪਤ ਹੋਣ ਤੋਂ ਬਾਅਦ ਆਈ.ਪੀ.ਸੀ. ਦੀਆਂ ਧਾਰਾਵਾਂ ਤਹਿਤ ਥਾਣਾ ਸਿਟੀ ਸੰਗਰੂਰ 408, 409, 477- ਏ, 120 ਬੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਚੰਡੀਗੜ੍ਹ ’ਚ ਮਾਸਕ ਪਹਿਨਣਾ ਹੋਇਆ ਜ਼ਰੂਰੀ (ਵੀਡੀਓ)

ਹੁਣ ਮੁਕੱਦਮੇ ਦੀ ਅਗਲੀ ਤਫਤੀਸ਼ ਜ਼ਿਲ੍ਹਾ ਪੁਲਸ ਮੁਖੀ ਬਰਨਾਲਾ ਕਰਨਗੇ
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੇ ਮੁਕੱਦਮਾ ਦਰਜ ਹੋਣ ਤੋਂ ਬਾਅਦ ਆਈ. ਜੀ. ਪਟਿਆਲਾ ਨੂੰ ਲਿਖਤੀ ਭੇਜਿਆ ਕਿ ਇਸ ਮੁਕੱਦਮੇ ਦੀ ਅਗਲੀ ਤਫਤੀਸ਼ ਜ਼ਿਲ੍ਹਾ ਸੰਗਰੂਰ ਤੋਂ ਬਾਹਰ ਕਰਵਾਈ ਜਾਵੇ। ਇਸੇ ਤਹਿਤ ਹੀ ਹੁਣ ਇਸ ਕੇਸ ਦੀ ਅਗਲੀ ਪੜਤਾਲ ਜ਼ਿਲ੍ਹਾ ਪੁਲਸ ਮੁਖੀ ਬਰਨਾਲਾ ਕਰਨਗੇ।

ਲੜਕੀਆਂ ਦਾ ਇਕੋ-ਇਕ ਡਿਗਰੀ ਕਾਲਜ ਹਰ ਹਾਲਤ ’ਚ ਰੱਖਿਆ ਜਾਵੇਗਾ ਕਾਇਮ : ਨਰਿੰਦਰ ਭਰਾਜ
ਅਕਾਲ ਡਿਗਰੀ ਕਾਲਜ ਫਾਰ ਵੂਮੈਨ ਸੰਗਰੂਰ ਦੀ ਪ੍ਰਬੰਧਕ ਕਮੇਟੀ ਖ਼ਿਲਾਫ਼ ਪੁਲਸ ਵੱਲੋਂ ਪਰਚਾ ਦਰਜ ਕਰਨ ਤੋਂ ਪਿੱਛੋਂ ਮਾਮਲੇ ਦੇ ਫਿਰ ਤੋਂ ਗਰਮਾ ਜਾਣ ਦੇ ਚੱਲਦਿਆਂ ਸੰਗਰੂਰ ਤੋਂ ਵਿਧਾਇਕਾ ਬੀਬਾ ਨਰਿੰਦਰ ਕੌਰ ਭਰਾਜ ਨੇ ਕਿਹਾ ਹੈ ਕਿ ਲੜਕੀਆਂ ਦਾ ਇਹ ਕਾਲਜ ਲੋਕਾਂ ਦੇ ਦਾਨ ਦੇ ਸਹਾਰੇ ਬਣਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਤੋਂ ਸਹਾਇਤਾ ਪ੍ਰਾਪਤ ਹੈ ਪਰ ਇਥੋਂ ਦੀ ਪ੍ਰਬੰਧਕ ਕਮੇਟੀ ਲੰਮੇ ਸਮੇਂ ਤੋਂ ਇਸ ਡਿਗਰੀ ਕਾਲਜ ਵਿਖੇ ਲੜਕੀਆਂ ਦੀਆਂ ਬੀ. ਏ. ਵਗੈਰਾ ਦੀਆਂ ਕਲਾਸਾਂ ਨੂੰ ਬੰਦ ਕਰ ਕੇ ਇਥੇ ਪ੍ਰੋਫੈਸ਼ਨਲ ਕੋਰਸ ਸ਼ੁਰੂ ਕਰ ਕੇ ਇਥੇ ਸਿੱਖਿਆ ਦਾ ਵਪਾਰ ਚਲਾਉਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਬਲਕਿ ਇਥੇ ਲੜਕੀਆਂ ਦੀ ਚੱਲ ਰਹੀ ਪੜ੍ਹਾਈ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਵਿਧਾਇਕਾ ਬੀਬਾ ਭਰਾਜ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਆਮ ਆਦਮੀ ਪਾਰਟੀ ਦਾ ਪਹਿਲਾ ਕੰਮ ਹੈ। ਇਕ ਮਹਿਲਾ ਵਿਧਾਇਕ ਹੋਣ ਦੇ ਨਾਤੇ ਉਸ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਇਸ ਲੜਕੀਆਂ ਦੇ ਇਕੋ ਇਕੋ ਕਾਲਜ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਜਾਵੇ। ਬੀਬਾ ਭਰਾਜ ਨੇ ਹੋਰ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਤੋਂ ਪੂਰੀ ਤਰ੍ਹਾਂ ਵਾਕਫ ਹਨ ਅਤੇ ਇਥੇ ਲੋਕਾਂ ਦੀ ਰਾਇ ਦੇ ਉਲਟ ਕੁਝ ਵੀ ਨਹੀਂ ਹੋਣ ਦਿੱਤਾ ਜਾਵੇਗਾ।   


Manoj

Content Editor

Related News