ਏਜੰਡਾ ਜਾਰੀ :48 ਘੰਟਿਅਾਂ ਦਾ ਕੌਂਸਲਰਾਂ ਨੂੰ ਨੋਟਿਸ
Thursday, Nov 29, 2018 - 06:27 AM (IST)

ਪਟਿਆਲਾ/ਸਨੌਰ, (ਜੋਸਨ)- ਕਾਂਗਰਸ ਪਾਰਟੀ ਤੇ ਅਕਾਲੀ ਦਲ ਲਈ ਸਿਰਧਡ਼ ਦੀ ਬਾਜ਼ੀ ਬਣੀ ਨਗਰ ਕੌਂਸਲ ਸਨੌਰ ਦੇ ਮੀਤ ਪ੍ਰਧਾਨ ਦੀ ਚੋਣ ਲਈ ਹੁਣ 30 ਨਵੰਬਰ ਨੂੰ ਦੂਜੀ ਵਾਰ ਫਿਰ ਚੋਣ ਕਰਵਾਉਣ ਲਈ ਡੀ. ਸੀ. ਪਟਿਆਲਾ ਦੇ ਹੁਕਮਾਂ ’ਤੇ ਏਜੰਡਾ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 25 ਨਵੰਬਰ ਨੂੰ ਕਾਂਗਰਸ ਦਾ ਥਾਪਡ਼ਾ ਪ੍ਰਾਪਤ ਕੌਂਸਲਰ ਹਰਜਿੰਦਰ ਸਿੰਘ ਹਰੀਕਾ 7 ਕੌਂਸਲਰ ਲੈ ਕੇ ਨਗਰ ਕੌਂਸਲ ਪੁੱਜੇ ਸਨ। ਕੋਰਮ ਪੂਰਾ ਕਰਨ ਲਈ 8 ਕੌਂਸਲਰਾਂ ਦੀ ਲੋਡ਼ ਸੀ ਜਿਸ ਕਾਰਨ ਇਹ ਚੋਣ ਕੋਰਮ ਪੂਰਾ ਨਾ ਹੋਣ ਕਾਰਨ ਰੱਦ ਕਰ ਦਿੱਤੀ ਗਈ ਸੀ।
ਨਗਰ ਕੌਂਸਲ ਦੇ ਈ. ਓ. ਰਾਕੇਸ਼ ਅਰੋਡ਼ਾ ਨੇ ਕਿਹਾ ਕਿ ਅਸੀਂ ਡੀ. ਸੀ. ਸਾਹਿਬ ਤੇ ਐੱਸ. ਡੀ. ਐੱਮ. ਸਾਹਿਬ ਦੇ ਆਏ ਹੁਕਮਾਂ ਦਾ ਪਾਲਣ ਕਰ ਰਹੇ ਹਾਂ। ਸਾਨੂੰ ਲਿਖਤੀ ਰੂਪ ਵਿਚ ਆਦੇਸ਼ ਪ੍ਰਾਪਤ ਹੋਏ ਹਨ ਕਿ 30 ਨਵੰਬਰ ਨੂੰ ਸਵੇਰੇ 10.30 ਵਜੇ ਮੁਡ਼ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਕਰਵਾਈ ਜਾਵੇ। ਅਸੀਂ ਇਸ ਤਹਿਤ ਅੱਜ ਹੀ ਏਜੰਡਾ ਸਮੂਹ ਕੌਂਸਲਰ ਸਾਹਿਬਾਨ ਨੂੰ ਪਹੁੰਚਾ ਦਿੱਤਾ ਹੈ।
ਫਿਰ ਗਰਮਾਈ ਸਨੌਰ ਦੀ ਰਾਜਨੀਤੀ
30 ਨਵੰਬਰ ਨੂੰ ਮੁਡ਼ ਮੀਤ ਪ੍ਰਧਾਨ ਦੀ ਚੋਣ ਰੱਖਣ ਨਾਲ ਇਕ ਵਾਰ ਫਿਰ ਸਨੌਰ ਦੀ ਰਾਜਨੀਤੀ ਗਰਮਾ ਗਈ ਹੈ। ਅਕਾਲੀ ਦਲ ਤੇ ਕਾਂਗਰਸ ਆਪੋ-ਆਪਣੇ ਕੌਂਸਲਰਾਂ ਨੂੰ ਸਾਂਭਣ ਲੱਗੇ ਹੋਏ ਹਨ। ਅੱਜ ਜਿਉਂ ਹੀ ਦੁਪਹਿਰ ਨੂੰ ਇਹ ਖਬਰ ਆਈ ਕਿ ਏਜੰਡਾ ਜਾਰੀ ਹੋ ਰਿਹਾ ਹੈ ਤਾਂ ਦੋਵੇਂ ਧਿਰਾਂ ਆਪੋ-ਆਪਣੇ ਕੌਂਸਲਰਾਂ ਨਾਲ ਸੰਪਰਕ ਬਣਾਉਣ ਲੱਗੀਆਂ। ਕਈ ਕੌਂਸਲਰਾਂ ਨੂੰ ਅਕਾਲੀ ਦਲ ਤੇ ਕਈਆਂ ਨੂੰ ਕਾਂਗਰਸ ਨੇ ਆਪਣੇ ਨਾਲ ਲਿਆ ਹੋਇਆ ਹੈ।
ਮੇਰੀ ਸੁਪਤਨੀ ਮੇਰੇ ਕੋਲ ਹੀ ਹੈ : ਸੁਖਮਿੰਦਰ ਸਿੰਘ
ਵਾਰਡ ਨੰਬਰ 10 ਤੋਂ ਕੌਂਸਲਰ ਨਵਿਤਾ ਦੇਵੀ ਦੇ ਪਤੀ ਤੇ ਸਨੌਰ ਵਾਸੀ ਸੁਖਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੁਪਤਨੀ ਅਤੇ ਕੌਂਸਲਰ ਨਵਿਤਾ ਦੇਵੀ ਉਨ੍ਹਾਂ ਦੇ ਪਰਿਵਾਰ ਕੋਲ ਹੀ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿਤੀ ਸੀ ਪਰ ਨਵਿਤਾ ਉਨ੍ਹਾਂ ਕੋਲ ਹੀ ਹਨ। ਉਨ੍ਹਾਂ ਸਾਰੀਆਂ ਅਫਵਾਹਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਹੀ ਜਿਥੇ ਖਡ਼੍ਹੇ ਸਨ, ਅੱਜ ਵੀ ਉਥੇ ਹੀ ਹਨ।