ਨਿਰਮਾਣ ਕੰਮ ’ਤੇ ਉਠੇ ਸਵਾਲ 18 ਸਾਲਾਂ ਬਾਅਦ ਬਣੀ ਸੜਕ 18 ਦਿਨਾਂ ’ਚ ਉਖਡ਼ੀ

Friday, Nov 23, 2018 - 03:59 AM (IST)

ਨਿਰਮਾਣ ਕੰਮ ’ਤੇ ਉਠੇ ਸਵਾਲ 18 ਸਾਲਾਂ ਬਾਅਦ ਬਣੀ ਸੜਕ 18 ਦਿਨਾਂ ’ਚ ਉਖਡ਼ੀ

ਮਾਛੀਵਾਡ਼ਾ ਸਾਹਿਬ, (ਟੱਕਰ, ਸਚਦੇਵਾ)- ਕਾਂਗਰਸ ਸਰਕਾਰ ਨੇ ਹਲਕਾ ਸਮਰਾਲਾ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਲਈ ਕਰੋਡ਼ਾਂ ਰੁਪਏ ਦੀ ਗ੍ਰਾਂਟ ਜਾਰੀ ਕਰ ਕੇ ਉਨ੍ਹਾਂ ਦਾ ਨਿਰਮਾਣ ਸ਼ੁਰੂ ਕਰਵਾਇਆ ਹੋਇਆ ਹੈ ਪਰ ਲੰਮੇ ਇੰਤਜ਼ਾਰ ਤੋਂ ਬਾਅਦ ਇਨ੍ਹਾਂ ਖਸਤਾ ਹਾਲਤ ਸੜਕਾਂ ਦੇ ਕੰਮਾਂ ਤੇ ਮੈਟੀਰੀਅਲ ਦੀ ਗੁਣਵੱਤਾ ’ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਮਾਛੀਵਾਡ਼ਾ ਦੇ ਬੇਟ ਖੇਤਰ ਦੇ ਪਿੰਡ ਭਗਵਾਨਪੁਰ ਤੋਂ ਮੁਗਲੇਵਾਲ ਨੂੰ ਜਾਂਦੀ ਕੱਚੀ ਸੜਕ ਦਾ 1997 ਤੋਂ 2002 ਦੇ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਉਸ ਵੇਲੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਯਤਨਾਂ ਸਦਕਾ  ਨਵ-ਨਿਰਮਾਣ ਕੀਤਾ ਗਿਆ ਸੀ। ਉਸ ਤੋਂ ਬਾਅਦ 18 ਸਾਲ ਇਸ ਸੜਕ ਦੀ ਕਿਸੇ ਵੀ ਸਰਕਾਰ ਨੇ ਸਾਰ ਨਾ ਲਈ, ਜਿਸ ਕਾਰਨ ਇਸ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਸੀ। ਹੁਣ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਪਹਿਲ ਦੇ ਅਾਧਾਰ ’ਤੇ ਡੇਢ ਕਿਲੋਮੀਟਰ ਇਸ ਲੰਮੀ  ਸੜਕ ਦੀ ਮੁਰੰਮਤ ਲਈ ਗ੍ਰਾਂਟ ਜਾਰੀ ਕਰਵਾ ਕੇ ਇਸ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਸੀ। ਸੜਕ ਦੀ ਮੁਰੰਮਤ ਦਾ ਕੰਮ ਖ਼ਤਮ ਹੋਇਅਾਂ ਨੂੰ ਅਜੇ 18 ਦਿਨ ਵੀ ਨਹੀਂ ਹੋਏ ਕਿ ਇਸ  ਸੜਕ ’ਤੇ ਪਾਈ ਨਵੀਂ ਪ੍ਰੀਮਿਕਸ ਉਖਡ਼ਨੀ ਸ਼ੁਰੂ ਹੋ ਗਈ। ਆਮ ਆਦਮੀ ਪਾਰਟੀ ਆਗੂ ਜਗਮੀਤ ਸਿੰਘ ਮੱਕਡ਼ ਨੇ ਇਸ ਨਵੀਂ ਬਣੀ  ਸੜਕ ਦੀ ਹਾਲਤ ਦਿਖਾਉਂਦਿਅਾਂ ਦੱਸਿਆ ਕਿ  ਸੜਕ ਦੀ ਸ਼ੁਰੂਆਤ ਤੋਂ ਹੀ 100 ਫੁੱਟ ਲੰਮੇ ਹਿੱਸੇ ਦੀ ਪ੍ਰੀਮਿਕਸ ਬੱਜਰੀ ਹੱਥਾਂ ਨਾਲ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਇਸ ਉਖਡ਼ਦੀ ਜਾ ਰਹੀ  ਸੜਕ ਵਿਚ ਲੁੱਕ ਦੀ ਮਾਤਰਾ ਬਹੁਤ ਘੱਟ ਦਿਖਾਈ ਦੇ ਰਹੀ ਹੈ। 
‘ਆਪ’ ਆਗੂ ਨੇ ਦੱਸਿਆ ਕਿ ਭਗਵਾਨਪੁਰ ਤੋਂ ਮੁਗਲੇਵਾਲ ਨੂੰ ਜਾਂਦੀ  ਸੜਕ ’ਤੇ ਆਵਾਜਾਈ ਬਹੁਤ ਹੀ ਘੱਟ ਹੈ ਪਰ ਇਸ ਦੇ ਬਾਵਜੂਦ ਕੁਝ ਹੀ ਦਿਨਾਂ ਵਿਚ  ਨਵੀਂ ਬਣੀ  ਸੜਕ ਦਾ ਉਖਡ਼ਣਾ ਸਰਕਾਰ ਤੇ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ। ਉਨ੍ਹਾਂ ਕਿਹਾ ਕਿ ਬੇਟ ਇਲਾਕੇ ਦੀਆਂ  ਸੜਕਾਂ ਦੀ ਤਾਂ ਪਹਿਲਾਂ ਹੀ ਬਹੁਤ ਖਸਤਾ ਹਾਲਤ ਹੈ ਤੇ ਜੇਕਰ ਹੁਣ ਬਣਨੀਆਂ ਸ਼ੁਰੂ ਹੋਈਆਂ ਹਨ ਤਾਂ ਕੁਝ ਹੀ ਦਿਨਾਂ ਬਾਅਦ ਇਨ੍ਹਾਂ ਦਾ ਉਖੜਣਾ ਬਹੁਤ ਹੀ ਮੰਦਭਾਗਾ ਹੈ। 
 ਕੀ ਕਹਿਣਾ ਹੈ ਅਧਿਕਾਰੀ ਦਾ
 ਸੜਕ ਨਾਲ ਸਬੰਧਿਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਬਲਜੀਤ ਸਿੰਘ ਨੇ ਕਿਹਾ ਕਿ ਭਗਵਾਨਪੁਰ ਤੋਂ ਮੁਗਲੇਵਾਲ ਨੂੰ ਜਾਂਦੀ  ਸੜਕ ਦਾ ਨਿਰਮਾਣ ਕਾਰਜ ਅਜੇ ਮੁਕੰਮਲ ਨਹੀਂ ਹੋਇਆ ਤੇ ਡੇਢ ਕਿਲੋਮੀਟਰ ਲੰਬੀ  ਸੜਕ ਦਾ ਕੇਵਲ 100 ਮੀਟਰ ਜੋ ਹਿੱਸਾ ਰਹਿੰਦਾ ਹੈ ਉਸ ਨੂੰ ਸੀਲਕੋਟ ਲਾ ਕੇ ਮੁਕੰਮਲ ਕਰਨਾ ਹੈ। ਉਨ੍ਹਾਂ ਕਿਹਾ ਕਿ  ਸੜਕ ਦੀ ਗੁਣਵੱਤਾ ਵਿਚ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਂਦਾ। 


Related News