ਪਤੀ ਨੇ ਘਰੇਲੂ ਝਗੜੇ ਮਗਰੋਂ ਕ੍ਰਿਪਾਨ ਮਾਰ ਕੇ ਕੀਤਾ ਪਤਨੀ ਦਾ ਕਤਲ

11/17/2019 12:41:32 PM

ਅਹਿਮਦਗੜ੍ਹ (ਇਰਫਾਨ, ਪੁਰੀ) : ਥਾਣਾ ਸਿਟੀ ਵਿਖੇ ਕਤਲ ਦਾ ਇਕ ਮਾਮਲਾ ਦਰਜ ਕੀਤਾ ਗਿਆ ਹੈ। ਸ਼ਹਿਰ ਦੇ ਦਹਿਲੀਜ ਰੋਡ ਵਿਖੇ ਰਹਿੰਦੇ ਰਵੀ ਲਾਲ ਪੁੱਤਰ ਬਾਲ ਕ੍ਰਿਸ਼ਨ ਵਲੋਂ ਆਪਣੀ ਪਤਨੀ ਬਿਮਲਾ ਰਾਣੀ ਉਰਫ ਬੰਦਨਾ ਸ਼ਰਮਾ ਨੂੰ ਕ੍ਰਿਪਾਨ ਨਾਲ ਮਾਰਨ ਦਾ ਮਾਮਲਾ ਸਾਹਮਣਾ ਆਇਆ ਹੈ।

ਥਾਣਾ ਸਿਟੀ ਵਿਖੇ ਮ੍ਰਿਤਕਾ ਦੀ ਭੈਣ ਪ੍ਰਮੋਦ ਰਾਣੀ ਪਤਨੀ ਕ੍ਰਿਸ਼ਨ ਲਾਲ ਨੇ ਬਿਆਨ ਦਰਜ ਕਰਵਾਏ ਕੇ 15 ਸਾਲ ਪਹਿਲਾਂ ਉਹ ਅਤੇ ਉਸ ਦੀ ਭੈਣ ਇਕੋ ਘਰ ਵਿਆਹੀਆਂ ਸਨ। ਉਸ ਦੀ ਭੈਣ ਦੀ ਇਕ ਲੜਕੀ (14) ਹੈ। ਉਸ ਨੇ ਦੱਸਿਆ ਕਿ ਬਿਮਲਾ ਰਾਣੀ ਜਾਗਰਣ 'ਤੇ ਭੇਟਾਂ ਗਾਉਂਦੀ ਸੀ, ਜਿਸ ਨਾਲ ਘਰ ਦਾ ਗੁਜ਼ਾਰਾ ਹੁੰਦਾ ਸੀ ਤੇ ਉਸ ਦਾ ਪਤੀ ਰਵੀ ਲਾਲ ਕੁੱਝ ਨਹੀਂ ਸੀ ਕਰਦਾ ਤੇ ਉਹ ਆਪਣੇ ਨਸ਼ੇ ਲਈ ਵੀ ਉਸ ਦੀ ਭੈਣ ਤੋਂ ਪੈਸੇ ਮੰਗਦਾ ਰਹਿੰਦਾ ਸੀ, ਜਿਸ ਕਾਰਨ ਇਨ੍ਹਾਂ ਦੋਵਾਂ 'ਚ ਝਗੜਾ ਹੋਣ ਲੱਗ ਗਿਆ ਸੀ। 14 ਨਵੰਬਰ ਦੀ ਰਾਤ ਨੂੰ ਵੀ ਇਨ੍ਹਾਂ 'ਚ ਝਗੜਾ ਹੋਇਆ ਸੀ। 15 ਨਵੰਬਰ ਦੀ ਸਵੇਰੇ ਜਦੋਂ ਉਹ ਕਮਰੇ ਦੇ ਬਾਹਰ ਭਾਂਡੇ ਮਾਂਜ ਰਹੀ ਸੀ ਤਾਂ ਕਮਰੇ ਦੇ ਅੰਦਰੋਂ ਗਾਲੀ-ਗਲੋਚ ਹੋਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਤੇ ਜਦੋਂ ਉਹ ਭੱਜ ਕੇ ਅੰਦਰ ਗਈ ਤਾਂ ਰਵੀ ਲਾਲ ਨੇ ਉਦੋਂ ਤੱਕ ਉਸ ਦੀ ਭੈਣ ਬਿਮਲਾ ਰਾਣੀ ਦੇ ਪੇਟ ਵਿਚ ਕ੍ਰਿਪਾਨ ਮਾਰ ਦਿੱਤੀ ਸੀ। ਜਦੋਂ ਉਹ ਦੂਸਰੀ ਵਾਰ ਮਾਰਨ ਲੱਗਾ ਤਾਂ ਉਸ ਨੇ ਰਵੀ ਨੂੰ ਫੜ ਲਿਆ ਪਰ ਉਹ ਉਸ ਨੂੰ ਧੱਕਾ ਮਾਰ ਕੇ ਕ੍ਰਿਪਾਨ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਪ੍ਰਮੋਦ ਰਾਣੀ ਨੇ ਅੱਗੇ ਦੱਸਿਆ ਕਿ ਜਦੋਂ ਉਹ ਬਿਮਲਾ ਰਾਣੀ ਨੂੰ ਸਰਕਾਰੀ ਹਸਪਤਾਲ ਅਹਿਮਦਗੜ੍ਹ ਵਿਖੇ ਲੈ ਕੇ ਗਏ ਤਾਂ ਉਨ੍ਹਾਂ ਫਸਟ ਏਡ ਦੇ ਕੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਪਰ ਉਹ ਉਸ ਨੂੰ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਲੈ ਗਏ, ਜਿਨ੍ਹਾਂ ਨੇ ਸੰਗਰੂਰ ਹਸਪਤਾਲ ਵਿਖੇ ਭੇਜ ਦਿੱਤਾ। ਉੱਥੇ ਪਹੁੰਚਣ 'ਤੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਥਾਣਾ ਮੁਖੀ ਅਮਨਦੀਪ ਕੌਰ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਕਥਿਤ ਦੋਸ਼ੀ ਖਿਲਾਫ ਆਈ.ਪੀ.ਸੀ. ਦੀ ਧਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।


cherry

Content Editor

Related News