ਗੰਨ ਕਲਚਰ ਨੂੰ ਪ੍ਰਮੋਟ ਕਰਨ ਖ਼ਿਲਾਫ਼ ਪ੍ਰਸ਼ਾਸਨ ਸਖ਼ਤ, 4 ਖ਼ਿਲਾਫ਼ ਪਰਚਾ ਦਰਜ

11/24/2022 1:29:17 PM

ਭਵਾਨੀਗੜ੍ਹ (ਵਿਕਾਸ) : ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਦੇ ਖ਼ਿਲਾਫ਼ ਮੁਹਿੰਮ ਛੇੜੀ ਗਈ ਹੈ। ਜਿਸਦੇ ਅਧੀਨ ਭਵਾਨੀਗੜ੍ਹ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਸੋਸ਼ਲ ਮੀਡਿਆ ਪਲੇਟਫਾਰਮ ’ਤੇ ਹਥਿਆਰਾਂ ਦੀਆਂ ਫੋਟੋਆਂ ਅਪਲੋਡ ਕਰਨ ਦੇ ਦੋਸ਼ ਹੇਠ ਕਾਂਗਰਸੀ ਆਗੂ ਬਲਾਕ ਸੰਮਤੀ ਭਵਾਨੀਗੜ੍ਹ ਦੇ ਚੇਅਰਮੈਨ ਵਰਿੰਦਰ ਕੁਮਾਰ ਦੇ ਪੁੱਤ ਸਮੇਤ 4 ਲੋਕਾਂ ਖਿਲਾਫ਼ ਪਰਚਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਪਹਿਲੇ ਮਾਮਲੇ 'ਚ ਮੁਖਬਰ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਸੁਖਦੇਵ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਹਰੀਗੜ੍ਹ (ਦਿੜ੍ਹਬਾ) ਦਾ ਇੰਸਟਾਗ੍ਰਾਮ ਅਕਾਊਂਟ ’ਤੇ ਨਾਮ ‘ਸੁਖੀਮੇਰਾ’ ਹੈ ਜੋ ਆਪਣੇ ਉਕਤ ਸੋਸ਼ਲ ਅਕਾਊਂਟ ’ਤੇ ਹਥਿਆਰਾਂ ਦੀਆਂ ਫੋਟੋਆਂ ਅਪਲੋਡ ਕਰਦਾ ਹੈ ਜਿਸ ਨਾਲ ਨੌਜਵਾਨ ਪੀੜ੍ਹੀ ਉੱਪਰ ਬੁਰਾ ਅਸਰ ਪੈਂਦਾ ਹੈ। ਦੋਸ਼ ਹੈ ਕਿ ਸੁਖਦੇਵ ਸਿੰਘ ਨੇ ਅਜਿਹਾ ਕਰਕੇ ਮਾਨਯੋਗ ਮੈਜੀਸਟ੍ਰੇਟ ਸੰਗਰੂਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਮਾਮਲਾ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਉਕਤ ਸੁਖਦੇਵ ਸਿੰਘ ਖਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਦੂਜੇ ਮਾਮਲੇ ’ਚ ਪੁਲਸ ਵੱਲੋਂ ਕੁਲਜੀਤ ਸਿੰਘ ਪੁੱਤਰ ਵਰਿੰਦਰ ਕੁਮਾਰ ਵਾਸੀ ਪੰਨਵਾਂ ਤੇ ਉਸਦੇ ਦੋ ਸਾਥੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। 

ਦੋਸ਼ ਹੈ ਕਿ ਉਕਤ ਕੁਲਜੀਤ ਸਿੰਘ ਆਪਣੇ ਫੇਸਬੁੱਕ ਅਕਾਊਂਟ ’ਤੇ ਹਥਿਆਰਾਂ ਦੀਆਂ ਫੋਟੋਆਂ ਅਪਲੋਡ ਕਰਕੇ ਆਪਣੇ ਦੋਸਤਾਂ ਯਾਦੀ ਸਿਆਲ ਤੇ ਰਸ਼ਪਿੰਦਰ ਸਿੰਘ ਪੂਨੀਆ ਨੂੰ ਟੈਗ ਕਰਦਾ ਹੈ। ਜਿਸ ਨਾਲ ਨੌਜਵਾਨ ਪੀੜ੍ਹੀ ’ਤੇ ਬੁਰਾ ਅਸਰ ਪੈਂਦਾ ਹੈ। ਥਾਣਾ ਮੁਖੀ ਬਾਜਵਾ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੇ ਉਕਤ ਕੁਲਜੀਤ ਸਿੰਘ ਤੇ ਉਸਦੇ ਸਾਥੀਆਂ ਯਾਦੀ ਸਿਆਲ ਸਮੇਤ ਰਸ਼ਪਿੰਦਰ ਸਿੰਘ ਪੂਨੀਆ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਾਜਵਾ ਨੇ ਦੱਸਿਆ ਕਿ ਦੋਵਾਂ ਮਾਮਲਿਆਂ ’ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਫਿਲਹਾਲ ਬਾਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨਾਲ ਹੀ ਪ੍ਰਸ਼ਾਸਨ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਕਿ ਲੋਕ ਕਿਸੇ ਵੀ ਪੱਧਰ ’ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਤੋਂ ਗੁਰੇਜ ਕਰਨ ਤੇ ਇਸ ਸਬੰਧੀ ਆਪਣੇ ਸੋਸ਼ਲ ਅਕਾਊਂਟਸ ’ਤੇ ਅਪਲੋਡ ਕੀਤੀਆਂ ਹਥਿਆਰਾਂ ਨੂੰ ਪ੍ਰਦਰਸ਼ਿਤ ਕਰਦੀਆਂ ਪੋਸਟਾਂ ਨੂੰ ਤੁਰੰਤ ਹਟਾ ਦੇਣ। 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News