ਮਾਮੂਲੀ ਬਹਿਸ ਤੋਂ ਬਾਅਦ ਨੌਜਵਾਨਾਂ ਨੇ ਟਰੱਕ ਤੇ ਬਾਈਕ ਨੂੰ ਲਾਈ ਅੱਗ

10/20/2019 1:51:58 AM

ਪੰਚਕੂਲਾ, (ਚੰਦਨ)- ਸੈਕਟਰ-3 ’ਚ ਸ਼ੁੱਕਰਵਾਰ ਦੇਰ ਰਾਤ ਟਰੱਕ ਚਾਲਕ ਨਾਲ ਮਾਮੂਲੀ ਕਿਹਾ-ਸੁਣੀ ਹੋਣ ਤੋਂ ਬਾਅਦ 8 ਤੋਂ 10 ਲਡ਼ਕਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਟਰੱਕ ਤੇ ਬਾਈਕ ਨੂੰ ਅੱਗ ਲਾ ਦਿੱਤੀ। ਪੁਲਸ ਨੇ ਟਰੱਕ ਡਰਾਈਵਰ ਦੀ ਸ਼ਿਕਾਇਤ ’ਤੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੈਕਟਰ-21 ਪੁਲਸ ਚੌਕੀ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਟਰੱਕ ਦੀ ਪਾਰਕਿੰਗ ਨੂੰ ਲੈ ਕੇ ਹੋਇਆ ਸੀ ਵਿਵਾਦ 

ਟਰੱਕ ਡਰਾਈਵਰ ਬਰਵਾਲਾ ਨਿਵਾਸੀ ਭੁਪਿੰਦਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਹ ਸ਼ੁੱਕਰਵਾਰ ਰਾਤ ਸੈਕਟਰ-3 ’ਚ ਜ਼ੀਰੀ ਦੀਆਂ ਬੋਰੀਆਂ ਲੋਡ ਕਰਨ ਲਈ ਆਇਆ ਸੀ। ਉਸ ਨੇ ਟਰੱਕ ਸਡ਼ਕ ’ਤੇ ਖਡ਼੍ਹਾ ਕੀਤਾ ਹੋਇਆ ਸੀ। ਰਾਤ ਸਾਢੇ ਬਾਰ੍ਹਾਂ ਵਜੇ ਇਕ ਕਾਰ ’ਚ 2 ਨੌਜਵਾਨ ਆਏ ਅਤੇ ਭੁਪਿੰਦਰ ਨਾਲ ਟਰੱਕ ਪਾਰਕਿੰਗ ਨੂੰ ਲੈ ਕੇ ਬਹਿਸ ਕਰਨ ਲੱਗੇ। ਬਹਿਸ ਵਧਦੇ-ਵਧਦੇ ਹੱਥੋਪਾਈ ਤੱਕ ਪਹੁੰਚ ਗਈ। ਇਸ ਤੋਂ ਬਾਅਦ ਦੋਵੇਂ ਉੱਥੋਂ ਚਲੇ ਗਏ ਅਤੇ ਥੋਡ਼੍ਹੀ ਦੇਰ ਬਾਅਦ ਆਪਣੇ ਨਾਲ 8 ਤੋਂ 10 ਨੌਜਵਾਨਾਂ ਨੂੰ ਹੋਰ ਲਿਆਏ। ਉਨ੍ਹਾਂ ਨੇ ਰਾਡ, ਲਾਠੀ ਅਤੇ ਡੰਡਿਆਂ ਨਾਲ ਭੁਪਿੰਦਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਥੇ ਮੌਜੂਦ ਲੇਬਰ ਵਾਲਿਆਂ ਨੂੰ ਵੀ ਮੁਲਜ਼ਮਾਂ ਨੇ ਕੁੱਟਿਆ ਅਤੇ ਟਰੱਕ ਤੇ ਬਾਈਕ ’ਚ ਅੱਗ ਲਾ ਦਿੱਤੀ ਅਤੇ ਕੋਲ ਖਡ਼੍ਹੇ ਟਰੈਕਟਰ ਦੀ ਵੀ ਤੋੜ-ਭੰਨ ਕੀਤੀ। ਤਿੰਨ ਤੋਂ ਚਾਰ ਲੋਕਾਂ ਨੂੰ ਜ਼ਖ਼ਮੀ ਕਰ ਕੇ ਮੌਕੇ ਤੋਂ ਕਾਰ ’ਚ ਫਰਾਰ ਹੋ ਗਏ। ਮੌਕੇ ’ਤੇ ਮੌਜੂਦ ਹੋਰ ਲੋਕਾਂ ਨੇ ਪੱਥਰ ਮਾਰ ਕੇ ਦੋਸ਼ੀਆਂ ਦੀ ਕਾਰ ਦਾ ਸ਼ੀਸ਼ਾ ਤੋਡ਼ ਦਿੱਤਾ। ਲੋਕਾਂ ਨੇ ਜ਼ਖ਼ਮੀ ਭੁਪਿੰਦਰ, ਸੰਜੇ ਅਤੇ ਹੋਰ ਨੂੰ ਜਨਰਲ ਹਸਪਤਾਲ ਪਹੁੰਚਾਇਆ। ਫਾਇਰ ਬ੍ਰਿਗੇਡ ਨੇ ਟਰੱਕ ਅਤੇ ਬਾਈਕ ’ਚ ਲੱਗੀ ਅੱਗ ਬੁਝਾਈ। ਸੈਕਟਰ-21 ਪੁਲਸ ਨੇ ਭੁਪਿੰਦਰ ਦੀ ਸ਼ਿਕਾਇਤ ’ਤੇ ਵਿਵੇਕ, ਅੰਕਿਤ, ਸੰਨੀ ਅਤੇ 7 ਹੋਰ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਕੇ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਹਿਚਾਣ ਪੀਰ ਮੁਛੱਲਾ ਨਿਵਾਸੀ ਵਿਵੇਕ, ਅੰਕਿਤ ਅਤੇ ਇਕ ਹੋਰ ਮੁਲਜ਼ਮ ਦੇ ਰੂਪ ’ਚ ਹੋਈ ਹੈ।

 


KamalJeet Singh

Content Editor

Related News